ਹਿੰਦੂ ਧਰਮ ਵਿਚ ਜਨਮ ਤੋਂ ਮੌਤ ਤਕ ਹਰੇਕ ਮਹੱਤਵਪੂਰਨ ਕਾਰਜ, ਉਤਸਵ, ਪੂਜਾ-ਪਾਠ ਅਤੇ ਹਵਨ ਆਦਿ ਮੰਤਰਾਂ ਦੇ ਉਚਾਰਨ ਤੋਂ ਬਿਨਾਂ ਸੰਪੂਰਨ ਨਹੀਂ ਹੁੰਦੇ ਹਨ। ਇਹ ਵੀ ਸੱਚ ਹੈ ਕਿ ਅੱਜ ਦੇ ਭੱਜ-ਦੌੜ ਭਰੇ ਯੁੱਗ ਵਿਚ ਇਹ ਸੰਪੂਰਨ ਵਿਧੀ-ਵਿਧਾਨ ਮਹਿਜ਼ ਰਸਮੀ ਜਿਹੇ ਹੀ ਹੋ ਚੱਲੇ ਹਨ। ਅਜਿਹੇ ਵਿਚ ਸਾਡੇ ਲਈ ਵਰਤਮਾਨ ਮਾਨਤਾਵਾਂ ਦੌਰਾਨ ਆਪਣੀ ਰੁਝੇਵਿਆਂ ਭਰੀ ਜੀਵਨ-ਸ਼ੈਲੀ ਵਿਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਸੱਚੇ ਦਿਲੋਂ ਪੂਜਾ-ਅਰਚਨਾ, ਮੰਤਰ ਉਚਾਰਨ ਆਦਿ ਦੇ ਮਹੱਤਵ ਬਾਰੇ ਜਾਣਨ ਦੀ ਕੋਸ਼ਿਸ਼ ਵੀ ਜ਼ਰੂਰੀ ਹੈ। ਵੇਦ-ਪੁਰਾਣਾਂ ਦਾ ਗਿਆਨ ਇਹ ਜ਼ਰੂਰ ਦੱਸਦਾ ਹੈ ਕਿ ਮੰਤਰ ਸਾਧਨਾ ਸਾਰੀਆਂ ਹੋਰ ਸਾਧਨਾਵਾਂ ਤੋਂ ਉੱਤਮ ਹੈ। ਮੰਤਰ ਵਿੱਦਿਆ ਰਹੱਸਪੂਰਨ ਤਾਂ ਜ਼ਰੂਰ ਹੈ ਫਿਰ ਵੀ ਅੰਦਰੂਨੀ ਇੱਛਾ ਨਾਲ ਸ਼ਰਧਾ ਅਤੇ ਵਿਧੀਪੂਰਵਕ ਕੀਤੀ ਗਈ ਪੂਜਾ-ਅਰਚਨਾ ਸਮਾਂ ਆਉਣ 'ਤੇ ਸੁਖਾਵੇਂ ਨਤੀਜੇ ਜ਼ਰੂਰ ਦਿੰਦੀ ਹੈ। ਐਵੇਂ ਹੀ ਸਿਰਫ਼ ਨਾਂ ਲਈ ਸ਼ਰਧਾ ਰਹਿਤ ਮੰਤਰ ਜਾਪ ਕਰਨ ਦਾ ਕੋਈ ਅਰਥ ਨਹੀਂ। ਦੁਖਦ ਗੱਲ ਤਾਂ ਇਹ ਹੈ ਕਿ ਮਾਨਤਾਵਾਂ ਸਿਰਫ਼ ਧਾਰਮਿਕ ਗਤੀਵਿਧੀਆਂ ਨੂੰ ਸੰਪੰਨ ਕਰਵਾਉਣ ਤਕ ਹੀ ਸੀਮਤ ਹੋ ਚੁੱਕੀਆਂ ਹਨ। ਹੋਰ ਤਾਂ ਹੋਰ ਪੂਜਾ-ਅਰਚਨਾ, ਮੰਤਰ, ਹਵਨ ਵੀ ਵਪਾਰ ਜਿਹੇ ਹੋਣ ਲੱਗੇ ਹਨ। ਲੋਕ ਧਰਮ ਦੇ ਠੇਕੇਦਾਰਾਂ ਦੇ ਚੁੰਗਲ ਵਿਚ ਫਸਦੇ ਜਾਂਦੇ ਹਨ। ਸਾਨੂੰ ਮੰਤਰਾਂ ਦੇ ਗੂੜ੍ਹ ਮਹੱਤਵ ਨੂੰ ਜਾਣਨਾ ਹੋਵੇਗਾ। ਦਰਅਸਲ, ਮੰਤਰਾਂ ਵਿਚ ਤਾਂ ਅਜਿਹੀਆਂ ਸ਼ਕਤੀਆਂ ਹੁੰਦੀਆਂ ਹਨ ਜਿਨ੍ਹਾਂ ਦੇ ਸਹੀ ਉਚਾਰਨ ਅਤੇ ਸੁਣਨ ਨਾਲ ਹਾਂ-ਪੱਖੀ ਤਰੰਗਾਂ ਉਪਜਣ ਲੱਗਦੀਆਂ ਹਨ। ਮਾਨਸ ਜਾਪ ਲਈ ਕੋਈ ਨਿਯਮ ਦਾ ਬੰਧਨ ਨਹੀਂ ਹੈ, ਹਰੇਕ ਸਥਾਨ, ਸਮਾਂ ਦੋਸ਼ਮੁਕਤ ਹਨ। ਅਸੀਂ ਜਾਣੇ-ਅਨਜਾਣੇ ਇੱਛਾ-ਪੂਰਤੀ ਲਈ ਜਾਂ ਕਸ਼ਟਾਂ ਵਿਚ ਕਿੰਨੇ ਹੀ ਮੰਤਰਾਂ ਦਾ ਜਾਪ ਮਨ ਹੀ ਮਨ ਕਰਦੇ ਰਹਿੰਦੇ ਹਾਂ, ਇਸੇ ਆਸ ਵਿਚ ਕਿ ਇਕ ਨਾ ਇਕ ਦਿਨ ਸਾਨੂੰ ਦੁੱਖਾਂ ਤੋਂ ਮੁਕਤੀ ਜ਼ਰੂਰ ਮਿਲੇਗੀ। ਹਿਰਦੇ ਵਿਚ ਆਾਸਥਾ ਹੋਵੇ ਤਾਂ ਅਸੀਂ ਮੰਤਰਾਂ ਦੀਆਂ ਤਰੰਗਾਂ ਦਾ ਜ਼ਰੂਰ ਅਹਿਸਾਸ ਕਰ ਸਕਾਂਗੇ ਜਿਨ੍ਹਾਂ ਸਦਕਾ ਧੁਰ ਅੰਦਰੋਂ ਸ਼ਾਂਤੀ ਦਾ ਸੰਚਾਰ ਹੋਵੇਗਾ ਅਤੇ ਊਰਜਾ ਵਿਚ ਵਾਧਾ ਹੋਣਾ ਯਕੀਨੀ ਹੈ। ਮੰਤਰਾਂ ਦੇ ਸਾਰ ਨੂੰ ਜਾਣਨਾ ਇਕ ਯਾਤਰਾ ਹੈ ਜੋ ਜੀਵਨ ਨੂੰ ਪਰਮਾਤਮਾ ਨਾਲ ਜੋੜਨ ਦੇ ਸਮਰੱਥ ਹੈ। ਮੰਤਰਾਂ ਦੇ ਸਹੀ ਮਹੱਤਵ ਨੂੰ ਸਮਝੇ ਬਿਨਾਂ ਉਨ੍ਹਾਂ ਦੀ ਮਾਨਤਾ ਨੂੰ ਨਿਰਧਾਰਤ ਕਰਨਾ ਗ਼ੈਰ-ਵਾਜਿਬ ਹੀ ਨਹੀਂ, ਸਗੋਂ ਅਗਿਆਨਤਾ ਦਾ ਸਬੂਤ ਹੈ।

-ਛਾਇਆ ਸ੍ਰੀਵਾਸਤਵ।

Posted By: Rajnish Kaur