ਸਾਰੇ ਲੋਕ ਕਿਸੇ ਨਾ ਕਿਸੇ ਰੂਪ ਵਿਚ ਪ੍ਰਾਰਥਨਾ ਕਰਦੇ ਹਨ ਪਰ ਬਹੁਤ ਘੱਟ ਲੋਕ ਪ੍ਰਾਰਥਨਾ ਦੇ ਪ੍ਰਭਾਵ ਜਾਂ ਮਹੱਤਵ ਨੂੰ ਜਾਣਦੇ ਹਨ। ਪ੍ਰਾਰਥਨਾ ਕੀ ਹੈ? ਜਦ ਅਸੀਂ ਆਪਣੇ-ਆਪ ਕੁਝ ਕਰਨ ਵਿਚ ਅਸਮਰੱਥ ਹੁੰਦੇ ਹਾਂ ਤਾਂ ਕਿਸੇ ਪਰਮ ਸ਼ਕਤੀ ਨੂੰ ਬੇਨਤੀ ਕਰਦੇ ਹਾਂ ਤੇ ਇਸ ਦੇ ਲਈ ਪ੍ਰਾਰਥਨਾ ਹੀ ਜ਼ਰੀਆ ਹੈ। ਪ੍ਰਾਰਥਨਾ ਦੇ ਪੰਜ ਜ਼ਰੂਰੀ ਕਦਮ ਹਨ : ਨਮਨ, ਸਿਮਰਨ, ਕੀਰਤਨ, ਬੇਨਤੀ ਤੇ ਅਰਪਣ। ਜਦ ਅਸੀਂ ਖ਼ੁਦ ਨੂੰ ਸਰਬ-ਗਿਆਨੀ, ਸਰਬ-ਸ਼ਕਤੀਮਾਨ ਅਤੇ ਸਰਬ-ਕਿਰਪਾਲੂ ਕੋਲ ਪੂਰਨ ਭਗਤੀ ਨਾਲ ਸਮਰਪਿਤ ਕਰ ਕੇ ਆਪਣੇ ਤੁੱਛ ਹੰਕਾਰ ਨੂੰ ਨਸ਼ਟ ਕਰਦੇ ਹਾਂ, ਉਦੋਂ ਪਰਮ ਸ਼ਕਤੀ ਦੀ ਤਾਕਤ ਸਾਡੇ ਜ਼ਰੀਏ ਵਗਣ ਲੱਗਦੀ ਹੈ। ਉਦੋਂ ਅਸੀਂ ਉਹ ਪ੍ਰਾਪਤ ਕਰ ਸਕਦੇ ਹਾਂ, ਜਿਸ ਨੂੰ ਆਪਣੀ ਸ਼ਕਤੀ ਸਦਕਾ ਪ੍ਰਾਪਤ ਕਰਨਾ ਮੁਸ਼ਕਿਲ ਜਾਂ ਅਸੰਭਵ ਸੀ। ਕਿਸੇ ਨੇ ਕਿਹਾ ਹੈ ਕਿ ਈਸ਼ਵਰ ਪ੍ਰਾਰਥਨਾਵਾਂ ਦਾ ਤਿੰਨ ਰੂਪਾਂ ਵਿਚ ਜਵਾਬ ਦਿੰਦਾ ਹੈ-ਉਹ ‘ਤਥਾਅਸਤੂ’ ਕਹਿੰਦਾ ਹੈ ਅਤੇ ਤੁਹਾਨੂੰ ਤੁਹਾਡੀ ਇੱਛਾ ਮੁਤਾਬਕ ਵਸਤੂ ਦਿੰਦਾ ਹੈ। ਉਹ ਤੁਹਾਨੂੰ ਇਨਕਾਰ ਕਰਦਾ ਹੈ ਅਤੇ ਤੁਹਾਨੂੰ ਕੁਝ ਬਿਹਤਰ ਦਿੰਦਾ ਹੈ, ਉਹ ਤੁਹਾਨੂੰ ਇੰਤਜ਼ਾਰ ਕਰਨ ਲਈ ਕਹਿੰਦਾ ਹੈ ਅਤੇ ਤੁਹਾਨੂੰ ਠੀਕ ਸਮੇਂ ’ਤੇ ਸਰਬੋਤਮ ਦਿੰਦਾ ਹੈ।

ਲੋਕਾਂ ਨੂੰ ‘ਧਰਮ’ ਤੇ ‘ਰੱਬ’ ਉੱਤੇ ਭਰੋਸਾ ਹੋਵੇ ਜਾਂ ਨਾ, ਉਹ ਇੰਨਾ ਜ਼ਰੂਰ ਮਹਿਸੂਸ ਕਰਦੇ ਹਨ ਕਿ ਕੋਈ ਪਰਮ ਸ਼ਕਤੀ ਹੈ, ਜੋ ਬ੍ਰਹਿਮੰਡ ’ਚ ਧੜਕ ਰਹੀ ਹੈ। ਅਸੀਂ ਇਸ ਸ਼ਕਤੀ ਨਾਲ ਕਿਸੇ ਵੀ ਤਰੀਕੇ ਨਾਲ ਜੁੜੀਏ ਅਤੇ ਇਸ ਦਾ ਦਰਸ਼ਨ ਕਰੀਏ ਜਿਸ ਨਾਲ ਕਿ ਸ਼ਾਂਤੀ ਮਿਲ ਸਕੇ, ਈਸ਼ਵਰ ਦਾ ਅਹਿਸਾਸ ਹੋਵੇ ਅਤੇ ਉਤਸ਼ਾਹ ਵਧੇ। ਪ੍ਰਾਰਥਨਾ ਕੇਵਲ ਬੇਨਤੀ ਦਾ ਜ਼ਰੀਆ ਨਹੀਂ ਹੈ। ਜੋ ਕੁਝ ਸਾਡੇ ਕੋਲ ਹੈ, ਉਸ ਵਿਚ ਨਵੀਂ ਸ਼ਕਤੀ ਨੂੰ ਹੀ ਲਾਭ ਦਾ ਨਾਂ ਦਿੱਤਾ ਜਾ ਸਕਦਾ ਹੈ। ਸ਼ੁਕਰਾਨੇ ਤੇ ਪ੍ਰਸ਼ੰਸਾ ਨਾਲ ਪ੍ਰਾਰਥਨਾ ਕੀਤੀ ਜਾਂਦੀ ਹੈ। ਪ੍ਰਾਰਥਨਾਵਾਂ ਸਾਡੇ ਹਾਲਾਤ ਬਦਲਣ ਜਾਂ ਨਾ ਬਦਲਣ, ਸਾਨੂੰ ਜ਼ਰੂਰ ਬਦਲ ਦੇਣਗੀਆਂ। ਜੀਵਨ ’ਚ ਉਲਟ ਹਾਲਾਤ ਆਉਣੇ ਅਟੱਲ ਹਨ। ਇਹ ਕੁਦਰਤ ਦੀ ਦੇਣ ਹਨ। ਜੇ ਦੁੱਖ ਨਹੀਂ ਦੇਖਿਆ ਗਿਆ ਤਾਂ ਸੁੱਖ ਦਾ ਮੁੱਲ ਵੀ ਨਹੀਂ ਜਾਣੋਗੇ। ਜਿਸ ਨੇ ਗ਼ਰੀਬੀ ਨਹੀਂ ਦੇਖੀ, ਉਹ ਧਨ ਦੀ ਕਦਰ ਨਹੀਂ ਸਮਝਦਾ। ਜੋ ਧੁੱਪ ’ਚ ਨਹੀਂ ਚੱਲਿਆ, ਉਹ ਛਾਂ ਦੀ ਅਹਿਮੀਅਤ ਕੀ ਜਾਣੇ? ਜੀਵਨ ਚੁਣੌਤੀ ਹੈ। ਉਲਟ ਹਾਲਾਤ ਸਾਨੂੰ ਮੌਕਾ ਦਿੰਦੇ ਹਨ। ਆਓ! ਅਸੀਂ ਆਪਣਾ ਭਰੋਸਾ ਤੇ ਆਤਮ ਬਲ ਜਾਗਿ੍ਰਤ ਕਰਦੇ ਹੋਏ ਉਨ੍ਹਾਂ ਤੋਂ ਲਾਭ ਲੈਣ ਦੀ ਹਰ ਸੰਭਵ ਕੋਸ਼ਿਸ਼ ਕਰੀਏ।

-ਬੇਲਾ ਗਰਗ।

Posted By: Sunil Thapa