ਮਨੁੱਖ ਦਾ ਸਮੁੱਚਾ ਜੀਵਨ ਪਾਣੀ ਦੇ ਬੁਲਬੁਲੇ ਦੀ ਤਰ੍ਹਾਂ ਅਸਥਾਈ ਹੈ। ਪਰਮਾਤਮਾ ਨੇ ਸਾਨੂੰ ਇਹ ਜੀਵਨ ਪ੍ਰਦਾਨ ਕੀਤਾ ਹੈ। ਉਹ ਕਦੋਂ ਇਸ ਨੂੰ ਵਾਪਸ ਲੈ ਲਵੇਗਾ, ਕਹਿਣਾ ਮੁਸ਼ਕਲ ਹੈ। ਮਨੁੱਖ ਦੀ ਭਲਾਈ ਇਸੇ ਵਿਚ ਹੈ ਕਿ ਇਸ ਜੀਵਨ ਨੂੰ ਪਰਮਾਤਮਾ ਦੇ ਹੱਥਾਂ ਵਿਚ ਸੌਂਪ ਕੇ ਉਸ ਦੇ ਨਿਰਦੇਸ਼ ਵਿਚ ਹੀ ਜੀਵਨ ਗੁਜ਼ਰ-ਬਸਰ ਕਰੇ।

ਪਰਮਾਤਮਾ ਦੇ ਸਿਵਾਏ ਇਸ ਸਿ੍ਸ਼ਟੀ ਵਿਚ ਸਭ ਨਸ਼ਵਰ ਹੈ। ਨਾਸ਼ਵਾਨ ਨਾਲ ਪ੍ਰੇਮ ਕਰਨਾ ਹੀ ਮਨੁੱਖੀ ਦੁੱਖਾਂ ਦਾ ਮੂਲ ਕਾਰਨ ਹੈ। ਮਨੁੱਖ ਇਸ ਤਨ ਨੂੰ ਸਜਾਉਣ-ਸੰਵਾਰਨ ਵਿਚ ਹੀ ਜੀਵਨ ਦਾ ਬੇਸ਼ਕੀਮਤੀ ਸਮਾਂ ਨਸ਼ਟ ਕਰ ਦਿੰਦਾ ਹੈ। ਪਰਮਾਤਮਾ ਨਾਲ ਭੋਰਾ ਵੀ ਪਿਆਰ ਨਹੀਂ ਕਰਦਾ ਹੈ। ਇਹ ਅਗਿਆਨਤਾ ਵੀ ਮਨੁੱਖ ਦੇ ਦੁੱਖਾਂ ਦਾ ਕਾਰਨ ਹੈ। ਈਸ਼ਵਰ ਸੱਚ, ਸਨਾਤਨ, ਨਾ ਜਨਮ ਲੈਣ ਵਾਲਾ, ਅਵਿਨਾਸ਼ੀ ਅਤੇ ਸੁੱਖਦਾਤਾ ਹੈ।

ਉਸ ਨਾਲ ਪ੍ਰੇਮ ਸੁੱਖਦਾਈ ਹੈ ਪਰ ਮਨੁੱਖ ਆਪਣੇ ਸੁੱਖ ਦੀ ਖ਼ਾਤਰ ਰਾਤ-ਦਿਨ ਧਨ ਦਾ ਸੰਗ੍ਰਹਿ ਕਰਦਾ ਹੈ। ਭੌਤਿਕ ਸੰਪਦਾ ਇਕੱਠੀ ਕਰਨ ਨੂੰ ਹੀ ਜੀਵਨ ਦਾ ਅਸਲੀ ਮਕਸਦ ਸਮਝਦਾ ਹੈ। ਮਨੁੱਖ ਦੀ ਇਕ ਕਾਮਨਾ ਪੂਰੀ ਨਹੀਂ ਹੁੰਦੀ ਕਿ ਦੂਜੀ ਉਸ ਅੱਗੇ ਖੜ੍ਹੀ ਹੋ ਜਾਂਦੀ ਹੈ। ਇਨ੍ਹਾਂ ਦੀ ਪੂਰਤੀ ਵਿਚ ਉਹ ਜੀਵਨ ਭਰ ਲੱਗਿਆ ਰਹਿੰਦਾ ਹੈ। ਜੋ ਸੁੱਖ-ਸ਼ਾਂਤੀ ਦੇਣ ਵਿਚ ਹੈ, ਉਹ ਇਕੱਠਾ ਕਰਨ ਵਿਚ ਨਹੀਂ ਹੈ।

