ਅਕਸਰ ਅਸੀਂ ਜੀਵਨ 'ਚ ਮਿੱਥੇ ਟੀਚਿਆਂ ਨੂੰ ਇਸ ਲਈ ਹਾਸਲ ਨਹੀਂ ਕਰ ਪਾਉਂਦੇ ਹਾਂ ਕਿਉਂਕਿ ਸਾਡੀ ਕੋਸ਼ਿਸ਼ ਦੀ ਦਿਸ਼ਾ ਸਹੀ ਨਹੀਂ ਹੁੰਦੀ। ਦਰਅਸਲ, ਜਦ ਤਕ ਅਸੀਂ ਇਹ ਗੱਲ ਨਹੀਂ ਸਮਝਾਂਗੇ ਕਿ ਹਾਲਾਤ ਜੀਵਨ ਨਹੀਂ ਹੈ ਅਤੇ ਜੀਵਨ ਹਾਲਾਤ ਨਹੀਂ ਹੈ ਤਦ ਤਕ ਸਾਨੂੰ ਸਫਲਤਾ ਦੀ ਕੁੰਜੀ ਨਹੀਂ ਮਿਲੇਗੀ। ਦਰਅਸਲ, ਜੀਵਨ ਉਸ ਨੂੰ ਕਿਹਾ ਜਾਂਦਾ ਹੈ ਜਿਸ ਨੂੰ ਮੌਤ ਛੂਹ ਨਾ ਸਕੇ, ਜਿੱਥੇ ਕੋਈ ਦੁੱਖ, ਨਿਰਾਸ਼ਾ, ਗਿਲਾ-ਸ਼ਿਕਵਾ ਜਾਂ ਉਦਾਸੀਨਤਾ ਨਾ ਹੋਵੇ। ਹਾਲਾਤ ਨੂੰ ਮੌਤ ਛੂਹ ਸਕਦੀ ਹੈ ਪਰ ਜੀਵਨ ਨੂੰ ਨਹੀਂ ਪਰ ਦੁੱਖ ਦੀ ਗੱਲ ਹੈ ਕਿ ਅਸੀਂ ਹਾਲਾਤ ਨੂੰ ਹੀ ਜੀਵਨ ਮੰਨ ਬੈਠਦੇ ਹਾਂ। ਇਸ ਲਈ ਉਨ੍ਹਾਂ ਵਿਚ ਬੱਝ ਜਾਂਦੇ ਹਾਂ। ਇਹ ਬੰਧਨ ਹੀ ਸਾਨੂੰ ਭੈਅਭੀਤ, ਮੋਹ ਯੁਕਤ ਤੇ ਪਰੇਸ਼ਾਨ ਕਰ ਦਿੰਦਾ ਹੈ। ਜੇਕਰ ਸਾਨੂੰ ਇਨ੍ਹਾਂ ਦੋਵਾਂ ਦਾ ਫ਼ਰਕ ਸਮਝ ਵਿਚ ਆ ਜਾਵੇਗਾ ਤਾਂ ਸਾਰੇ ਦੁੱਖਾਂ ਦੀ ਸਮਾਪਤੀ ਹੋ ਜਾਵੇਗੀ। ਭੈਅ ਅਤੇ ਲਗਾਅ ਦੀ ਅਣਹੋਂਦ ਸਾਡੇ ਚਿੱਤ ਨੂੰ ਸਾਰੇ ਦੋਸ਼ਾਂ ਤੋਂ ਮੁਕਤ ਕਰ ਦੇਵੇਗੀ ਜਿਸ ਕਾਰਨ ਚਿੱਤ ਨੂੰ ਚੇਤੰਨ ਸਰੂਪ ਵਿਚ ਆਉਣ ਦਾ ਮੌਕਾ ਮਿਲੇਗਾ ਅਤੇ ਇਸ ਸਰੂਪ ਵਿਚ ਹੋਣ ਨਾਲ ਸਭ ਸੁੱਖ-ਦੁੱਖ ਸਦਾ ਲਈ ਦੂਰ ਹੋ ਜਾਣਗੇ। ਜਦ ਤਕ ਸਾਨੂੰ ਇਸ ਗੱਲ ਦਾ ਗਿਆਨ ਨਹੀਂ ਹੋਵੇਗਾ, ਉਦੋਂ ਤਕ ਬਦਲਦੇ ਹਾਲਾਤ ਨਾਲ ਅਸੀਂ ਖ਼ੁਦ ਨੂੰ ਵੀ ਬਦਲਦਾ ਹੋਇਆ ਮੰਨਦੇ ਰਹਾਂਗੇ। ਹਾਲਾਤ ਨੂੰ ਜੇਕਰ ਅਸੀਂ ਜੀਵਨ ਮੰਨਣ ਦੀ ਭੁੱਲ ਕੀਤੀ ਤਾਂ ਉਹ ਸਾਨੂੰ ਪਰੇਸ਼ਾਨ ਕਰ ਕੇ ਜੀਵਨ ਵਿਚ ਕਈ ਅੜਿੱਕੇ ਖੜ੍ਹੇ ਕਰਦੇ ਰਹਿਣਗੇ। ਇਸ ਗੱਲ ਨੂੰ ਸਮਝਣ ਲਈ ਸਾਨੂੰ ਰੋਜ਼ਾਨਾ ਅਭਿਆਸ ਕਰਨ ਦੀ ਜ਼ਰੂਰਤ ਹੈ। ਜੋ ਗ਼ਲਤ ਅਭਿਆਸ ਸਾਨੂੰ ਪੈ ਗਿਆ ਹੈ ਕਿ ਅਜਿਹੇ ਹਾਲਾਤ ਉਤਪੰਨ ਹੋਣਗੇ, ਜਦ ਅਸੀਂ ਸੁਖੀ ਹੋਵਾਂਗੇ ਤਾਂ ਇਸ ਗ਼ਲਤ ਅਭਿਆਸ ਨੂੰ ਮਿਟਾਉਣ ਵਾਸਤੇ ਮਿਹਨਤ ਕਰਨ ਦਾ ਨਾਂ ਹੀ ਸਫਲਤਾ ਹੈ। ਹਾਲਾਤ ਤਾਂ ਆਉਣ-ਜਾਣ ਵਾਲੇ ਹਨ, ਫਿਰ ਚਾਹੇ ਉਹ ਖ਼ੁਸ਼ੀ ਵਾਲੇ ਹੋਣ ਜਾਂ ਸੋਗ ਵਾਲੇ। ਰੋਗ ਵਾਲੇ ਹੋਣ ਜਾਂ ਨਿਰੋਗ ਵਾਲੇ, ਸੁੱਖ ਵਾਲੇ ਹੋਣ ਜਾਂ ਦੁੱਖ ਵਾਲੇ। ਦੁਖਦਾਈ ਹਾਲਾਤ ਨੂੰ ਅਸੀਂ ਚਾਹ ਕੇ ਵੀ ਰੋਕ ਨਹੀਂ ਸਕਦੇ ਕਿਉਂਕਿ ਉਹ ਕੁਦਰਤੀ ਹਨ ਤਾਂ ਫਿਰ ਉਨ੍ਹਾਂ ਦੇ ਮੱਕੜਜਾਲ ਵਿਚ ਕਿਉਂ ਫਸਣਾ? ਜੇ ਅਸੀਂ ਬੁਰੇ ਦੌਰ ਵਿਚ ਦੁੱਖ-ਤਕਲੀਫ਼ਾਂ ਤੋਂ ਡਰ ਜਾਵਾਂਗੇ ਤਾਂ ਇਨ੍ਹਾਂ ਦਾ ਅਸਰ ਕਈ ਗੁਣ ਵੱਧ ਜਾਵੇਗਾ। ਸੋ, ਸਾਰੇ ਹਾਲਾਤ ਵਿਚ ਸਮਾਨ ਰੂਪ ਵਿਚ ਵਿਵਹਾਰ ਕਰੋ ਅਤੇ ਜੀਵਨ ਦਾ ਪਰਮ ਆਨੰਦ ਮਾਣੋ। ਇਹੀ ਅਧਿਆਤਮ ਦਾ ਸਿਖ਼ਰ ਹੈ ਅਤੇ ਮੁਕਤੀ ਪਾਉਣ ਦਾ

ਮਾਰਗ ਵੀ।

-ਰਾਜਿੰਦਰ ਕੁਮਾਰ ਜਾਂਗਿੜ।

Posted By: Jagjit Singh