ਇਸ ਕਾਇਨਾਤ ਵਿਚ ਹਰ ਵਿਅਕਤੀ ਦੇ ਜੀਵਨ ਦੇ ਹਾਲਾਤ ਵੱਖ-ਵੱਖ ਹੁੰਦੇ ਹਨ ਜੋ ਉਸ ਦੇ ਜੀਵਨ ਦੇ ਢੰਗ ਤੇ ਵਿਵਹਾਰ ਦੇ ਸਲੀਕੇ ਨੂੰ ਨਿਰਧਾਰਤ ਕਰਦੇ ਹਨ। ਕਿਸੇ ਦੇ ਚਿਹਰੇ 'ਤੇ ਉਸ ਦੇ ਜੀਵਨ ਦੇ ਹਾਲਾਤ ਦਾ ਪ੍ਰਭਾਵ ਸਾਫ਼-ਸਾਫ਼ ਝਲਕਦਾ ਹੈ ਤਾਂ ਕੋਈ ਇਨ੍ਹਾਂ ਹਾਲਤਾਂ ਤੋਂ ਉਪਜੀ ਮਨੋਦਸ਼ਾ ਨੂੰ ਲੁਕਾ ਰਿਹਾ ਹੁੰਦਾ ਹੈ। ਬਿਲਕੁਲ ਇਹੋ ਕਾਰਨ ਹੈ ਕਿ ਅਸੀਂ ਅਕਸਰ ਇਨਸਾਨ ਨੂੰ ਪੜ੍ਹਨ ਵਿਚ ਗ਼ਲਤੀ ਕਰ ਬੈਠਦੇ ਹਾਂ ਅਤੇ ਉਨ੍ਹਾਂ ਦੇ ਵਿਵਹਾਰ ਅਤੇ ਜਿਊਣ ਦੇ ਤਰੀਕੇ ਬਾਰੇ ਗ਼ਲਤ ਰਾਇ ਬਣਾ ਲੈਂਦੇ ਹਾਂ। ਇਕ ਛੋਟੀ ਜਿਹੀ ਕਹਾਣੀ ਹੈ। ਇਕ ਵਾਰ ਇਕ ਵਿਅਕਤੀ ਆਪਣੇ ਬੱਚਿਆਂ ਨਾਲ ਕਿਸੇ ਪਾਰਕ ਵਿਚ ਆਇਆ ਅਤੇ ਬੈਂਚ 'ਤੇ ਗੰਭੀਰ ਹੋ ਕੇ ਬੈਠ ਗਿਆ। ਇਸ ਦੌਰਾਨ ਉਸ ਦੇ ਸਾਰੇ ਬੱਚੇ ਰੌਲਾ-ਰੱਪਾ ਪਾਉਂਦੇ ਰਹੇ, ਸ਼ੈਤਾਨੀਆਂ ਕਰਦੇ ਰਹੇ। ਆਪਣੇ ਬੱਚਿਆਂ ਦੀਆਂ ਸ਼ਰਾਰਤਾਂ ਤੋਂ ਬੇਖ਼ਬਰ ਪਿਤਾ ਚੁੱਪ-ਚਾਪ ਬੈਠਾ ਰਿਹਾ।

