-ਨਵਦੀਪ ਸਿੰਘ ਭਾਟੀਆ

ਸਿਆਣੇ ਕਹਿੰਦੇ ਨੇ ਕਿ ਜ਼ੁਬਾਨੋਂ ਨਿਕਲਿਆ ਸ਼ਬਦ ਅਤੇ ਕਮਾਨੋਂ ਨਿਕਲਿਆ ਤੀਰ ਕਦੇ ਵਾਪਸ ਨਹੀਂ ਆਉਂਦਾ। ਬਿਨਾਂ ਸੋਚ-ਸਮਝੇ ਛੱਡੇ ਗਏ ਤੀਰਾਂ ਅਤੇ ਲਫ਼ਜ਼ਾਂ ਦਾ ਨਤੀਜਾ ਇੱਕੋ ਜਿਹਾ ਹੀ ਹੁੰਦਾ ਹੈ। ਦੋਵੇਂ ਕਿਹੜੀ ਦਿਸ਼ਾ ਵੱਲ ਚਲੇ ਜਾਣ, ਕੁਝ ਕਿਹਾ ਨਹੀਂ ਜਾ ਸਕਦਾ।

ਇਕ ਨਾਲ ਜਿਸਮਾਨੀ ਫੱਟ ਲੱਗਦਾ ਹੈ, ਦੂਜੇ ਨਾਲ ਦਿਲ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਦੀ ਹੈ। ਬਹੁਤੇ ਘਰਾਂ ’ਚ ਕਲੇਸ਼ ਦੀ ਵਜ੍ਹਾ ਜ਼ੁਬਾਨ ਵਿਚਲੀ ਗਰਮ ਤਾਸੀਰ ਹੁੰਦੀ ਹੈ ਜੋ ਰਿਸ਼ਤਿਆਂ ਨੂੰ ਸਾੜ ਕੇ ਤਬਾਹ ਕਰ ਦਿੰਦੀ ਹੈ। ਜ਼ੁਬਾਨ ’ਚੋਂ ਸ਼ਹਿਦ ਦੀ ਥਾਂ ਜਦੋਂ ਜ਼ਹਿਰ ਨਿਕਲਣਾ ਸ਼ੁਰੂ ਹੋ ਜਾਵੇ ਤਾਂ ਰਿਸ਼ਤੇ, ਯਾਰੀਆਂ ਸਭ ਖ਼ਤਮ ਹੋ ਜਾਂਦੀਆਂ ਹਨ। ਮਨਾਂ ’ਚ ਪਿਆਰ ਦੀ ਥਾਂ ਤਕਰਾਰ ਉਤਪੰਨ ਹੋ ਜਾਂਦੀ ਹੈ।

ਘਰਾਂ ਦੇ ਘਰ ਉੱਜੜ ਜਾਂਦੇ ਹਨ। ਸੈਮੂਅਲ ਜਾਨਸਨ ਨੇ ਲਿਖਿਆ ਹੈ “ਆਪਣੀ ਜ਼ੁਬਾਨ ’ਤੇ ਕਦੇ ਵਿਸ਼ਵਾਸ ਨਾ ਕਰੋ ਜੇਕਰ ਤੁਹਾਡੇ ਮਨ ਅੰਦਰ ਕੜਵਾਹਟ ਹੈ।’’ ਜੇ ਤੁਹਾਡੇ ਮਨ ’ਚ ਕਿਸੇ ਦੁੂਜੇ ਲਈ ਨਫ਼ਰਤ, ਈਰਖਾ, ਸਾੜਾ ਜਾਂ ਹੋਰ ਕਿਸੇ ਕਿਸਮ ਦੀ ਨਾਂਹ-ਪੱਖੀ ਸੋਚ ਹੈ ਤਾਂ ਤੁਸੀਂ ਉਸ ਬਾਰੇ ਮਾੜਾ ਹੀ ਬੋਲੋਗੇ। ਇਹ ਮਾੜੀ ਭਾਵਨਾ ਦਿਮਾਗ ਅੰਦਰ ਗ਼ਲਤ ਮਨਸੂਬੇ ਘੜਦੀ ਹੈ।

ਉਸ ਤੋਂ ਬਾਅਦ ਦੂਜੇ ਨੂੰ ਨੀਵਾਂ ਵਿਖਾਉਣ ਲਈ ਗ਼ਲਤ ਸ਼ਬਦਾਂ ਦਾ ਤਾਣਾ-ਬਾਣਾ ਬੁਣਿਆ ਜਾਂਦਾ ਹੈ। ਅੰਤ ’ਚ ਮੌਕਾ ਜਾਂ ਕੋਈ ਬਹਾਨਾ ਭਾਲ ਕੇ ਸ਼ਬਦਾਂ ਰਾਹੀਂ ਵਾਰ ਕੀਤੇ ਜਾਂਦੇ ਹਨ। ਨਤੀਜਾ ਤੋੜ ਵਿਛੋੜਾ, ਬਰਬਾਦੀ ਤੇ ਤਬਾਹੀ ਦੇ ਰੂਪ ’ਚ ਨਿਕਲਦਾ ਹੈ। ਮਹਾਤਮਾ ਬੁੱਧ ਨੇ ਕਿਹਾ ਹੈ ਕਿ ਜ਼ੁਬਾਨ ਇਕ ਚਾਕੁੂ ਵਾਂਗ ਹੁੰਦੀ ਹੈ ਜੋ ਬਿਨਾਂ ਖ਼ੂਨ ਕੱਢੇ ਬੰਦੇ ਨੂੰ ਮਾਰ ਦਿੰਦੀ ਹੈ।

ਜੇ ਕੋਈ ਬੰਦਾ ਸੋਹਣਾ ਹੈ ਪਰ ਜ਼ੁਬਾਨ ਤੋਂ ਰੁੱਖਾ ਹੈ ਤਾਂ ਉਸ ਕੋਲ ਕੋਈ ਵੀ ਖੜ੍ਹਨਾ ਪਸੰਦ ਨਹੀਂ ਕਰੇਗਾ। ਸੋਚ-ਸਮਝ ਕੇ ਬੋਲਣਾ ਹੀ ਸਿਆਣਪ ਹੈ। ਸੋ ਚੰਗਾ ਇਹੀ ਹੈ ਕਿ ਜ਼ੁਬਾਨ ’ਚੋਂ ਚੰਗੇ ਸ਼ਬਦ ਹੀ ਕੱਢੋ। ਤੁਹਾਡੇ ਵੱਲੋਂ ਵਰਤੇ ਜਾਂਦੇ ਸ਼ਬਦ ਤੁਹਾਡੀ ਸ਼ਖ਼ਸੀਅਤ ਦਾ ਪ੍ਰਤੀਬਿੰਬ ਹੁੰਦੇ ਹਨ। ਆਪਣੇ ਮਾਣ-ਸਨਮਾਨ ਦਾ ਧਿਆਨ ਰੱਖਦੇ ਹੋਏ ਦੁੂਜਿਆਂ ਦੀ ਇੱਜ਼ਤ ਬਾਰੇ ਵੀ ਸੋਚੋ। ਬੋਲਣ ਤੋਂ ਪਹਿਲਾਂ ਹਮੇਸ਼ਾ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਸਾਡੇ ਲਫ਼ਜ਼ ਮੰਦੇ ਨਾ ਹੋਣ। ਸੁਭਾਅ ’ਚ ਹਲੀਮੀ ਲਿਆਉਣੀ ਚਾਹੀਦੀ ਹੈ।

ਹਲੀਮੀ ਸਦਕਾ ਆਪ-ਮੁਹਾਰੇ ਚੰਗੇ ਲਫ਼ਜ਼ ਨਿਕਲਣਗੇ। ਇੰਜ ਉਸ ਦੀ ਜ਼ਿੰਦਗੀ ਤਾਂ ਸਕੂਨ ਭਰੀ ਬਣੇਗੀ ਹੀ, ਹੋਰਾਂ ਨੂੰ ਵੀ ਉਸ ਤੋਂ ਕੋਈ ਪਰੇਸ਼ਾਨੀ ਨਹੀਂ ਹੋਵੇਗੀ। ਮਨੁੱਖ ਹਲੀਮੀ ਸਦਕਾ ਫਾਲਤੂ ਦੇ ਝਮੇਲਿਆਂ ’ਚ ਫਸਣ ਤੋਂ ਬਚ ਸਕਦਾ ਹੈ।

(98767-29056)

Posted By: Jagjit Singh