ਜਦੋਂ ਮਨੁਖ ਪਹਾੜਾਂ ਦੀਆਂ ਗੁਫ਼ਾਵਾਂ 'ਚ ਰਹਿੰਦਾ ਸੀ, ਉਦੋਂ ਵੀ ਆਪਸੀ ਲੜਾਈਆਂ ਹੁੰਦੀਆਂ ਸਨ ਪਰ ਉਸ ਵੇਲੇ ਡਾਂਗਾਂ-ਸੋਟਿਆਂ ਨਾਲ ਇਹ ਲੋੜ ਪੂਰੀ ਹੁੰਦੀ ਸੀ। ਜਦੋਂ ਮਨੁੱਖ ਨੇ ਲੋਹੇ ਦਾ ਇਸਤੇਮਾਲ ਸ਼ੁਰੂ ਕੀਤਾ ਤਾਂ ਉਨ੍ਹਾਂ ਡਾਂਗਾਂ-ਸੋਟਿਆਂ ਦੇ ਅਗਲੇ ਪਾਸੇ ਲੋਹੇ ਨੂੰ ਤਿੱਖਾ ਕਰ ਕੇ ਲਗਾ ਕੇ ਕੁਝ ਹਥਿਆਰ ਤਿਆਰ ਕੀਤੇ, ਜਿਨ੍ਹਾਂ ਨੂੰ ਵੱਖਰੇ-ਵੱਖਰੇ ਨਾਂ ਦਿੱਤੇ ਗਏ, ਜਿਵੇਂ ਕੁਹਾੜਾ, ਨੇਜ਼ਾ, ਭਾਲਾ, ਗੰਡਾਸੀ ਆਦਿ। ਇਹ ਸਾਰੇ ਸ਼ਸਤਰ ਲੱਕੜੀ ਦੇ ਦਸਤਿਆਂ 'ਤੇ ਨਿਰਭਰ ਹੁੰਦੇ ਸਨ, ਜੋ ਦਸਤਿਆਂ ਦੇ ਟੁੱਟਣ ਕਾਰਣ ਬੇਕਾਰ ਹੋ ਜਾਂਦੇ ਸਨ। ਫਿਰ ਲੋਹੇ ਦੀ ਤਿਖੀ ਧਾਰ ਵਾਲਾ ਹਥਿਆਰ ਤਿਆਰ ਕੀਤਾ ਗਿਆ, ਜਿਸ ਨੂੰ ਪੂਰੀ ਤਰ੍ਹਾਂ ਲੋਹੇ ਨਾਲ ਬਣਾਇਆ ਗਿਆ। ਇਸ ਦਾ ਨਾਂ 'ਤਲਵਾਰ' ਰੱਖਿਆ ਗਿਆ।

ਤਲਵਾਰ ਅਰਬੀ ਭਾਸ਼ਾ ਦਾ ਸ਼ਬਦ ਹੈ। ਤਲਵਾਰ ਤੋਂ ਭਾਵ 'ਤਲ' ਤੇ 'ਵਾਰ'। 'ਤਲ' ਦਾ ਅਰਥ ਹੈ ਜੜ੍ਹ ਅਤੇ 'ਵਾਰ' ਦਾ ਅਰਥ ਹੈ ਵੱਢਨਾ, ਭਾਵ ਜੜ੍ਹ ਤੋਂ ਵੱਡਣ ਵਾਲਾ ਹਥਿਆਰ। ਇਹ ਹਥਿਆਰ ਸਭ ਤੋਂ ਪਹਿਲਾਂ ਕਿੱਥੇ ਤਿਆਰ ਹੋਇਆ, ਇਸ ਬਾਰੇ ਕੋਈ ਪੱਕੀ ਜਾਣਕਾਰੀ ਨਹੀਂ ਮਿਲਦੀ ਪਰ ਕੁਝ ਪੁਰਾਤਨ ਇਤਿਹਾਸਕਾਰਾਂ ਦੀਆਂ ਲਿਖਤਾਂ ਮੁਤਾਬਕ ਇਸ ਦੀ ਸ਼ੁਰੁਆਤ ਅਰਬ ਦੇਸ਼ਾਂ ਤੋਂ ਦੱਸੀ ਗਈ ਹੈ। ਇਸ ਦਾ ਨਾਂ 'ਤਲਵਾਰ' ਵੀ ਅਰਬੀ ਭਾਸ਼ਾ ਦਾ ਹੋਣ ਕਰਕੇ ਇਸੇ ਨੂੰ ਹੀ ਆਧਾਰ ਮੰਨਿਆ ਜਾਂਦਾ ਹੈ।

ਤਲਵਾਰ ਆਪਣੇ ਜ਼ਮਾਨੇ ਦਾ ਲੋਹੇ ਦਾ ਮਜ਼ਬੂਤ ਤੇ ਮਾਰੂ ਹਥਿਆਰ ਬਣ ਕੇ ਦੁਨੀਆ ਦੇ ਸਾਹਮਣੇ ਆਇਆ। ਇਸ ਦੀ ਵਰਤੋਂ ਨਾਲ ਉਨ੍ਹਾਂ ਸਮਿਆਂ ਵਿਚ ਵੱਡੇ ਪੱਧਰ 'ਤੇ ਮਨੁੱਖਤਾ ਦਾ ਕਤਲੇਆਮ ਹੋਇਆ। ਕੁਝ ਕਾਰੀਗਰ ਇਸ ਨੂੰ ਬਣਾਉਣ ਸਮੇਂ ਜ਼ਹਿਰ ਦੀ ਪੁੱਠ ਲਾ ਕੇ ਤਿਆਰ ਕਰਦੇ ਸਨ, ਜਿਸ ਕਾਰਨ ਤਲਵਾਰ ਵਿਚ ਬਹੁਤ ਜ਼ਿਆਦਾ ਜ਼ਹਿਰੀਲਾ ਅਸਰ ਵਾਲੀ ਹੋ ਜਾਂਦੀ ਸੀ। ਵੱਖ-ਵੱਖ ਇਲਾਕਿਆਂ ਵਿਚ ਵੱਖਰੀ ਵੱਖਰੀ ਭਾਸ਼ਾ ਮੁਤਾਬਿਕ ਤਲਵਾਰ ਦੇ ਨਾਂ ਵੀ ਬਦਲਦੇ ਰਹੇ, ਜਿਵੇਂ ਸ਼ਮਸ਼ੀਰ, ਖੜਗ, ਚੰਡੀ, ਭਗੌਤੀ, ਤੇਗ਼ ਆਦਿ ਨਾਂ ਰੱਖੇ ਗਏ। ਇਨ੍ਹਾਂ ਸਾਰੇ ਨਾਵਾਂ ਵਿੱਚੋਂ 'ਤਲਵਾਰ' ਨਾਂ ਸਭ ਤੋਂ ਮੁੱਖ ਰਿਹਾ।

ਪੁਰਾਣੇ ਸਮੇਂ ਦੇ ਪ੍ਰਸਿੱਧ ਤਲਵਾਰਚੀਆਂ 'ਚ ਚੰਗੇਜ਼ ਖ਼ਾਨ, ਹਲਾਕੂ, ਤੈਮੂਰ, ਸਿਕੰਦਰ ਮਹਾਨ, ਨਾਦਿਰ ਸ਼ਾਹ ਤੇ ਅਹਿਮਦ ਸ਼ਾਹ ਅਬਦਾਲੀ ਵਰਗਿਆਂ ਨੇ ਤਲਵਾਰ ਦੇ ਜ਼ੋਰ 'ਤੇ ਦੁਨੀਆ ਨੂੰ ਫ਼ਤਹਿ ਕਰਨ ਦਾ ਇਰਾਦਾ ਬਣਾਇਆ। ਇਸ ਜ਼ਬਰਦਸਤ ਹਥਿਆਰ ਨੇ ਪੂਰੀ ਦੁਨੀਆ ਨੂੰ ਕੰਬਾ ਕੇ ਰੱਖ ਦਿੱਤਾ। ਤੇਜ਼ ਧਾਰ ਕਾਰਨ ਇਸ ਹਥਿਆਰ ਨੂੰ ਨੰਗਾ ਨਹੀਂ ਰੱਖਿਆ ਜਾ ਸਕਦਾ ਸੀ, ਇਸ ਲਈ ਇਸ ਨੂੰ ਸੰਭਾਲਨ ਲਈ 'ਮਿਆਨ' ਤਿਆਰ ਕੀਤੀ ਗਈ।

ਜਦੋਂ ਜੜ੍ਹ 'ਤੇ ਵਾਰ ਕਰਨ ਵਾਲਾ ਇਹ ਸਭ ਤੋਂ ਮਾਰੂ ਹਥਿਆਰ ਗੁਰੂ ਗੋਬਿੰਦ ਸਿੰਘ ਜੀ ਦੇ ਮੁਬਾਰਕ ਹੱਥਾਂ 'ਚ ਆਇਆ ਤਾਂ ਗੁਰੂ ਜੀ ਨੇ ਇਸ ਦਾ ਨਾਂ (ਕਿਰਪਾਨ) ਰੱਖਿਆ, ਜਿਸ ਦਾ ਭਾਵ ਹੈ 'ਕਿਰਪਾ ਦੀ ਆਨ', ਜਿਸ ਤੋਂ ਕਿਰਪਾ ਦੀ ਵਰਖਾ ਹੁੰਦੀ ਹੋਵੇ। ਇਹ ਸੁਣ ਕੇ ਲੋਕ ਹੈਰਾਨ ਰਹਿ ਗਏ ਕਿ ਸਭ ਤੋਂ ਮਾਰੂ ਹਥਿਆਰ, ਜਿਸ ਤੋਂ ਮੌਤ ਬਰਸਦੀ ਹੈ, ਉਸ ਤੋਂ ਕਿਰਪਾ ਕਿਵੇਂ ਬਰਸੇਗੀ? ਇਹ ਗੱਲ ਲੋਕਾਂ ਨੂੰ ਹਜ਼ਮ ਨਾ ਹੋਈ। ਜਦੋਂ ਦਸਵੇ ਪਾਤਸ਼ਾਹ ਕੋਲੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਪਸ਼ਟ ਸ਼ਬਦਾਂ 'ਚ ਦੱਸਿਆ ਕਿ ਜਦੋਂ ਤਲਵਾਰ ਦੀ ਵਰਤੋਂ ਮਨੁੱਖਤਾ ਦੇ ਕਤਲੇਆਮ ਦੀ ਥਾਂ ਮਜ਼ਲੂਮਾਂ ਦੇ ਜਾਨ-ਮਾਲ ਦੀ ਰਾਖੀ ਲਈ ਕੀਤੀ ਜਾਵੇ ਉਦੋਂ ਇਹ ਉਨ੍ਹਾਂ ਮਜ਼ਲੂਮਾਂ ਨੂੰ ਮੌਤ ਤੋਂ ਬਚਾ ਕੇ ਉਨ੍ਹਾਂ ਉੱਪਰ ਕਿਰਪਾ ਦੀ ਬਾਰਿਸ਼ ਕਰੇਗੀ।