ਬੱਚਿਆਂ ਦੀ ਖੱਪ ਕਾਰਨ ਜਦ ਆਲੇ-ਦੁਆਲੇ ਦੇ ਲੋਕ ਪਰੇਸ਼ਾਨ ਹੋਣ ਲੱਗੇ ਤਾਂ ਉਨ੍ਹਾਂ ਵਿਚੋਂ ਇਕ ਵਿਅਕਤੀ ਨੇ ਬੜੇ ਗੁੱਸੇ ਵਿਚ ਉਨ੍ਹਾਂ ਬੱਚਿਆਂ ਦੇ ਪਿਤਾ ਕੋਲ ਆ ਕੇ ਕਿਹਾ, 'ਤੁਸੀਂ ਕਿੱਦਾਂ ਦੇ ਬਾਪ ਹੋ? ਤੁਹਾਡੇ ਬੱਚੇ ਇੰਨਾ ਰੌਲਾ ਪਾ ਰਹੇ ਹਨ ਅਤੇ ਤੁਸੀਂ ਚੁੱਪ-ਚਾਪ ਸਭ ਕੁਝ ਦੇਖੀ ਜਾ ਰਹੇ ਹੋ। ਤੁਹਾਨੂੰ ਆਪਣੇ ਬੱਚਿਆਂ ਨੂੰ ਝਿੜਕਣਾ ਚਾਹੀਦਾ ਸੀ।' ਉਸ ਵਿਅਕਤੀ ਦੀ ਇਸ ਸ਼ਿਕਾਇਤ ਨੂੰ ਬੱਚਿਆਂ ਦੇ ਪਿਤਾ ਨੇ ਬੜੇ ਠਰੰਮੇ ਨਾਲ ਸੁਣਿਆ ਅਤੇ ਕਹਿਣ ਲੱਗਾ, 'ਤੁਸੀਂ ਜੋ ਵੀ ਕਿਹਾ ਹੈ, ਉਸ ਨਾਲ ਮੈਂ ਪੂਰੀ ਤਰ੍ਹਾਂ ਸਹਿਮਤ ਹਾਂ ਅਤੇ ਸੱਚ ਪੁੱਛੋ ਤਾਂ ਮੈਂ ਖ਼ੁਦ ਆਪਣੇ ਬੱਚਿਆਂ ਦੀ ਹਰਕਤ ਤੋਂ ਸ਼ਰਮਿੰਦਾ ਹਾਂ। ਪਰ ਮੇਰੀ ਪਰੇਸ਼ਾਨੀ ਇਹ ਹੈ ਕਿ ਪਿੱਛੇ ਜਿਹੇ ਇਨ੍ਹਾਂ ਬੱਚਿਆਂ ਦੀ ਮਾਂ ਇਸ ਦੁਨੀਆ ਤੋਂ ਚੱਲ ਵਸੀ ਹੈ ਅਤੇ ਮੈਂ ਇਹ ਸਮਝ ਨਹੀਂ ਪਾ ਰਿਹਾ ਹਾਂ ਕਿ ਆਖ਼ਰ ਮੈਂ ਇਨ੍ਹਾਂ ਬੱਚਿਆਂ ਨੂੰ ਉਨ੍ਹਾਂ ਦੀ ਮਾਂ ਦੀ ਮੌਤ ਬਾਰੇ ਕਿਵੇਂ ਸਮਝਾਵਾਂ।' ਜੀਵਨ ਦੇ ਇਕ ਅਣਛੂਹੇ ਪਹਿਲੂ ਦੇ ਇੰਨੇ ਕਰੀਬੀ ਅਹਿਸਾਸ ਤੋਂ ਉਹ ਵਿਅਕਤੀ ਹੈਰਾਨ ਜਿਹਾ ਰਹਿ ਗਿਆ ਅਤੇ ਮਨੁੱਖੀ ਜੀਵਨ ਦੀ ਕੌੜੀ ਸੱਚਾਈ ਕਾਰਨ ਉਸ ਦੀਆਂ ਅੱਖਾਂ ਵਿਚ ਹੰਝੂ ਆ ਗਏ। ਸੱਚ ਪੁੱਛੋ ਤਾਂ ਅਸੀਂ ਹੋਰਾਂ ਨੂੰ ਉਨ੍ਹਾਂ ਦੇ ਆਚਰਨ ਅਤੇ ਦਿੱਖ ਦੇ ਆਧਾਰ 'ਤੇ ਪਰਖਦੇ ਹਾਂ ਅਤੇ ਉਸੇ ਦੇ ਆਧਾਰ 'ਤੇ ਉਨ੍ਹਾਂ ਪ੍ਰਤੀ ਆਪਣੀ ਧਾਰਨਾ ਕਾਇਮ ਰੱਖਦੇ ਹਾਂ ਪਰ ਅਜਿਹਾ ਕਰਦੇ ਹੋਏ ਅਸੀਂ ਆਮ ਤੌਰ 'ਤੇ ਇਹ ਭੁੱਲ ਜਾਂਦੇ ਹਾਂ ਕਿ ਅੱਖਾਂ ਦਾ ਦੇਖਿਆ ਹਮੇਸ਼ਾ ਸੱਚ ਨਹੀਂ ਹੁੰਦਾ। ਕਦੇ ਅੱਖਾਂ ਜੋ ਦੇਖਦੀਆਂ ਹਨ, ਉਹ ਛਲਾਵਾ ਹੁੰਦਾ ਹੈ ਅਤੇ ਅੱਖਾਂ ਜੋ ਨਹੀਂ ਦੇਖ ਪਾਉਂਦੀਆਂ, ਉਸੇ ਵਿਚ ਜੀਵਨ ਦਾ ਸਾਰ ਛੁਪਿਆ ਹੁੰਦਾ ਹੈ। ਕਾਸ਼! ਕਿੰਨਾ ਚੰਗਾ ਹੁੰਦਾ ਜੇ ਅਸੀਂ ਵਿਅਕਤੀ ਦੇ ਚਿਹਰੇ 'ਤੇ ਫੈਲੀ ਮੁਸਕਾਨ 'ਚ ਦਰਦ ਦੀ ਚੀਸ ਨੂੰ ਅਤੇ ਅੱਥਰੂਆਂ ਵਿਚ ਲੁਕੀ ਹੋਈ ਦਿਲ ਦੀ ਖ਼ੁਸ਼ੀ ਨੂੰ ਮਹਿਸੂਸ ਕਰ ਸਕਦੇ!

-ਸ੍ਰੀਪ੍ਰਕਾਸ਼ ਸ਼ਰਮਾ।

Posted By: Sukhdev Singh