ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਸਿੰਧ ਪ੍ਰਾਂਤ ਵਿਚ ਰਹਿਣ ਵਾਲੇ ਲੋਕ ਉਨ੍ਹਾਂ ਦੇ ਮੱਤ ਦੇ ਧਾਰਣੀ ਹੋ ਗਏ ਸਨ। ਸਿੰਧ ਪ੍ਰਾਂਤ ਦੇ ਬਸ਼ਿੰਦਿਆਂ ਨੂੰ 'ਸਿੰਧੀ ਸਿੱਖ' ਕਿਹਾ ਜਾਂਦਾ ਹੈ। ਗੁਰੂ ਜੀ ਉਦਾਸੀਆਂ ਦੌਰਾਨ ਉੱਥੇ ਗਏ ਸਨ ਪਰ ਗੁਰੂ ਨਾਨਕ ਦੇਵ ਜੀ ਦੀ ਧਰਮ ਸਾਧਨਾ ਦਾ ਪ੍ਰਚਾਰ ਉਨ੍ਹਾਂ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਨੇ ਕੀਤਾ ਤੇ ਕਈ ਧਰਮਸ਼ਾਲਾਂ ਕਾਇਮ ਕੀਤੀਆਂ। ਬਾਦ ਵਿਚ ਉਦਾਸੀ ਸੰਪ੍ਰਦਾਇ ਦੇ ਅਨੇਕ ਸਾਧਾਂ-ਸੰਤਾਂ ਨੇ ਸਿੰਧ ਪ੍ਰਾਂਤ ਵਿਚ ਆਪਣੇ ਡੇਰੇ ਕਾਇਮ ਕੀਤੇ। ਸੱਖਰ ਦੇ ਨੇੜੇ ਸਿੰਧ ਨਦੀ ਦੇ ਇਕ ਟਾਪੂ ਵਿਚ ਸਥਿਤ ਸਾਧੁਬੇਲਾ ਮੀਹਾਂ ਸ਼ਾਹੀ ਸ਼ਾਖਾ ਦੇ ਇਕ ਉਦਾਸੀ ਸਾਧੂ ਬਾਬਾ ਬਨਖੰਡੀ ਨੇ 1823 ਈਸਵੀ ਵਿਚ ਸਥਾਪਿਤ ਕੀਤਾ ਸੀ ਜੋ ਹੁਣ ਇਕ ਮਹੱਤਵਪੂਰਨ ਤੀਰਥ ਵਜੋਂ ਪ੍ਰਸਿੱਧ ਹੋ ਚੁਕਿਆ ਹੈ। ਬਾਬਾ ਗੁਰੂਪਤ ਨੇ ਸਿੰਧ ਸੂਬੇ ਵਿਚ 'ਜਗਿਆਸੂ' ਨਾਂ ਦੀ ਇਕ ਉਪ-ਸੰਪ੍ਰਦਾਇ ਵੀ ਪ੍ਰਚਲਿਤ ਕੀਤੀ। ਉਦਾਸੀ ਸਾਧੂ ਬਾਬਾ ਸਰੂਪ ਦਾਸ ਨੇ ਸ਼ਿਕਾਰਪੁਰ ਨਗਰ ਵਿਚ ਗੁਰੂ ਨਾਨਕ ਦੇਵ ਜੀ ਦੀ ਧਰਮ-ਸਾਧਨਾ ਦਾ ਕੇਂਦਰ ਸਥਾਪਿਤ ਕੀਤਾ।

ਉਦਾਸੀ ਸਾਧੂਆਂ ਤੋਂ ਇਲਾਵਾ ਨਿਰਮਲੇ ਸੰਤਾਂ ਨੇ ਸਿੰਧ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ ਤੇ ਅਨੇਕ ਡੇਰੇ ਸਥਾਪਿਤ ਕੀਤੇ। ਉੱਥੇ ਪ੍ਰਚਾਰ ਕਰਨ ਵਾਲਿਆਂ ਵਿਚ ਮਹੰਤ ਬੁੱਢਾ ਸਿੰਘ, ਸੰਤ ਗੁਲਾਬ ਸਿੰਘ, ਸੰਤ ਪ੍ਰੀਤਮ ਸਿੰਘ ਆਦਿ ਦੇ ਨਾਂ ਵਿਸ਼ੇਸ਼ ਵਰਨਣਯੋਗ ਹਨ। ਇਨ੍ਹਾਂ ਨੇ ਉੱਥੇ ਕਈ ਗੁਰਦੁਆਰੇ ਕਾਇਮ ਕੀਤੇ। ਸਿੰਘ ਸਭਾ ਲਹਿਰ ਵਾਲਿਆਂ ਨੇ ਵੀ ਸਿੰਧ ਵਿਚ ਸਿੱਖੀ ਦਾ ਬਹੁਤ ਪ੍ਰਚਾਰ ਕੀਤਾ। ਚੀਫ ਖ਼ਾਲਸਾ ਦੀਵਾਨ ਵਾਲੇ ਵੀ ਇਸ ਕਰਮ ਵੱਲ ਬਹੁਤ ਰੁਚਿਤ ਰਹੇ। ਸੰਤ ਅਤਰ ਸਿੰਘ ਮਸਤੂਆਣੇ ਵਾਲੇ, ਭਾਈ ਅਰਜਨ ਸਿੰਘ ਬਾਗੜੀਆਂ ਵਾਲੇ ਸ. ਹਰਬੰਸ ਸਿੰਘ ਅਟਾਰੀ ਵਾਲੇ, ਭਾਈ ਹੀਰਾ ਸਿੰਘ ਰਾਗੀ ਅਤੇ ਸੇਵਾ ਪੰਥੀ ਧਾਰਮਿਕ ਆਗੂਆਂ ਨੇ ਵੀ ਉੱਥੇ ਕਈ ਵਾਰ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ।

ਸਿੰਧੀ ਸਿੱਖਾਂ ਨੇ ਖ਼ੁਦ ਵੀ ਸਿੱਖੀ ਦੇ ਪ੍ਰਚਾਰ ਵਿਚ ਬਹੁਤ ਦਿਲਚਸਪੀ ਵਿਖਾਈ। ਇਸ ਸਬੰਧ ਵਿਚ ਸਾਧੂ ਟੀ.ਐੱਲ.ਵਾਸਵਾਨੀ, ਦਾਦਾ ਚੇਲਾਰਾਮ ਆਦਿ ਦੇ ਨਾਂ ਖ਼ਾਸ ਤੌਰ 'ਤੇ ਜ਼ਿਕਰਯੋਗ ਹਨ। ਇਨ੍ਹਾਂ ਤੋਂ ਇਲਾਵਾ ਦੇਸ਼-ਵੰਡ ਤੋਂ ਪਹਿਲਾਂ ਹਰ ਸਾਲ ਕਥਾਕਾਰ, ਪ੍ਰਚਾਰਕ ਤੇ ਕੀਰਤਨੀ ਸਿੱਖ ਸਿੰਧ ਪ੍ਰਾਂਤ ਵੱਲ ਪ੍ਰਚਾਰ ਲਈ ਜਾਂਦੇ ਰਹਿੰਦੇ ਸਨ। ਪਹਿਲਾਂ ਸਿੰਧੀ ਲੋਕ ਮੁੱਖ ਤੌਰ 'ਤੇ ਕੇਸਾਧਾਰੀ ਨਹੀਂ ਸਨ ਪਰ ਹੁਣ ਉਹ ਹੌਲੀ-ਹੌਲੀ ਸਿੰਘ ਵੀ ਸਜ ਰਹੇ ਹਨ। ਬਹੁਗਿਣਤੀ ਸਿੰਧੀ ਗੁਰੂ ਨਾਨਕ ਨਾਮ ਲੇਵਾ ਹਨ ਤੇ ਆਪਣੇ ਪਿੰਡ ਵਿਚ ਗੁਰੂ ਘਰ ਬਣਾ ਕੇ ਦੋਹੇਂ ਵੇਲੇ ਗੁਰੂ ਜੱਸ ਕਰਦੇ ਹਨ। ਕੁਝ ਗੁਰਪੁਰਬ ਵੀ ਵੱਡੀ ਪੱਧਰ 'ਤੇ ਮਨਾਉਂਦੇ ਹਨ। ਸ੍ਰੀ ਲਛਮਣ ਸਿੰਘ ਲਾਲਕਿਆਣਾ ਸਿੰਧ, ਪਾਕਿਸਤਾਨ ਤੋਂ ਆਪਣੇ ਸਾਥੀਆਂ ਦਾ ਜਥਾ ਲੈ ਕੇ ਸ੍ਰੀ ਹਰਿਮੰਦਰ ਸਾਹਿਬ ਤੇ ਹੋਰ ਗੁਰਧਾਮਾਂ ਦੇ ਦਰਸ਼ਨਾਂ ਲਈ ਭਾਰਤ ਆਇਆ। ਕਿਸੇ ਵਿਅਕਤੀ ਨੇ Àੁਸ ਨੂੰ ਮੇਰਾ ਨੰਬਰ ਦੇ ਦਿੱਤਾ। ਜਦ ਉਹ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਪੁੱਜਾ ਤਾਂ ਉਹ ਲਿਬਾਸ ਤੋਂ ਬੜਾ ਗ਼ਰੀਬੜਾ ਜਿਹਾ ਸੀ। ਉਸ ਨੇ ਦੱਸਿਆ ਕਿ ਅਸੀਂ ਸਾਰੇ ਕੱਪੜਾ ਵੇਚਣ ਦਾ ਕੰਮ ਕਰਦੇ ਹਾਂ। ਅਸੀਂ ਗੁਰੂ ਘਰ ਬਣਾਇਆ ਹੈ, ਬੱਚੇ ਪੰਜਾਬੀ ਪੜ੍ਹਨਾ ਚਾਹੁੰਦੇ ਹਨ। ਮੈਂ ਉਨ੍ਹਾਂ ਨੂੰ ਉਸੇ ਵਕਤ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨਾਲ ਮਿਲਾ ਦਿੱਤਾ। ਭਾਈ ਲਛਮਣ ਸਿੰਘ ਨੇ ਜੋ ਮੰਗ ਕੀਤੀ, ਉਹ ਪੂਰੀ ਕਰ ਦਿੱਤੀ ਗਈ। ਦੂਸਰੇ ਸਾਲ ਉਹ ਆਏ ਤਾਂ ਸਾਰੇ ਸਿੱਖੀ ਸਰੂਪ 'ਚ ਦਸਤਾਰਾਂ ਸਜਾ ਕੇ ਆਏ। ਉਹ ਚਾਰ ਸਾਲ ਤੋਂ ਦਰਸਨਾਂ ਲਈ ਇਥੇ ਪੁੱਜ ਰਹੇ ਹਨ। ਉਸ ਨੇ ਕਿਹਾ ਬਾਬਾ ਨਾਨਕ ਜੀ ਸਾਡੇ ਪੀਰ ਹਨ, ਗੁਰੂ ਵੀ ਹਨ, ਅਸੀਂ ਉਨ੍ਹਾਂ ਪ੍ਰਤੀ ਬਹੁਤ ਸ਼ਰਧਾ ਸਤਿਕਾਰ ਰੱਖਦੇ ਹਾਂ।

ਦੇਸ਼ ਦੀ ਆਜ਼ਾਦੀ ਤੋਂ ਬਾਦ ਬਹੁਤੇ ਸਿੰਧੀ ਹਿੰਦੁਸਤਾਨ ਵੱਲ ਆ ਗਏ ਅਤੇ ਉਨ੍ਹਾਂ ਵਿਚੋਂ ਜ਼ਿਆਦਾਤਰ ਮਹਾਰਾਸ਼ਟਰ ਦੇ ਮੁੰਬਈ ਨਗਰ ਵਿਚ ਵੱਸ ਗਏ। ਇਸ ਤੋਂ ਇਲਾਵਾ ਲਖਨਊ, ਪੂਨਾ, ਹੈਦਰਾਬਾਦ ਆਦਿ ਨਗਰਾਂ ਵਿਚ ਵੀ ਉਨ੍ਹਾਂ ਦਾ ਕਾਫ਼ੀ ਵਪਾਰ ਹੈ। ਪਾਕਿਸਤਾਨ ਵਿਚ ਰਹਿ ਰਹੇ ਸਿੰਧੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਵਿਸ਼ਵਾਸ ਰੱਖਦੇ ਹਨ ਤੇ ਅਕਸਰ ਗੁਰਪੁਰਬਾਂ ਉੱਤੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਗੁਰਦੁਆਰਾ ਪੰਜਾ ਸਾਹਿਬ ਪਾਕਿਸਤਾਨ ਵਿਖੇ ਗੁਰੂ ਧਾਮਾਂ ਵਿਚ ਬੜੇ ਚਾਉ ਨਾਲ ਸ਼ਿਰਕਤ ਕਰਦੇ ਹਨ। ਲੰਗਰ ਦਾ ਜ਼ਿਆਦਾਤਰ ਪ੍ਰਬੰਧ ਸਿੰਧੀ ਸਿੱਖਾਂ ਦੁਆਰਾ ਹੀ ਕੀਤਾ ਜਾਂਦਾ ਹੈ। ਉਨ੍ਹਾਂ ਦੇ ਸੇਵਾ ਕਰਦਿਆਂ ਦੇ ਦਰਸ਼ਨ ਕਰੋ ਤਾਂ ਇੰਜ ਮਹਿਸੂਸ ਹੁੰਦਾ ਹੈ ਕਿ ਕਰਤਾਰ ਦੀ ਲੀਲਾ ਅਪਰੰਮ-ਅਪਾਰ ਹੈ।

ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਇਹ ਲੋਕ ਸਿੰਧ ਵਿਚ ਵੱਡੀ ਪੱਧਰ 'ਤੇ ਮਨਾਉਂਦੇ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿੰਘ ਸਾਹਿਬ ਗ੍ਰੰਥੀ ਸਿੰਘ, ਕੀਰਤਨੀਏ ਸਿੰਘ, ਪ੍ਰਚਾਰਕ ਆਦਿ ਵਿਸ਼ੇਸ਼ ਤੌਰ 'ਤੇ ਉੱਥੇ ਪੁੱਜਦੇ ਹਨ, ਸ. ਪਰਮਿੰਦਰ ਸਿੰਘ ਡੰਡੀ ਸ਼੍ਰੋਮਣੀ ਕਮੇਟੀ ਦੇ ਯਾਤਰਾ ਵਿਭਾਗ ਨਾਲ ਲੰਬਾ ਸਮਾਂ ਸਬੰਧਤ ਰਹੇ। ਉਹ ਵਿਸ਼ੇਸ਼ ਗੁਰਪੁਰਬਾਂ ਮੌਕੇ ਵਿਸ਼ੇਸ਼ ਪ੍ਰਚਾਰਕਾਂ ਦਾ ਪ੍ਰਬੰਧ ਕਰ ਕੇ ਲਿਜਾਂਦੇ ਹਨ। ਭਾਵੇਂ ਉਹ ਸ਼੍ਰੋਮਣੀ ਕਮੇਟੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ ਪਰ ਉਨ੍ਹਾਂ ਦਾ ਸਬੰਧ, ਰਾਬਤਾ ਸਾਰਿਆਂ ਨਾਲ ਪਹਿਲਾਂ ਦੀ ਤਰ੍ਹਾਂ ਕਾਇਮ ਹੈ। ਸ. ਤਾਰਾ ਸਿੰਘ, ਜੋ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਰਹੇ ਹਨ, ਉਹ ਵੀ ਸਿੰਧ ਪ੍ਰਾਂਤ ਨਾਲ ਸਬੰਧਤ ਹਨ, ਉਨ੍ਹਾਂ ਦੇ ਪਿਤਾ ਹਰੀਦਾਸ (ਹਰੀਆ) ਗੁਰੂ ਘਰ ਦੇ ਅਨਿਨ ਸੇਵਕ ਸਨ, ਪਹਿਲਾਂ ਤਾਰਾ ਸਿੰਘ ਦੇ ਸਿਰ 'ਤੇ ਵੀ ਕੇਸ ਨਹੀਂ ਸਨ ਪਰ ਬਾਅਦ ਵਿਚ ਉਹ ਕੇਸਾਧਾਰੀ ਸਿੱਖ ਬਣਿਆ। ਕੁਟੰਬ ਦੇ ਸਖ਼ਤ ਵਿਰੋਧ ਕਰਨ 'ਤੇ ਵੀ ਉਹ ਕੇਸਾਧਾਰੀ ਹੋਇਆ ਤੇ ਗੁਰੂ ਘਰਾਂ ਦੀ ਬਹੁਤ ਸੇਵਾ ਕੀਤੀ। ਭਾਈ ਗੁਰਇਕਬਾਲ ਸਿੰਘ, ਬੀਬੀ ਕੌਲਾਂ ਟਰੱਸਟ ਵਾਲੇ ਵੀ ਸਿੰਧ ਵਿਚ ਪ੍ਰਚਾਰ ਲਈ ਜਾਂਦੇ ਹਨ। ਉੱਧਰੋਂ ਵੀ ਸਿੰਧੀਆਂ ਦੇ ਜਥੇ ਭਾਰਤੀ ਪੰਜਾਬ ਵਿਚ ਆਉਂਦੇ ਰਹਿੰਦੇ ਹਨ। ਪਿਛਲੇ ਸਾਲ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੋਗੋਂਵਾਲ ਵੀ ਲਖਨਊ ਗਏ ਸਨ। ਉਥੇ ਸਾਈਂ ਚਾਂਡੂਰਾਮ, ਜੋ ਸਿੰਧੀ ਭਾਈਚਾਰੇ ਦਾ ਮੁੱਖੀ ਹੈ, ਨੂੰ ਮਿਲੇ ਸਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਦਾ ਬੇਮਿਸਾਲ ਆਦਰ ਸਤਿਕਾਰ ਤੇ ਸਨਮਾਨ ਕੀਤਾ ਸੀ। ਹੁਣ ਜਦ ਸਰਬ ਧਰਮ ਸੰਮੇਲਨ ਦੀ ਗੱਲ ਚੱਲ ਰਹੀ ਹੈ ਤਾਂ ਅਜਿਹੀਆਂ ਧਿਰਾਂ ਅੱਖੋਂ ਪਰੋਖੇ ਨਹੀਂ ਹੋਣੀਆਂ ਚਾਹੀਦੀਆਂ।

ਭਾਰਤ ਵਿਚ ਆਏ ਸਿੰਧੀਆਂ ਵਿਚੋਂ ਦਾਦਾ ਚੇਲਾਰਾਮ ਦਿੱਲੀ ਵਿਚ ਆ ਵਸੇ ਅਤੇ 'ਨਿਜ ਥਾਉਂ' ਨਾਂ ਦਾ ਆਪਣਾ ਆਸ਼ਰਮ ਪੂਸਾ ਰੋਡ ਦਿੱਲੀ ਵਿਖੇ ਸਥਾਪਿਤ ਕੀਤਾ। ਦਾਦਾ ਦੇ ਦੇਹਾਂਤ ਤੋਂ ਬਾਅਦ ਇਨ੍ਹਾਂ ਦੀ ਪੁੱਤਰੀ ਕਮਲਾ ਨੇ ਪ੍ਰਚਾਰ ਦੀ ਸੇਵਾ ਸੰਭਾਲੀ ਤੇ ਹੁਣ ਦਾਦਾ ਜੀ ਦਾ ਪੁੱਤਰ ਲਛਮਣ ਚੇਲਾ ਰਾਮ ਗੁਰੂ ਨਾਨਕ ਸਾਹਿਬ ਦੇ ਮੱਤ ਦਾ ਪ੍ਰਚਾਰ ਕਰ ਰਿਹਾ ਹੈ। ਉਨ੍ਹਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੰਧੀ ਅਤੇ ਹਿੰਦੀ ਵਿਚ ਖ਼ੁਦ ਟੀਕੇ ਤਿਆਰ ਕੀਤੇ ਹਨ ਤੇ ਦੇਸ਼ ਦੀਆਂ ਹੋਰ ਪ੍ਰਮੁੱਖ ਭਾਸ਼ਾਵਾਂ ਅੰਗਰੇਜ਼ੀ, ਗੁਜਰਾਤੀ, ਬੰਗਾਲੀ, ਦੇਵ ਨਾਗਰੀ ਤੇ ਸਿੰਧੀ ਵਿਚ ਟੀਕੇ ਕਰਵਾਉਣ ਦਾ ਉੱਦਮ ਕੀਤਾ ਹੈ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਵਿਚ ਸੋਲਨ ਦੇ ਨੇੜੇ ਸਪਰੂਨ ਵਿਚ 'ਦਾਦਾ ਚੇਲਾ ਰਾਮ ਆਸ਼ਰਮ' ਵੀ ਸਥਾਪਿਤ ਕੀਤਾ ਹੈ। ਸੁਖਮਨੀ ਸਾਹਿਬ ਬਾਣੀ ਦਾ ਸਟੀਕ ਉੜੀਆ, ਤੇਲਗੂ, ਤਾਮਿਲ ਅਤੇ ਰੋਮਨ ਲਿਪੀ ਵਿਚ ਵੀ ਉਨ੍ਹਾਂ ਵੱਲੋਂ ਛਾਪਣ ਦਾ ਪ੍ਰਬੰਧ ਕੀਤਾ ਗਿਆ ਹੈ।

ਭਾਰਤ ਵਿਚ ਆ ਕੇ ਵੱਸੇ ਸਿੰਧੀ ਸ਼ੁਰੂ ਵਿਚ ਤਾਂ ਸਿੱਖ ਧਰਮ ਦੇ ਬਹੁਤ ਨੇੜੇ ਰਹੇ ਅਤੇ ਕਈ ਗੁਰਦੁਆਰੇ ਵੀ ਕਾਇਮ ਕੀਤੇ, ਪਰ ਹੌਲੀ-ਹੌਲੀ ਇਹ ਲੋਕ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਆਪਣੀ ਪੂਰੀ ਆਸਥਾ ਪ੍ਰਗਟ ਕਰਦੇ ਹੋਏ ਵੀ ਸਿੱਖੀ ਤੋਂ ਦੂਰ ਜਾ ਰਹੇ ਹਨ। ਇਹ ਆਪਣੇ ਗੁਰੂ ਧਾਮਾਂ ਨੂੰ ਗੁਰਦੁਆਰਿਆਂ ਦੀ ਥਾਂ 'ਮੰਦਰ' ਅਥਵਾ 'ਆਸ਼ਰਮ' ਅਖਵਾ ਕੇ ਸੰਤੁਸ਼ਟ ਹਨ, ਕਿਉਂਕਿ ਸੁਭਾਅ ਵਜੋਂ ਇਹ ਲੋਕ ਸਾਊ ਅਤੇ ਸ਼ਾਂਤ ਹਨ। 'ਸਿੱਖ ਪੰਥ ਵਿਸ਼ਵ ਕੋਸ਼' ਦੇ ਕਰਤਾ ਡਾ. ਰਤਨ ਸਿੰਘ ਜੱਗੀ ਅਨੁਸਾਰ ਇਹ ਸਿੱਖ ਅਧਿਆਤਮਿਕਤਾ ਵਿਚ ਵਿਸ਼ਵਾਸ ਰੱਖਦੇ ਹਨ ਪਰ ਕੱਟੜਪੁਣੇ ਤੋਂ ਦੂਰ ਭੱਜਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਨਾਲ ਅਤੇ ਉਸ ਤੋਂ ਬਾਅਦ ਸੰਸਥਾ ਵਿਚ ਰਾਜਨੀਤੀ ਦੇ ਪ੍ਰਵੇਸ਼ ਨਾਲ ਇਹ ਆਪਣੇ ਗੁਰਦੁਆਰਿਆਂ (ਧਰਮ-ਧਾਮਾਂ) ਨੂੰ ਗ਼ੈਰ-ਮਹਿਫੂਜ਼ ਸਮਝਣ ਲੱਗ ਪਏ। ਦੂਜੇ ਪਾਸੇ, ਸਿੱਖ ਧਰਮ ਵਿਚ ਵਿਕਸਿਤ ਹੋ ਰਹੇ ਕੱਟੜਪੁਣੇ ਤੇ ਰੀਤੀਵਾਦ ਤੋਂ ਇਹ ਬਹੁਤ ਘਬਰਾਉਂਦੇ ਹਨ।

ਵੋਟਾਂ ਦੇ ਮਸਲੇ ਨੂੰ ਲੈ ਕੇ ਸਹਿਜਧਾਰੀ ਸਿੱਖਾਂ ਨੂੰ ਪੰਥ ਤੋਂ ਦੂਰ ਰੱਖਣ ਦੀ ਪ੍ਰਵਿਰਤੀ ਨੇ ਵੀ ਇਨ੍ਹਾਂ ਨੂੰ ਸਿੱਖੀ ਤੋਂ ਕਿਨਾਰਾ ਕਰਨ ਲਈ ਤਿਆਰ ਕੀਤਾ ਹੈ। ਇਹ ਸਿੱਖ ਪੰਥ ਦੀ ਸਿਰਮੌਰ ਸੰਸਥਾ ਦੀ ਵਿਵਸਥਾ ਤੋਂ ਭਾਵੇਂ ਦੂਰ ਹੁੰਦੇ ਜਾ ਰਹੇ ਹਨ ਪਰ ਇਹ ਨਿਰਮਲੇ ਤੇ ਉਦਾਸੀ ਸੰਪ੍ਰਦਾਵਾਂ ਦੇ ਬਹੁਤ ਨੇੜੇ ਹੋ ਕੇ ਵਿਚਰ ਰਹੇ ਹਨ। ਇਨ੍ਹਾਂ ਸੰਪਰਦਾਵਾਂ ਵੱਲੋਂ ਚਲਾਏ ਸਕੂਲਾਂ ਅਤੇ ਸਮਾਜ-ਸੇਵਾ ਦੇ ਕਾਰਜਾਂ ਵਿਚ ਸਿੰਧੀ ਸਿੱਖ ਦਿਲ ਖੋਲ੍ਹ ਕੇ ਦਾਨ ਦਿੰਦੇ ਹਨ। ਵੱਡੇ-ਵੱਡੇ ਧੰਨਾਢ ਸਿੰਧੀ ਸਿੱਖ ਘਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਦੇ ਹਨ। ਬੱਚਿਆਂ ਦਾ ਨਾਂ ਗੁਰੂ ਗ੍ਰੰਥ ਸਾਹਿਬ ਜੀ ਤੋਂ ਵਾਕ ਲੈਣ ਦੀ ਮਰਯਾਦਾ ਅਨੁਸਾਰ ਰੱਖਦੇ ਹਨ ਤੇ ਵਿਆਹ ਸ਼ਾਦੀਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿਚ 'ਆਨੰਦ ਰੀਤੀ' ਨਾਲ ਕਰਦੇ ਹਨ। ਵਿਦੇਸ਼ਾਂ ਵਿਚ ਵੀ ਕਈ ਗੁਰੂ ਘਰ ਉਨ੍ਹਾਂ ਨੇ ਬਣਵਾਏ ਹਨ। ਗੁਰੂ ਘਰ ਨਾਲ ਉਨ੍ਹਾਂ ਦਾ ਅਸੀਮ ਪ੍ਰੇਮ ਹੈ।

