ਹਿੰਦੀ ਕੈਲੰਡਰ ਦੇ ਹਾੜ੍ਹ (ਜੁਲਾਈ-ਅਗਸਤ) ਮਹੀਨੇ ਦੀ ਪੂਰਨਮਾਸ਼ੀ ਨੂੰ ਗੁਰੂ ਪੂਰਨਿਮਾ ਦੇ ਤਿਉਹਾਰ ਦੇ ਰੂਪ ਵਿਚ ਮਨਾਇਆ ਜਾਂਦਾ ਹੈ। ਇਸ ਦਿਨ ਅਸੀਂ ਆਪਣੇ ਵਿੱਦਿਅਕ ਤੇ ਰੂਹਾਨੀ ਗੁਰੂਆਂ ਦਾ ਸਨਮਾਨ ਕਰਦੇ ਹਾਂ, ਉਨ੍ਹਾਂ ਪ੍ਰਤੀ ਆਪਣੀ ਸ਼ਰਧਾ ਤੇ ਸ਼ੁਕਰੀਆ ਪ੍ਰਗਟਾਉਂਦੇ ਹਾਂ। ਇਸ ਸੰਸਾਰ ਵਿਚ ਜਦ ਅਸੀਂ ਕੋਈ ਵਿਸ਼ਾ ਸਿੱਖਣਾ ਚਾਹੁੰਦੇ ਹਾਂ ਤਾਂ ਅਸੀਂ ਅਜਿਹੇ ਇਨਸਾਨ ਦੇ ਕੋਲ ਜਾਂਦੇ ਹਾਂ ਜੋ ਉਸ ਵਿਚ ਨਿਪੁੰਨ ਹੋਵੇ ਅਤੇ ਸਾਨੂੰ ਵੀ ਉਹ ਵਿਸ਼ਾ ਪੜ੍ਹਾ ਸਕਦਾ ਹੋਵੇ।

ਇਸੇ ਤਰ੍ਹਾਂ ਇਕ ਪੂਰਨ ਸਤਿਗੁਰੂ ਅਧਿਆਤਮ ਦੇ ਵਿਸ਼ੇ ਵਿਚ ਨਿਪੁੰਨ ਹੁੰਦਾ ਹੈ ਅਤੇ ਜੇਕਰ ਅਸੀਂ ਆਪਣਾ ਰੂਹਾਨੀ ਵਿਕਾਸ ਕਰਨਾ ਚਾਹੁੰਦੇ ਹਾਂ ਤਾਂ ਸਾਨੂੰ ਸਤਿਗੁਰੂ ਦੇ ਕੋਲ ਜਾਣਾ ਹੁੰਦਾ ਹੈ। ਇਸ ਧਰਤੀ 'ਤੇ ਹਰ ਸਮੇਂ ਕੋਈ ਨਾ ਕੋਈ ਪੂਰਨ ਸਤਿਗੁਰੂ ਜ਼ਰੂਰ ਮੌਜੂਦ ਹੁੰਦੇ ਹਨ ਜੋ ਸਾਨੂੰ ਆਪਣੇ ਅੰਤਰ ਵਿਚ ਮੌਜੂਦ ਪ੍ਰਭੂਸੱਤਾ ਦੇ ਨਾਲ ਜੁੜਨ ਵਿਚ ਮਦਦ ਕਰਦੇ ਹਨ। ਹਰੇਕ ਯੁੱਗ ਵਿਚ ਅਜਿਹੇ ਸੰਤ ਮਹਾਪੁਰਖ ਆਉਂਦੇ ਹਨ ਜੋ ਸਾਡੀ ਆਤਮਾ ਨੂੰ ਅੰਦਰੂਨੀ ਯਾਤਰਾ 'ਤੇ ਲੈ ਕੇ ਜਾਣ ਵਿਚ ਸਮਰੱਥ ਹੁੰਦੇ ਹਨ। ਸੰਤ ਮਤ ਦੇ ਮਹਾਪੁਰਖਾਂ ਨੇ ਸਾਨੂੰ ਇਹੀ ਦੱਸਿਆ ਹੈ ਕਿ ਪ੍ਰਭੂ ਦੀ ਸੱਤਾ ਕਿਸੇ ਨਾ ਕਿਸੇ ਮਨੁੱਖੀ ਸਰੀਰ ਦੇ ਮਾਧਿਅਮ ਨਾਲ ਕਾਰਜ ਕਰਦੀ ਹੈ।

