ਕਾਮ, ਕਰੋਧ, ਲੋਭ, ਮੋਹ ਤੇ ਹੰਕਾਰ ਨੂੰ ਭਾਰਤੀ ਪ੍ਰੰਪਰਾ 'ਚ ਅਜਿਹੇ ਔਗੁਣਾਂ ਦੇ ਰੂਪ 'ਚ ਗਿਣਾਇਆ ਗਿਆ ਹੈ ਜਿਨ੍ਹਾਂ 'ਚ ਫਸ ਕੇ ਵਿਅਕਤੀ ਨਾ ਸਿਰਫ਼ ਆਪਣਾ ਜਨਤਕ ਜੀਵਨ ਨਸ਼ਟ ਕਰ ਲੈਂਦਾ ਹੈ ਸਗੋਂ ਅਜਿਹੇ ਵਿਅਕਤੀ ਦਾ ਪਰਲੋਕ ਜੀਵਨ ਵੀ ਖ਼ਰਾਬ ਹੋ ਜਾਂਦਾ ਹੈ। ਇਹ ਵੀ ਕਿਹਾ ਗਿਆ ਹੈ ਕਿ ਕੋਈ ਇਨ੍ਹਾਂ ਔਗੁਣਾਂ 'ਚ ਕਿੰਨਾ ਹੀ ਕਿਉਂ ਨਾ ਫਸ ਜਾਵੇ, ਜੇ ਉਹ ਜਾਣੇ-ਅਨਜਾਣੇ ਰੱਬ ਦੇ ਨਾਮ ਦਾ ਸਿਮਰਨ ਕਰਦਾ ਰਹਿੰਦਾ ਹੈ ਤਾਂ ਸਭ ਤਰ੍ਹਾਂ ਨਾਲ ਉਸ ਦਾ ਕਲਿਆਣ ਹੋ ਜਾਂਦਾ ਹੈ। ਰੱਬ ਦੀ ਮਹਿਮਾ ਦੇ ਮਹੱਤਵ ਨੂੰ ਦੱਸਣ ਵਾਲੀ ਅਜਿਹੀ ਹੀ ਇਕ ਕਥਾ ਸ੍ਰੀਮਦ ਭਗਵਤ ਵਿਚ ਹੈ। ਉਸ ਵਿਚ ਕਿਹਾ ਗਿਆ ਹੈ ਕਿ ਕਿਸੇ ਇਕ ਦੌਰ ਵਿਚ ਕਿਸੇ ਸਥਾਨ 'ਤੇ ਅਜਾਮਿਲ ਨਾਂ ਦਾ ਇਕ ਬ੍ਰਾਹਮਣ ਰਹਿੰਦਾ ਸੀ ਜੋ ਜੂਆ ਖੇਡਣ, ਸ਼ਰਾਬ ਪੀਣ, ਵੇਸਵਾਵਾਂ ਦੀ ਸੰਗਤ ਕਰਨ ਦਾ ਇੰਨਾ ਵੱਧ ਸ਼ੌਕੀਨ ਸੀ ਕਿ ਉਸ ਦੀ ਇਹੀ ਜੀਵਨ ਸ਼ੈਲੀ ਬਣ ਗਈ ਸੀ। ਉਹ ਆਪਣੇ ਇਨ੍ਹਾਂ ਮਾੜੇ ਸ਼ੌਕਾਂ ਦੀ ਪੂਰਤੀ ਲਈ ਸਮੇਂ-ਸਮੇਂ ਲੁੱਟ-ਮਾਰ ਵੀ ਕਰਦਾ ਰਹਿੰਦਾ ਸੀ। ਇਸ ਦੇ ਉਲਟ ਉਸ ਦੀ ਪਤਨੀ ਸੁਸ਼ੀਲ ਅਤੇ ਚੰਗਾ ਵਿਵਹਾਰ ਕਰਨ ਵਾਲੀ ਸੀ। ਆਪਣੇ ਪਤੀ ਦੀਆਂ ਮਾੜੀਆਂ ਬਿਰਤੀਆਂ ਨੂੰ ਦੇਖ ਕੇ ਉਹ ਬਹੁਤ ਦੁਖੀ ਰਹਿੰਦੀ ਸੀ। ਉਸ ਦੀ ਕੋਈ ਸੰਤਾਨ ਵੀ ਨਹੀਂ ਸੀ। ਇਕ ਦਿਨ ਉਸ ਦੇ ਦੁਆਰ 'ਤੇ ਇਕ ਸੰਤ ਪਧਾਰੇ। ਅਜਾਮਿਲ ਦੀ ਪਤਨੀ ਨੇ ਉਨ੍ਹਾਂ ਨੂੰ ਸਵਾਦਿਸ਼ਟ ਭੋਜਨ ਕਰਵਾ ਕੇ ਪ੍ਰਸੰਨ ਕੀਤਾ। ਅਸ਼ੀਰਵਾਦ ਵਜੋਂ ਉਨ੍ਹਾਂ ਨੇ ਕਿਹਾ, ਬੇਟੀ! ਕੁਝ ਦਿਨਾਂ ਬਾਅਦ ਤੇਰੇ ਇਕ ਪੁੱਤਰ ਹੋਵੇਗਾ ਜਿਸ ਦਾ ਨਾਂ ਤੂੰ ਨਾਰਾਇਣ ਰੱਖ ਦੇਈਂ। ਤੇਰਾ ਕਲਿਆਣ ਹੋਵੇਗਾ। ਕੁਝ ਦਿਨਾਂ ਬਾਅਦ ਅਜਾਮਿਲ ਦੇ ਪੁੱਤਰ ਹੋਇਆ ਅਤੇ ਉਸ ਦਾ ਨਾਂ ਨਾਰਾਇਣ ਰੱਖ ਦਿੱਤਾ ਗਿਆ। ਅਜਾਮਿਲ ਨੂੰ ਪੁੱਤਰ-ਮੋਹ ਨੇ ਅਜਿਹਾ ਘੇਰਿਆ ਕਿ ਉਹ ਪੂਰਾ ਦਿਨ ਨਾਰਾਇਣ-ਨਾਰਾਇਣ ਹੀ ਪੁਕਾਰਦਾ ਰਹਿੰਦਾ। ਉਹ ਜੂਆ, ਡਕੈਤੀ ਅਤੇ ਵੇਸਵਾਵਾਂ ਦਾ ਸੰਗ ਕਰਨਾ ਭੁੱਲ ਗਿਆ। ਜਦ ਉਸ ਦਾ ਜੀਵਨ ਪੂਰਾ ਹੋਇਆ ਤਾਂ ਉਸ ਦੀ ਜੀਵ ਆਤਮਾ ਨੂੰ ਨਰਕ ਵਿਚ ਲੈ ਕੇ ਜਾਣ ਲਈ ਯਮਦੂਤ ਅਤੇ ਸਵਰਗ ਵਿਚ ਲੈ ਕੇ ਜਾਣ ਲਈ ਨਾਰਾਇਣ ਦੇ ਦੂਤ ਇਕੱਠੇ ਆਏ। ਉਨ੍ਹਾਂ ਦੋਵਾਂ ਵਿਚਾਲੇ ਜਦ ਵਿਵਾਦ ਹੋਇਆ ਤਾਂ ਨਾਰਾਇਣ ਦੇ ਦੂਤਾਂ ਨੇ ਕਿਹਾ, ਕੋਈ ਕਿੰਨਾ ਵੀ ਵੱਡਾ ਪਾਪੀ ਹੋਵੇ, ਜੇ ਉਸ ਨੇ ਅਨਜਾਣੇ ਵਿਚ ਵੀ ਨਾਰਾਇਣ ਦਾ ਨਾਮ ਲੈ ਲਿਆ ਹੈ ਤਾਂ ਉਹ ਦੇਵ ਲੋਕ ਹੀ ਜਾਵੇਗਾ ਅਤੇ ਇਹ ਕਹਿ ਕੇ ਦੇਵ ਦੂਤ ਉਸ ਨੂੰ ਸਵਰਗ ਵਿਚ ਲੈ ਗਏ।

-ਡਾ. ਗਦਾਧਰ ਤ੍ਰਿਪਾਠੀ।

Posted By: Jagjit Singh