ਜੀਵਨ ਵਿਚ ਗਤੀ ਦਾ ਬੜਾ ਮਹੱਤਵ ਹੈ। ਗਤੀਮਾਨ ਵਿਅਕਤੀ ਉੱਨਤੀ ਵੱਲ ਵੱਧਦੇ ਚਲੇ ਜਾਂਦੇ ਹਨ। ਸਥਿਰਤਾ ਵਿਚ ਦੋਸ਼ ਲੁਕਿਆ ਹੋਇਆ ਹੈ। ਜੀਵਨ ਵਿਚ ਆਈ ਸਥਿਰਤਾ ਤੁਹਾਨੂੰ ਜੁਝਾਰੂ ਬਣਨ ਤੋਂ ਰੋਕਦੀ ਹੈ। ਇਸ ਨਾਲ ਤਰੱਕੀ ’ਤੇ ਵਿਰਾਮ ਲੱਗਣ ਲੱਗਦਾ ਹੈ। ਤਰੱਕੀ ਬਿਨਾਂ ਰੁਕਾਵਟ ਦੇ ਹੋਵੇ, ਇਸ ਦੇ ਲਈ ਗਤੀ ਜ਼ਰੂਰੀ ਹੈ। ਗਤੀ ਹੀ ਤੁਹਾਡੀ ਸ਼ਖ਼ਸੀਅਤ ਨੂੰ ਚੇਤਨਤਾ ਪ੍ਰਦਾਨ ਕਰਦੀ ਹੈ। ਇਹੀ ਗਤੀ ਜੀਵਨ ਨੂੰ ਸੇਧ ਦਿੰਦੀ ਹੈ। ਗਤੀ ਵਿਚਾਰਾਂ ਦੀ ਹੋਵੇ ਤਾਂ ਤੁਹਾਡੀ ਬੁੱਧੀ ਵਿਲੱਖਣ ਹੋ ਜਾਂਦੀ ਹੈ। ਤੁਹਾਡਾ ਪ੍ਰਭਾਵ ਵਧਣ ਲੱਗਦਾ ਹੈ। ਦੁਨੀਆ ਤੁਹਾਡੀ ਅਕਲਮੰਦੀ ਦੀ ਸ਼ਲਾਘਾ ਕਰਨ ਲੱਗਦੀ ਹੈ। ਗਤੀ ਚਿੰਤਨ ਵਿਚ ਹੋਵੇ ਤਾਂ ਤੁਸੀਂ ਰੂਹਾਨੀ ਮੁਹਾਰਤ ਨੂੰ ਹਾਸਲ ਕਰਨ ਲੱਗਦੇ ਹੋ। ਗਤੀ ਬੋਲ-ਬਾਣੀ ਵਿਚ ਹੋਵੇ ਤਾਂ ਤੁਸੀਂ ਅੱਵਲ ਦਰਜੇ ਦੇ ਵਕਤਾ ਹੋ ਜਾਂਦੇ ਹੋ। ਗਤੀ ਸਮਾਜਿਕ ਸਰੋਕਾਰਾਂ ਵਿਚ ਹੋਵੇ ਤਾਂ ਸਮਾਜ ਤੁਹਾਨੂੰ ਸਿਰ-ਮੱਥੇ ਬਿਠਾ ਲੈਂਦਾ ਹੈ। ਕੋਈ ਵੀ ਖੇਤਰ ਹੋਵੇ, ਜੇਕਰ ਤੁਸੀਂ ਗਤੀਸ਼ੀਲ ਹੋ ਤਾਂ ਸਦਾ ਮੁੱਖ ਧਾਰਾ ਵਿਚ ਰਹੋਗੇ। ਸਮਾਜ ਤੁਹਾਨੂੰ ਸਵੀਕਾਰ ਕਰਨ ਲੱਗੇਗਾ।