ਮਨੁੱਖ ਦੂਜੇ ਮਨੁੱਖ ਤੋਂ ਹੀ ਸਿੱਖਦਾ ਹੈ। ਸੰਤ-ਮਹਾਪੁਰਸ਼ ਇਸ ਦੁਨੀਆ ਵਿਚ ਇਸ ਲਈ ਆਉਂਦੇ ਹਨ ਤਾਂ ਕਿ ਸਾਡੇ ਪੱਧਰ 'ਤੇ ਆ ਕੇ ਸਾਡੇ ਨਾਲ ਗੱਲਬਾਤ ਕਰ ਸਕਣ, ਅੰਦਰੂਨੀ ਭਾਵ ਪਾਉਣ ਦੀ ਵਿਧੀ ਬਾਰੇ ਸਾਡੀ ਭਾਸ਼ਾ ਵਿਚ ਸਾਨੂੰ ਸਮਝਾਉਣ ਅਤੇ ਨਿੱਜੀ ਤੌਰ 'ਤੇ ਸਾਨੂੰ ਉਸ ਦਾ ਅਨੁਭਵ ਵੀ ਦੇ ਸਕਣ। ਸਿਰਫ਼ ਗੱਲਾਂ ਕਰਨ ਨਾਲ ਜਾਂ ਪੜ੍ਹਨ ਨਾਲ ਅਸੀਂ ਅਧਿਆਤਮ ਨਹੀਂ ਸਿੱਖ ਸਕਦੇ। ਇਹ ਕੇਵਲ ਨਿੱਜੀ ਤਜਰਬੇ ਨਾਲ ਹੀ ਸਿੱਖਿਆ ਜਾ ਸਕਦਾ ਹੈ ਅਤੇ ਉਹ ਤਜਰਬਾ ਸਾਨੂੰ ਸਿਰਫ਼ ਇਕ ਪੂਰਨ ਸਤਿਗੁਰੂ ਹੀ ਪ੍ਰਦਾਨ ਕਰ ਸਕਦਾ ਹੈ।

ਨਾਮਦਾਨ ਤੋਂ ਬਾਅਦ ਸਤਿਗੁਰੂ ਹਰ ਪਲ ਚੇਲੇ ਦੇ ਨਾਲ ਰਹਿੰਦੇ ਹਨ ਅਤੇ ਉਸ ਨੂੰ ਹਰ ਤਰ੍ਹਾਂ ਸੁਰੱਖਿਅਤ ਰੱਖਦੇ ਹਨ। ਸਤਿਗੁਰੂ ਦੀ ਛੱਤਰ-ਛਾਇਆ ਚੇਲੇ ਲਈ ਨਾ ਸਿਰਫ਼ ਇਸ ਦੁਨੀਆ ਵਿਚ ਰਹਿੰਦੀ ਹੈ ਬਲਕਿ ਇਸ ਤੋਂ ਅੱਗੇ ਵੀ ਬਣੀ ਰਹਿੰਦੀ ਹੈ। ਸਤਿਗੁਰੂ ਚੇਲੇ ਦੇ ਕਰਮਾਂ ਦੇ ਭਾਰ ਨੂੰ ਆਪਣੇ 'ਤੇ ਲੈ ਲੈਂਦੇ ਹਨ ਅਤੇ ਹਮੇਸ਼ਾ ਅੰਗ-ਸੰਗ ਬਣੇ ਰਹਿੰਦੇ ਹਨ। ਜਦ ਚੇਲੇ ਦੇ ਜੀਵਨ ਦਾ ਅੰਤ ਹੁੰਦਾ ਹੈ, ਉਦੋਂ ਵੀ ਉਹ ਉਸ ਦੇ ਨਾਲ ਹੁੰਦੇ ਹਨ ਅਤੇ ਅੱਗੇ ਦੇ ਮੰਡਲਾਂ ਵਿਚ ਵੀ ਉਸ ਦੇ ਮਾਰਗ-ਦਰਸ਼ਕ ਬਣਦੇ ਹਨ। -ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।

Posted By: Sunil Thapa