v>ਪਿਆਰ ਮਹਿਜ਼ ਸ਼ਬਦ ਹੀ ਨਹੀਂ ਹੈ ਬਲਕਿ ਅਜਿਹਾ ਅਹਿਸਾਸ ਹੈ ਜਿਸ ਦਾ ਸ਼ਬਦਾਂ ਵਿਚ ਪ੍ਰਗਟਾਵਾ ਕਰਨਾ ਸੰਭਵ ਨਹੀਂ। ਉਸ ਦੇ ਬਿਨਾਂ ਜੀਵਨ ਵਿਅਰਥ ਜਿਹਾ ਹੈ। ਪ੍ਰੇਮ -ਪਿਆਰ ਆਪਣੇ ਅਸਲੀ ਅਰਥ ਵਿਚ ਖ਼ਾਲਸ ਹੈ। ਆਪਣੇ ਪਿਆਰੇ ਦੇ ਪ੍ਰਤੀ ਇਹ ਉਹ ਅਸਾਧਾਰਨ ਕਿਰਿਆ ਹੈ ਜੋ ਪਿਆਰੇ ਤੇ ਪ੍ਰੀਤਮ ਨਾਲ ਇਕਮਿਕ ਭਾਵ ਪੈਦਾ ਕਰ ਦਿੰਦੀ ਹੈ। ਇਸ ਦ੍ਰਿਸ਼ਟੀ ਨਾਲ ਪ੍ਰੇਮ ਸ਼ਰਧਾ ਤੋਂ ਵੀ ਉੱਚਤਮ ਭਾਵ ਹੈ। ਸ਼ਰਧਾ ਵਿਚ ਤਾਂ ਸਾੜੇ ਦੀ ਭਾਵਨਾ ਜਾਂ ਸ੍ਰੇਸ਼ਠ ਤੋਂ ਸਰਬੋਤਮ ਦੀ ਭਾਵਨਾ ਸ਼ਾਮਲ ਰਹਿੰਦੀ ਹੈ ਪਰ ਪ੍ਰੇਮ ਵਿਚ ਇਹ ਭਾਵਨਾ ਲੁਪਤ ਹੋ ਜਾਂਦੀ ਹੈ। ਇੱਥੇ ਵਿਸ਼ੇ ਅਤੇ ਵਿਕਾਰ ਦਾ ਆਰੰਭ ਵਿਚ ਹੀ ਤਿਆਗ ਕੀਤਾ ਜਾਂਦਾ ਹੈ। ਖ਼ੁਦ ਨੂੰ ਭੁਲਾ ਦਿੱਤਾ ਜਾਂਦਾ ਹੈ। ਇਸ ਅਵਸਥਾ ਵਿਚ ਪਿਆਰੇ ਤੇ ਪ੍ਰੀਤਮ ਜਾਂ ਭਗਵਾਨ ਅਤੇ ਭਗਤ ਵਿਚਾਲੇ ਕੋਈ ਵੀ ਫ਼ਰਕ ਨਹੀਂ ਰਹਿੰਦਾ। ਇੱਥੇ ਭਗਵਾਨ ਭਗਤ ਦੇ ਲਾਗੇ ਆ ਜਾਂਦਾ ਹੈ। ਉਹ ਤੁਲਸੀਦਾਸ ਦੀ ਕੁਟੀਆ ’ਤੇ ਪਹਿਰਾ ਦਿੰਦਾ ਹੈ। ਨਰਸੀ ਦੀ ਹੁੰਡੀ ਭੁਨਾਉਂਦਾ ਹੈ। ਅਰਜਨ ਦਾ ਰੱਥ ਹੱਕਦਾ ਹੈ। ਦੁਰਯੋਧਨ ਦੇ ਤਰ੍ਹਾਂ-ਤਰ੍ਹਾਂ ਦੇ ਵਿਅੰਜਨ ਛੱਡ ਕੇ ਵਿਦੁਰ ਦੇ ਇੱਥੇ ਭੋਜਨ ਕਰਦਾ ਹੈ। ਇਹੀ ਇਕਮਿਕਤਾ ਵਾਲਾ ਭਾਵ ਪ੍ਰੇਮ ਦਾ ਖ਼ਾਲਸ ਅਰਥ ਹੈ। ਆਪਣੇ ਇਸ ਖ਼ਾਲਸ ਅਰਥ ਦੇ ਉਲਟ ਪ੍ਰੇਮ ਦਾ ਵਾਸਨਾ ਰੂਪ ਵੀ ਹੁੰਦਾ ਹੈ। ਪ੍ਰੇਮ ਦੇ ਇਸੇ ਰੂਪ ਅਤੇ ਸਾਧਾਰਨ ਹੋਣ ਕਾਰਨ ਹੀ ਉਸ ਦਾ ਅਸਲ ਅਰਥ ਵਿਗੜਨ ਲੱਗਦਾ ਹੈ। ਨਾਰਦ ਜੀ ਨੇ ਭਗਤੀ ਸੂਤਰ ਵਿਚ ਕਿਹਾ ਹੈ ‘ਨਾਸਤਯੇਵ ਨਸਿਮਸਤਸੁਖਸੁਖਿਤਵਮ’ ਅਰਥਾਤ ਵਾਸਨਾ ਤੋਂ ਉਪਜੇ ਪ੍ਰੇਮ ਵਿਚ ਮਨੁੱਖ ਆਪਣੇ ਪਿਆਰੇ ਦੇ ਸੁੱਖ ਵਿਚ ਖ਼ੁਦ ਦੇ ਸੁੱਖ ਦਾ ਅਹਿਸਾਸ ਨਹੀਂ ਕਰਦਾ ਸਗੋਂ ਉਹ ਖ਼ੁਦ ਵਿਚ ਸੁੱਖ ਦਾ ਅਹਿਸਾਸ ਕਰਨ ਲਈ ਦੂਜੇ ਨੂੰ ਸੁੱਖ-ਸਿੱਧੀ ਦਾ ਸਾਧਨ ਮੰਨਦਾ ਹੈ। ਅਸਲ ਵਿਚ ਖ਼ਾਲਸ ਪ੍ਰੇਮ ਦੇਸ਼ ਅਤੇ ਕਾਲ ਦੀਆਂ ਹੱਦਾਂ ਤੋਂ ਪਰੇ ਹੈ ਜਦਕਿ ਵਾਸਨਾ ਤੋਂ ਉਪਜਿਆ ਪ੍ਰੇਮ ਥੋੜ੍ਹ ਚਿਰਾ ਅਤੇ ਸਮਾਂ ਗੁਜ਼ਰਨ ਦੇ ਨਾਲ ਘਟਣ ਵਾਲਾ ਹੈ। ਯਥਾਰਥ ਵਿਚ ਸੱਚਾ ਪ੍ਰੇਮ ਤਾਂ ਉਹ ਹੈ ਜਿਸ ਵਿਚ ਪ੍ਰੀਤਮ ਦੇ ਸੁੱਖ ਵਿਚ ਪ੍ਰੇਮੀ ਝੂਮਣ ਲੱਗਦਾ ਹੈ। ਉਸ ਵਿਚ ਸਵਾਰਥ ਦੀ ਦੁਰਗੰਧ ਨਹੀਂ ਹੁੰਦੀ। ਪ੍ਰੇਮ ਆਪਣੀ ਸ਼ਕਤੀ ਦਾ ਅਹਿਸਾਸ ਆਪ-ਮੁਹਾਰੇ ਕਰਵਾ ਦਿੰਦਾ ਹੈ। ਪ੍ਰੇਮ-ਪਿਆਰ ਵਿਚ ਸੁਰਗਾਂ ਦੇ ਝੂਟੇ ਅਤੇ ਮੌਤ ਜਿਹੀ ਅਨੁਭੂਤੀ ਹੈ ਪਰ ਜੋ ਪ੍ਰੇਮ ਕਰਦਾ ਹੈ, ਉਹੀ ਸੱਚਾ ਸੁਖੀ ਅਤੇ ਕਿਸਮਤਵਾਲਾ ਹੈ। ਪ੍ਰੇਮ ਦੀ ਕਮੀ ਵਿਚ ਜੀਵਨ ਰਸਹੀਣ ਅਤੇ ਵਿਅਰਥ ਹੋ ਜਾਂਦਾ ਹੈ। -ਡਾ. ਪ੍ਰਸ਼ਾਂਤ ਅਗਨੀਹੋਤਰੀ

Posted By: Susheel Khanna