ਗੁਰੂ ਸਾਹਿਬ ਨੇ ਆਪਣੇ ਸਿੱਖਾਂ ਨੂੰ ਉਪਦੇਸ਼ ਦਿੱਤਾ ਕਿ ਹਰ ਮਨੁੱਖ ਤਲਵਾਰਬਾਜ਼ੀ ਦਾ ਧਨੀ ਹੋਣਾ ਚਾਹੀਦਾ ਹੈ। ਹਰ ਮਨੁੱਖ ਨੂੰ ਸ਼ਸਤਰ ਧਾਰਨ ਕਰਨੇ ਚਾਹੀਦੇ ਹਨ ਪਰ ਇਹ ਸ਼ਸਤਰ ਬਿਨਾ ਵਜ੍ਹਾ ਲੜਾਈ ਕਰਨ ਜਾਂ ਕਿਸੇ ਕੋਲੋਂ ਉਸ ਦਾ ਜਾਨ-ਮਾਲ ਤੇ ਦੇਸ਼ ਖੋਹਣ ਜਾਂ ਲਾਲਚ ਵਿਚ ਕਿਸੇ ਨੂੰ ਨਜਾਇਜ਼ ਮਾਰਨ ਲਈ ਇਸਤੇਮਾਲ ਨਹੀਂ ਹੋਣੇ ਚਾਹੀਦੇ। ਸ਼ਸਤਰ ਜਦੋਂ ਕਿਸੇ ਉੱਪਰ ਜ਼ੁਲਮ ਕਰਨ ਲਈ ਵਰਤਿਆ ਜਾਵੇਗਾ, ਉਹ 'ਤਲਵਾਰ' ਅਖਵਾਏਗਾ ਪਰ ਜਦੋਂ ਇਹ ਜ਼ੁਲਮ ਰੋਕਣ ਲਈ, ਕਿਸੇ ਅਬਲਾ ਜਾਂ ਗ਼ਰੀਬ ਦੀ ਕਿਸੇ ਧਾੜਵੀ ਕੋਲੋਂ ਜਾਨ ਬਚਾਉਣ ਲਈ ਵਰਤਿਆ ਜਾਏਗਾ ਤਾਂ ਉਦੋਂ ਇਹ 'ਕਿਰਪਾਨ' ਅਖਵਾਏਗਾ। ਜਿਸ ਨਾਲ ਕਮਜ਼ੋਰਾਂ ਤੇ ਗ਼ਰੀਬਾਂ ਦੀ ਰੱਖਿਆ ਕੀਤੀ ਜਾਵੇ। ਕਿਰਪਾਨ ਨਾਲ ਲੋਕਾਂ ਦਾ ਜੀਵਨ ਬਚਾਇਆ ਜਾ ਸਕੇ ਤਾਂ ਇਸ ਤਲਵਾਰ ਤੋਂ ਲੋਕਾਂ ਨੂੰ ਮੌਤ ਨਹੀ ਬਲਕਿ ਜ਼ਿੰਦਗੀ ਮਿਲੇਗੀ ਅਤੇ ਇਹ ਦੁਨੀਆ ਦਾ ਸਭ ਤੋਂ ਮਾਰੂ ਹਥਿਆਰ ਜੜ੍ਹ 'ਤੇ ਵਾਰ ਕਰਨ ਦੀ ਬਜਾਏ ਕਿਰਪਾ ਦੀ ਆਨ ਬਣ ਜਾਏਗਾ। ਇਸੇ ਕਰਕੇ ਦਸਮੇਸ਼ ਪਿਤਾ ਨੇ ਅੰਮ੍ਰਿਤ ਛਕਾਉਣ ਵੇਲੇ ਇਸ ਸ਼ਸਤਰ ਨੂੰ ਪੰਜ ਕਕਾਰਾਂ ਵਿਚ ਸ਼ਾਮਲ ਕਰ ਕੇ ਇਸ ਨੂੰ 'ਕਿਰਪਾਨ', ਭਾਵ ਕਿਰਪਾ ਦੀ ਆਨ ਦਾ ਰੁਤਬਾ ਬਖ਼ਸ਼ ਕੇ ਨਿਵਾਜਿਆ। ਇਤਿਹਾਸ ਗਵਾਹ ਹੈ ਕਿ ਗੁਰੂ ਦੇ ਸਿੱਖਾਂ ਨੇ ਜ਼ੁਲਮ ਰੋਕਣ ਤੇ ਗਊ-ਗ਼ਰੀਬ ਦੀ ਰਾਖੀ ਲਈ ਸਦਾ ਇਸ ਹਥਿਆਰ ਦੀ ਵਰਤੋਂ ਕੀਤੀ ਹੈ।

- ਸੁਖਚੈਨ ਸਿੰਘ ਲਾਇਲਪੁਰੀ

Posted By: Harjinder Sodhi