ਜੀਵਨ ਦੇ ਹਾਲਾਤ ਪਲ-ਪਲ ਬਦਲਦੇ ਰਹਿੰਦੇ ਹਨ। ਹਰ ਵਾਰ ਚੁਣੌਤੀਆਂ ਨਵੇਂ ਰੂਪ ਵਿਚ ਸਾਹਮਣੇ ਆ ਖੜ੍ਹਦੀਆਂ ਹਨ। ਜੋ ਘਟਨਾ ਇਕ ਵਾਰ ਵਾਪਰ ਗਈ, ਜ਼ਰੂਰੀ ਨਹੀਂ ਕਿ ਉਹ ਮੁੜ ਵਾਪਰੇ। ਕੋਈ ਸਬੰਧੀ, ਮਿੱਤਰ ਸਾਲਾਂ ਤੋਂ ਕੰਮ ਆ ਰਿਹਾ ਹੈ ਤਾਂ ਹੋ ਸਕਦਾ ਹੈ ਕਿ ਇਸ ਵਾਰ ਉਹ ਕੰਮ ਨਾ ਆ ਸਕੇ। ਕੋਈ ਕੰਮ ਨਿਰਵਿਘਨ ਚੱਲਦਾ ਆ ਰਿਹਾ ਹੈ ਪਰ ਕਦੇ ਵੀ ਉਸ ਵਿਚ ਅੜਿੱਕਾ ਪੈ ਸਕਦਾ ਹੈ। ਜੇ ਕੋਈ ਟੀਚਾ ਫ਼ਿਲਹਾਲ ਹਾਸਲ ਨਾ ਹੋ ਰਿਹਾ ਹੋਵੇ, ਅਜਿਹਾ ਨਹੀਂ ਕਿ ਉਹ ਹਾਸਲ ਹੀ ਨਹੀਂ ਕੀਤਾ ਜਾ ਸਕਦਾ। ਹੋ ਸਕਦਾ ਹੈ ਕਿ ਇਸ ਵਾਰ ਉਸ ਨੂੰ ਹਾਸਲ ਕਰਨ ਵਿਚ ਸਫਲਤਾ ਮਿਲ ਜਾਵੇ। ਜੀਵਨ 'ਚ ਸਫਲਤਾ ਲਈ ਜਿੱਥੇ ਤਾਕਤ ਦੀ ਜ਼ਰੂਰਤ ਹੈ, ਓਥੇ ਹੀ ਸਬਰ ਹੋਣਾ ਵੀ ਓਨਾ ਹੀ ਅਹਿਮ ਹੈ। ਨਦੀ ਦੇ ਵੇਗ ਲਈ ਕਿਨਾਰਿਆਂ ਦਾ ਹੋਣਾ ਜ਼ਰੂਰੀ ਹੈ। ਕਿਨਾਰੇ ਹੀ ਧਾਰਾ ਨੂੰ ਅੱਗੇ ਵਧਾਉਂਦੇ ਹਨ। ਸਬਰ ਮਨੁੱਖ ਦੀ ਤਾਕਤ ਨੂੰ ਸਹੀ ਦਿਸ਼ਾ ਵਿਚ ਕੇਂਦਰਿਤ ਕਰਦਾ ਹੈ। ਕਿਸੇ ਖ਼ਾਸ ਹਾਲਾਤ ਵਿਚ ਕਿਸ ਤਰ੍ਹਾਂ ਯਤਨਸ਼ੀਲ ਹੋਣਾ ਹੈ, ਇਹ ਫ਼ੈਸਲਾ ਹੀ ਸਫਲਤਾ-ਅਸਫਲਤਾ ਦਾ ਜਨਕ ਹੁੰਦਾ ਹੈ। ਭਾਵਨਾ ਦੇ ਇਲਾਵਾ, ਵੇਗ, ਲੋਭ, ਕਰੋਧ, ਮੋਹ ਵਿਚ ਲਿਆ ਗਿਆ ਫ਼ੈਸਲਾ ਮਨੁੱਖ ਦੀ ਊਰਜਾ ਨੂੰ ਜਜ਼ਬ ਕਰਨ ਵਾਲਾ ਹੁੰਦਾ ਹੈ। ਇਸ ਤੋਂ ਨਿਕਲੇ ਨਤੀਜੇ ਆਮ ਤੌਰ 'ਤੇ ਪਛਤਾਵੇ ਦਾ ਕਾਰਨ ਬਣਦੇ ਹਨ। ਨਦੀ ਦੇ ਕਿਨਾਰੇ ਟੁੱਟਦੇ ਹਨ ਤਾਂ ਤਬਾਹੀ ਹੀ ਹੁੰਦੀ ਹੈ। ਸੰਸਾਰ ਵਿਚ ਜੋ ਕੁਝ ਵੀ ਦਿਖਾਈ ਦੇ ਰਿਹਾ ਹੈ, ਉਹ ਸੱਚ, ਸਥਾਈ ਨਹੀਂ ਹੈ। ਜੀਵਨ ਪੂਰੀ ਤਰ੍ਹਾਂ ਬੇਯਕੀਨੀਆਂ ਨਾਲ ਭਰਿਆ ਹੋਇਆ ਹੈ। ਜਿਸ ਨੂੰ ਸਦਾ ਇਸ ਦਾ ਗਿਆਨ ਰਹਿੰਦਾ ਹੈ, ਉਹ ਆਪਣੇ ਕਿਨਾਰਿਆਂ ਨੂੰ ਕਦੇ ਟੁੱਟਣ ਨਹੀਂ ਦਿੰਦਾ ਅਤੇ ਜੀਵਨ ਦੀ ਹਰ ਪ੍ਰੀਖਿਆ ਲਈ ਸਦਾ ਤਿਆਰ ਰਹਿੰਦਾ ਹੈ। ਜਦ ਮਨੁੱਖ ਸੰਸਾਰ ਵਿਚ ਰਹਿੰਦਾ ਹੋਇਆ ਵੀ ਉਸ ਦੇ ਮੋਹ ਵਿਚ ਨਹੀਂ ਪੈਂਦਾ, ਜੀਵਨ ਨੂੰ ਉਸ ਦੇ ਸੱਚ ਨਾਲ ਗੁਜ਼ਾਰਦਾ ਹੈ, ਉਦੋਂ ਉਸ ਵਿਚ ਕਿਸੇ ਵੀ ਹਾਲਾਤ ਦਾ ਸਾਹਮਣਾ ਕਰਨ ਦੀ ਸ਼ਕਤੀ ਆ ਜਾਂਦੀ ਹੈ ਅਤੇ ਉਹ ਅੱਗੇ ਵੱਧਣ ਦੀ ਰਾਹ ਲੱਭ ਲੈਂਦਾ ਹੈ। ਇਹੀ ਸਭ ਤੋਂ ਬਿਹਤਰ ਤਰੀਕਾ ਵੀ ਹੈ। ਅਸਲ ਵਿਚ ਸਫਲਤਾ-ਅਸਫਲਤਾ ਦਾ ਅਰਥ ਕੁਝ ਹੋਣਾ ਜਾਂ ਨਾ ਹੋਣਾ ਨਹੀਂ ਹੈ। ਪਰਮਾਤਮਾ ਨੇ ਜੋ ਗੁਣ, ਸ਼ਕਤੀ ਅਤੇ ਸਮਰੱਥਾ ਮਨੁੱਖ ਨੂੰ ਦਿੱਤੀ ਹੈ, ਉਸ ਦੀ ਸੁਚੱਜੀ ਵਰਤੋਂ ਹੀ ਜੀਵਨ ਦੀ ਸਭ ਤੋਂ ਵੱਡੀ ਸਫਲਤਾ ਹੈ। ਨੇਤਰ ਜੇ ਸਭ ਵਿਚ ਪਰਮਾਤਮਾ ਦਾ ਰੂਪ ਦੇਖ ਰਹੇ ਹਨ, ਰਸਨਾ ਜੇ ਪਰਮਾਤਮਾ ਦਾ ਨਾਮ ਜਪ ਰਹੀ ਹੈ, ਕੰਨ ਜੇ ਰੱਬ ਦੀ ਮਹਿਮਾ ਸੁਣ ਰਹੇ ਹਨ, ਹੱਥ ਜੇ ਭਗਵਾਨ ਦੀ ਸੇਵਾ ਵਿਚ ਲੱਗੇ ਹੋਏ ਹਨ, ਪੈਰ ਚੰਗੇ ਕੰਮਾਂ ਲਈ ਅੱਗੇ ਵੱਧ ਰਹੇ ਹਨ ਤਾਂ ਤਨ ਵੀ ਧੰਨ ਹੈ ਅਤੇ ਮਨ ਵੀ। ਇਸ ਵਿਚ ਪੂਰੇ ਸੰਸਾਰ 'ਤੇ ਹਕੂਮਤ ਕਰਨ ਨਾਲੋਂ ਵੱਧ ਸੁੱਖ ਹੈ।

-ਡਾ. ਸਤਿੰਦਰਪਾਲ ਸਿੰਘ।

Posted By: Rajnish Kaur