ਮਨੁੱਖ ਨੂੰ ਖ਼ਸ਼ਹਾਲੀ ਈਸ਼ਵਰ ਨੇ ਦੀਨ-ਦੁਖੀਆਂ ਦੀ ਸਹਾਇਤਾ ਕਰਨ ਲਈ ਹੀ ਪ੍ਰਦਾਨ ਕੀਤੀ ਹੈ। ਚੀਜ਼ਾਂ ਇਕੱਠੀਆਂ ਕਰੀ ਜਾਣਾ ਅਸ਼ਾਂਤੀ, ਦੁੱਖ ਅਤੇ ਪਰੇਸ਼ਾਨੀ ਦੀ ਜੜ੍ਹ ਹੈ। ਇਕ ਕਰੋੜਪਤੀ ਸੁਖੀ ਨਹੀਂ ਹੁੰਦਾ ਪਰ ਇਕ ਸੰਤ ਭਗਵਾਨ ਦਾ ਭਜਨ ਕਰ ਕੇ, ਸੰਗ੍ਰਹਿ ਦੀ ਬਜਾਏ ਵੰਡ ਕੇ ਖ਼ੁਸ਼ ਰਹਿੰਦਾ ਹੈ। ਭੌਤਿਕਤਾ ਦੇ ਸੰਗ੍ਰਹਿ ਵਿਚ ਨਹੀਂ, ਤਿਆਗ ਵਿਚ ਅਸਲੀ ਸੁੱਖ ਹੈ। ਸੁਖੀ ਹੋਣ ਦਾ ਇਕ ਹੀ ਰਸਤਾ ਹੈ ਕਿ ਤੁਹਾਡੇ ਕੋਲ ਜੋ ਹੈ, ਉਸ ਨੂੰ ਤੁਸੀਂ ਜ਼ਰੂਰਤਮੰਦਾਂ ਵਿਚ ਵੰਡਣ ਦੀ ਨੀਤੀ ਸਿੱਖੋ। ਇਸ ਸਿ੍ਰਸ਼ਟੀ ਵਿਚ ਆਮ ਹੀ ਦੇਣ ਦੀ ਪ੍ਰਕਿਰਿਆ ਹੈ।

ਸੂਰਜ, ਚੰਦਰਮਾ, ਰੁੱਖ, ਨਦੀ, ਝਰਨਾ ਸਾਰੇ ਦਿੰਦੇ ਰਹਿੰਦੇ ਹਨ, ਲੈਂਦੇ ਨਹੀਂ। ਜੀਵਨ ਵਿਚ ਗਤੀ ਅਤੇ ਲੈਅ ਨੂੰ ਬਣਾਈ ਰੱਖਣ ਲਈ ਦੇਣ ਦੀ ਭਾਵਨਾ ਨੂੰ ਜਾਗਿ੍ਰਤ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਕੰਮ ਹੈ। ਲੈਣਾ ਸਵਾਰਥ ਹੈ, ਦੇਣਾ ਪਰਮਾਰਥ। ਦੇਣਾ ਦਿੱਵਿਆ ਗੁਣ ਹੈ ਅਤੇ ਲੈਣਾ ਦਾਨਵੀ। ਲੈਣਾ ਦੁੱਖ ਦਾ ਵਾਧਾ ਹੈ ਅਤੇ ਦੇਣਾ ਸੁੱਖ ਦਾ ਵਿਸਥਾਰ। ਸੰਗ੍ਰਹਿ ਦੀ ਬਿਰਤੀ ਦਾ ਤਿਆਗ ਅਤੇ ਈਸ਼ਵਰ ਨਾਲ ਸਬੰਧ ਜੋੜਨਾ ਹੀ ਜੀਵਨ ਦੀ ਸਾਂਭ-ਸੰਭਾਲ ਅਤੇ ਸੁੱਖ-ਸ਼ਾਂਤੀ ਦਾ ਮੁੱਖ ਆਧਾਰ ਹੈ।

-ਮੁਕੇਸ਼ ਰਿਸ਼ੀ।

Posted By: Jagjit Singh