ਤੁਹਾਡਾ ਗਤੀਸ਼ੀਲ ਜੀਵਨ ਹੀ ਤੁਹਾਡੇ ਆਤਮ ਬਲ ਨੂੰ ਸਦਾ ਉੱਚਾ ਰੱਖਦਾ ਹੈ। ਸਥਿਰਤਾ ਕਾਰਨ ਜੀਵਨ ’ਚ ਉਦਾਸੀ ਛਾਉਣ ਲੱਗਦੀ ਹੈ। ਮਨ ਨਿਰਾਸ਼ਾ ’ਚ ਘਿਰਨ ਲੱਗਦਾ ਹੈ। ਵਿਚਾਰਾਂ ’ਚ ਨਾਂਹ-ਪੱਖੀ ਸੋਚ ਆਉਣ ਲੱਗਦੀ ਹੈ। ਨਦੀਆਂ ਇਸ ਲਈ ਪੂਜਨੀਕ ਹਨ ਕਿਉਂਕਿ ਉਨ੍ਹਾਂ ’ਚ ਗਤੀ ਦਾ ਗੁਣ ਹੈ। ਇਹ ਗੁਣ ਹੀ ਉਨ੍ਹਾਂ ਨੂੰ ਅਦੁੱਤੀ ਬਣਾਉਂਦਾ ਹੈ। ਨਦੀਆਂ ਦੀ ਨਿਰਮਲਤਾ, ਪਵਿੱਤਰਤਾ ਗਤੀ ’ਚ ਹੀ ਹੈ। ਜੇ ਗਤੀ ਤੋਂ ਕਿਨਾਰਾ ਕਰ ਲਿਆ ਗਿਆ ਤਾਂ ਨਦੀਆਂ ਦੂਸ਼ਿਤ ਹੋਣ ਲੱਗਣਗੀਆਂ। ਹਵਾ ਜੇ ਆਪਣੀ ਗਤੀ ਦੇ ਗੁਣ ਨੂੰ ਛੱਡ ਦੇਵੇ ਤਾਂ ਕੀ ਹੋਵੇਗਾ। ਇਸ ਦੀ ਕਲਪਨਾ ਹੀ ਡਰਾਉਣ ਲੱਗਦੀ ਹੈ। ਹਵਾ ਦੀ ਗਤੀ ਹੀ ਉਸ ਨੂੰ ਪ੍ਰੇਰਨਾਦਾਇਕ ਬਣਾਉਂਦੀ ਹੈ। ਸਿ੍ਰਸ਼ਟੀ ਦਾ ਸੰਚਾਲਨ ਹੀ ਗਤੀ ’ਤੇ ਟਿਕਿਆ ਹੋਇਆ ਹੈ।

ਜੇਕਰ ਧਰਤੀ ਆਪਣੀ ਗਤੀ ਛੱਡ ਦੇਵੇ ਤਾਂ ਕਿੰਨੇ ਭਿਅੰਕਰ ਨਤੀਜੇ ਆਉਣਗੇ। ਸਭ ਕੁਝ ਨਸ਼ਟ ਹੋ ਜਾਵੇਗਾ। ਧਰਤੀ ਦੀ ਸੰਪੂਰਨ ਸਿਰਜਣਾ ਉਸ ਦੀ ਗਤੀ ’ਤੇ ਹੀ ਨਿਰਭਰ ਕਰਦੀ ਹੈ। ਸਾਡਾ ਸਰੀਰ ਖ਼ੂਨ ਦੀ ਗਤੀ ਸਦਕਾ ਹੀ ਚੱਲ ਰਿਹਾ ਹੈ। ਖ਼ੂਨ ਦਾ ਦੌਰਾ ਰੁਕ ਜਾਵੇ ਤਾਂ ਕੀ ਹੋਵੇਗਾ? ਦਿਲ ਦੀ ਧੜਕਨ ਰੁਕ ਜਾਵੇ ਤਾਂ ਕੀ ਹੋਵੇਗਾ? ਸਭ ਕੁਝ ਸਮਾਪਤ ਹੋ ਜਾਵੇਗਾ। ਠੀਕ ਇਸੇ ਤਰ੍ਹਾਂ ਜੀਵਨ ’ਚ ਗਤੀ ਨਾ ਰਹਿਣ ਕਾਰਨ ਬਹੁਤ ਕੁਝ ਸਮਾਪਤ ਹੋਣ ਦਾ ਡਰ ਬਣਿਆ ਰਹਿੰਦਾ ਹੈ।

-ਲਲਿਤ ਸ਼ੌਰਿਆ।

Posted By: Sunil Thapa