ਡਾ. ਰਤਨ ਸਿੰਘ ਜੱਗੀ 'ਸਿੱਖ ਪੰਥ ਵਿਸ਼ਵ ਕੋਸ਼' ਦੇ ਕਰਤਾ ਅਨੁਸਾਰ, 'ਜੇ ਸਿੱਖ ਪੰਥ ਵਿਚ ਚਲ ਰਹੀ ਕੱਟੜਪੁਣੇ ਦੀ ਹਵਾ ਇਵੇਂ ਹੀ ਚੱਲਦੀ ਰਹੀ ਤਾਂ ਜਿਵੇਂ-ਜਿਵੇਂ ਬਾਕੀ ਸੰਪਰਦਾਵਾਂ ਦੂਰ ਹੋ ਗਈਆਂ ਹਨ, ਇਵੇਂ ਹੀ ਪੰਥ ਦਾ ਇਕ ਹੋਰ ਵੱਡਾ ਹਿੱਸਾ ਇਸ ਨਾਲੋਂ ਨਿੱਖੜ ਜਾਵੇਗਾ ਤੇ ਇਸ ਦਾ ਅਸਰ ਕੌਮ ਦੇ ਵਿਕਾਸ ਉੱਤੇ ਪੈ ਕੇ ਗੰਭੀਰ ਸਿੱਟੇ ਕੱਢੇਗਾ। ਸ਼੍ਰੋਮਣੀ ਕਮੇਟੀ 'ਤੇ ਸਿਆਸੀ ਮੁਲੱਮਾ ਚੜ੍ਹ ਜਾਣ ਕਾਰਨ ਅਜਿਹਾ ਵਾਪਰ ਰਿਹਾ ਹੈ। ਸ਼੍ਰੋਮਣੀ ਕਮੇਟੀ ਤੇ ਸਾਰੇ ਪੰਥਕ ਆਗੂਆਂ ਤੇ ਜਥੇਬੰਦੀਆਂ ਨੂੰ ਸਿਰਜੋੜ ਕੇ ਸਿੱਖ ਪੰਥ ਦੇ ਵਿਸਥਾਰ ਤੇ ਵਿਕਾਸ ਬਾਰੇ ਇਕਮੁੱਠ ਹੋਣਾ ਚਾਹੀਦਾ ਹੈ। ਗੁਰੂ ਘਰ 'ਤੇ ਨਿਸ਼ਚਾ ਰੱਖਣ ਵਾਲੇ ਪ੍ਰੇਮੀਆਂ ਨਾਨਕਨਾਮ ਲੇਵਾ ਨੂੰ ਇਕ ਨਿਸ਼ਾਨ ਥੱਲੇ ਇਕੱਤਰ ਕਰਨ ਲਈ ਬਾਹਵਾਂ ਖੋਲ੍ਹ ਕੇ ਜੀ ਆਇਆਂ ਕਹਿਣਾ ਚਾਹੀਦਾ ਹੈ। ਜਿਸ ਤਰੀਕੇ ਨਾਲ ਕੌਮੀ ਸ਼ਕਤੀ ਖਿੰਡਪੁੰਡ ਰਹੀ ਹੈ, ਉਸ 'ਤੇ ਫ਼ਿਕਰ ਕਰਨਾ ਤੇ ਨਰੋਏ ਯਤਨ ਕਰਨ ਦੀ ਲੋੜ ਹੈ।

ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਿਹਾੜੇ ਦੀ ਮਨਾਈ ਜਾ ਰਹੀ ਛੇਵੀਂ ਅਰਧ ਸ਼ਤਾਬਦੀ ਦੇ ਸਮਾਗਮਾਂ ਵਿਚ ਸਿੰਧੀ ਤੇ ਬਾਕੀ ਧਿਰਾਂ ਨੂੰ ਨੁਮਾਇਦਗੀ ਦੇ ਕੇ ਸਰਬ ਸਾਂਝੇ ਧਰਮ ਦੀ ਅਲੰਬਰਦਾਰ ਅਖਵਾਉਣ ਵਾਲੀ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਹੱਥ ਆਇਆ ਮੌਕਾ ਖੁੰਝਾਉਣਾ ਨਹੀਂ ਚਾਹੀਦਾ। ਅੱਜ ਧਰਮ ਨਾਲ ਜੁੜੇ ਬਹੁਤ ਸਾਰੇ ਪਹਿਲੂ ਹਨ, ਜੋ ਮੁਲਾਂਕਣ ਦੀ ਮੰਗ ਕਰਦੇ ਹਨ।

J ਦਿਲਜੀਤ ਸਿੰਘ ਬੇਦੀ

98148-98570

Posted By: Harjinder Sodhi