ਇਸ ਸੰਸਾਰ ’ਚ ਸਭ ਨੂੰ ਆਪਣਾ ਪਸੰਦ ਹੈ, ਪਰਾਇਆ ਨਹੀਂ। ਜਦ ਉਨ੍ਹਾਂ ਨੂੰ ਪਰਾਇਆ ਵੀ ਪਸੰਦ ਆਏ ਤਾਂ ਨਜ਼ਰ ਦਾ ਫ਼ਰਕ ਆਪਣੇ-ਆਪ ਹੀ ਸਮਾਪਤ ਹੋ ਜਾਂਦਾ ਹੈ ਅਤੇ ਆਲਮੀ ਭਾਈਚਾਰੇ ਦੀ ਪ੍ਰੇਮ-ਭਾਵਨਾ ਮਨ-ਹਿਰਦੇ ਵਿਚ ਜਾਗਿ੍ਰਤ ਹੋਈ ਸਮਝੀ ਜਾਂਦੀ ਹੈ। ਇਹੀ ਸੰਤਤਵ, ਦੇਵਤਵ, ਸ਼ਿਵਤਵ, ਅਪਣੱਤ ਅਤੇ ਮਨੁੱਖਤਾ ਆਦਿ ਦੀ ਸੱਚੀ ਪਛਾਣ ਹੈ। ਸੰਸਾਰ ’ਚ ਸਾਰੇ ਆਪਣਿਆਂ ਲਈ ਜਿਊਂਦੇ ਹਨ, ਆਪਣਿਆਂ ਲਈ ਕੁਝ ਕਰਦੇ ਹਨ, ਆਪਣਿਆਂ ਦੀ ਪਛਾਣ ਰੱਖਦੇ ਹਨ ਪਰ ਸੱਚਾਈ ਇੰਨੀ ਹੈ ਕਿ ਇਸ ਸੰਸਾਰ ’ਚ ਮਨੁੱਖ ਦਾ ਤਨ ਵੀ ਆਪਣਾ ਨਹੀਂ। ਇਹ ਸਰੀਰ ਈਸ਼ਵਰ ਦੀ ਕਿਰਪਾ ਨਾਲ, ਪਿਛਲੇ ਜਨਮ ਦੇ ਪੁੰਨ ਕਰਮਾਂ ਨਾਲ, ਖ਼ੁਸ਼ਕਿਸਮਤੀ ਨਾਲ ਪ੍ਰਾਪਤ ਹੁੰਦਾ ਹੈ। ਕੁਝ ਸਮੇਂ ਲਈ ਵਿਅਕਤੀ ਇਸ ਧਰਤੀ ’ਤੇ ਮਹਿਮਾਨ ਬਣ ਕੇ ਆਉਂਦਾ ਹੈ ਅਤੇ ਕਦੋਂ ਕਿਸ ਦੀ ਇੱਥੋਂ ਅਰਥੀ ਉੱਠ ਜਾਵੇਗੀ, ਕੋਈ ਨਹੀਂ ਜਾਣਦਾ? ਇਸ ਲਈ ਸਮੇਂ ਦੀ ਪਛਾਣ ਕਰਦੇ ਹੋਏ ਜੋ ਪ੍ਰਭੂ ਦਾ ਭਜਨ-ਪੂਜਾ ਪਾਠ ਕਰ ਲਵੇ, ਉਹੀ ਉਸ ਦਾ ਆਪਣਾ ਹੈ, ਆਪਣੀ ਸੱਚੀ ਕਮਾਈ ਹੈ। ਇਸ ਦੇ ਇਲਾਵਾ ਹੋਰ ਕਮਾਈ ਨਸ਼ਵਰ ਹੈ, ਝੂਠੀ ਹੈ। ਇੱਥੇ ਕਿਸੇ ਦਾ ਕੁਝ ਨਹੀਂ ਹੈ। ਅਗਿਆਨ ਕਾਰਨ ਵਿਅਕਤੀ ਮੇਰਾ-ਮੇਰਾ ਦੀ ਰਟ ਲਾਈ ਰੱਖਦਾ ਹੈ। ਮੇਰੀ ਪਤਨੀ, ਮੇਰਾ ਪੁੱਤਰ, ਮੇਰੀ ਧਨ-ਦੌਲਤ, ਮੇਰਾ ਘਰ, ਮੇਰੀ ਗ੍ਰਹਿਸਥੀ, ਮੇਰਾ ਘਰ-ਦੁਆਰ, ਮੇਰਾ ਮਿੱਤਰ, ਇਹ ਸਭ ਇੱਥੇ ਹੀ ਛੱਡ ਕੇ ਚਲੇ ਜਾਣਾ ਹੈ। ਮੈਂ, ਮੇਰਾ, ਕਹਿਣਾ ਇਹੀ ਮਨੁੱਖ ਦੀ ਸਭ ਤੋਂ ਵੱਡੀ ਭੁੱਲ ਹੈ। ਮਨੁੱਖ ਨੂੰ ਇਹ ਕਹਿਣਾ ਚਾਹੀਦਾ ਹੈ ਕਿ ਹੇ ਪ੍ਰਭੂ, ਇੱਥੇ ਮੇਰਾ ਕੁਝ ਨਹੀਂ, ਸਭ ਤੇਰਾ ਹੈ। ਤਨ, ਮਨ, ਧਨ ਸਭ ਤੁਹਾਡਾ ਦਿੱਤਾ ਹੋਇਆ ਹੈ। ਮੈਂ ਤਾਂ ਕੁਝ ਵੀ ਨਹੀਂ ਹਾਂ। ਪਰਮਾਰਥ ਵਾਲੀ ਭਾਵਨਾ, ਗਿਆਨ ਅਤੇ ਸੋਚ ਹੀ ਉੱਚੀ ਮੰਜ਼ਿਲ ਹੈ। ਇਹ ਜੀਵਨ ਮਿੱਟੀ ਦੇ ਖਿਡੌਣੇ ਦੀ ਤਰ੍ਹਾਂ ਹੈ। ਕਦ ਉਸ ਦੀ ਹੋਂਦ ਸਮਾਪਤ ਹੋ ਜਾਵੇ, ਕੋਈ ਨਹੀਂ ਜਾਣਦਾ? ਇਸ ਲਈ ਵਿਅਕਤੀ ਚੇਤਨਾ ਨੂੰ ਜਗਾਉਣ ਲਈ ਤਤਪਰ ਰਹੇ। ਖ਼ੁਦ ਨੂੰ ਸਰੀਰ ਨਹੀਂ, ਅਵਿਨਾਸ਼ੀ ਪਰਮਾਤਮਾ ਦਾ ਅੰਸ਼ ਆਤਮਾ ਮੰਨੇ। ਜਦ ਵਿਅਕਤੀ ਸਰੀਰ ਭਾਵ ਤੋਂ ਉੱਪਰ ਉੱਠ ਕੇ ਆਤਮ-ਭਾਵ ’ਚ ਦਾਖ਼ਲ ਹੋਵੇਗਾ ਤਾਂ ਸਾਰਾ ਜਹਾਨ ਆਪਣੇ ਪਰਿਵਾਰ ਵਰਗਾ ਦਿਸੇਗਾ ਅਤੇ ਵਿਅਕਤੀ ਪਰਾਏਪਣ ਵਾਲੀ ਭਾਵਨਾ ਤੋਂ ਮੁਕਤ ਹੋ ਜਾਵੇਗਾ। ਪਰਾਏ ਨੂੰ ਆਪਣਾ ਬਣਾਉਣਾ ਹੀ ਰੱਬ ਦੀ ਸੱਚੀ ਉਪਾਸਨਾ ਹੈ। ‘ਸਭ ਕੁਝ ਤੇਰਾ’ ਵਾਲਾ ਸਮਰਪਣ ਭਾਵ ਆਉਂਦੇ ਹੀ ਸੁੱਖ ਅਤੇ ਆਨੰਦ ਦਾ ਦੁਆਰ ਖੁੱਲ੍ਹ ਜਾਂਦਾ ਹੈ।

-ਮੁਕੇਸ਼ ਰਿਸ਼ੀ।

Posted By: Jagjit Singh