ਮਨੁੱਖ ਦਾ ਮਨ ਬੜਾ ਚੰਚਲ ਹੁੰਦਾ ਹੈ। ਇਹ ਚੰਚਲ ਮਨ ਹੀ ਅਸ਼ਾਂਤੀ ਦਾ ਕਾਰਨ ਹੈ। ਇੱਛਾਵਾਂ ਵੀ ਚੰਚਲ ਮਨ ਦੀ ਹੀ ਦੇਣ ਹਨ। ਕਦੇ ਸ਼ਾਂਤ ਨਹੀਂ ਹੋਣ ਵਾਲੀਆਂ ਇੱਛਾਵਾਂ ਦੇ ਪਿੱਛੇ ਅਸੀਂ ਅੰਨ੍ਹੇ ਹੋ ਕੇ ਭੱਜਦੇ ਰਹਿੰਦੇ ਹਾਂ। ਇਕ ਇੱਛਾ ਪੂਰੀ ਹੁੰਦੇ ਹੀ ਅਸੀਂ ਦੂਜੀ ਇੱਛਾ ਆਪਣੇ ਮਨ ਵਿਚ ਪਾਲਣ ਲੱਗਦੇ ਹਾਂ। ਮਤਲਬ ਇਹ ਕਿ ਇੱਛਾਵਾਂ ਦਾ ਕੋਈ ਅੰਤ ਨਹੀਂ ਹੈ। ਇਨ੍ਹਾਂ ਨੂੰ ਸੀਮਤ ਕਰਨ ਵਿਚ ਹੀ ਜੀਵਨ ਦਾ ਸੁੱਖ ਲੁਕਿਆ ਹੋਇਆ ਹੈ। ਸੋਮਿਆਂ ਦਾ ਵਾਧਾ ਜੀਵਨ ਵਿਚ ਸੁੱਖ ਦਾ ਪਲ-ਛਿਣ ਲਈ ਆਨੰਦ ਦੇ ਸਕਦਾ ਹੈ ਪਰ ਇਨ੍ਹਾਂ ਤੋਂ ਪੱਕਾ ਸੁੱਖ ਪ੍ਰਾਪਤ ਨਹੀਂ ਹੋ ਸਕਦਾ। ਇੱਛਾਵਾਂ ਦੀ ਕਿਸਮ ਜੇ ਬੁਰੀ ਹੋਵੇ ਤਾਂ ਉਹ ਸਾਨੂੰ ਪਾਪ ਦੇ ਰਾਹ 'ਤੇ ਤੋਰ ਦਿੰਦੀਆਂ ਹਨ। ਬੁਰੀਆਂ ਖ਼ਾਹਿਸ਼ਾਂ ਦਾ ਵੇਗ ਮਨੁੱਖੀ ਗੁਣਾਂ ਨੂੰ ਨਸ਼ਟ ਕਰ ਦਿੰਦਾ ਹੈ। ਇੱਛਾਵਾਂ ਹੀ ਤ੍ਰਿਸ਼ਨਾ ਵਧਾਉਂਦੀਆਂ ਹਨ। ਤ੍ਰਿਸ਼ਨਾ ਕਾਰਨ ਅਸੀਂ ਸਵਾਰਥ ਦੇ ਸੌੜੇਪਣ ਤੋਂ ਪੀੜਤ ਹੋ ਜਾਂਦੇ ਹਾਂ। ਚੰਚਲ ਮਨ ਦੀਆਂ ਇੱਛਾਵਾਂ ਨੂੰ ਰੋਕਣਾ ਕਠਿਨ ਹੈ ਪਰ ਉਨ੍ਹਾਂ ਨੂੰ ਸੀਮਤ ਤਾਂ ਕੀਤਾ ਹੀ ਜਾ ਸਕਦਾ ਹੈ। ਇੱਛਾਵਾਂ ਜੇ ਨੇਕ ਹੋਣ, ਸਮਾਜ ਅਤੇ ਰਾਸ਼ਟਰ ਹਿੱਤ ਵਿਚ ਹੋਣ ਤਾਂ ਉਹ ਇਕ ਸ਼ਕਤੀ ਹਨ ਅਤੇ ਜੇ ਉਹ ਈਰਖਾ, ਬੁਰਾਈ ਅਤੇ ਵੈਰ-ਵਿਰੋਧ ਵਰਗੇ ਮਾੜੇ ਭਾਵਾਂ ਵਿਚ ਵਧੀਆਂ-ਫੁੱਲੀਆਂ ਹੋਣ ਤਾਂ ਸਮਾਜ, ਰਾਸ਼ਟਰ ਦੇ ਨਾਲ ਹੀ ਸਵੈ-ਵਿਨਾਸ਼ਕਾਰੀ ਸਿੱਧ ਹੁੰਦੀਆਂ ਹਨ। ਜੀਵਨ ਵਿਚ ਤ੍ਰਿਪਤੀ ਦਾ ਭਾਵ ਹੀ ਸਾਨੂੰ ਟਿਕਾਊ ਸ਼ਾਂਤੀ ਪ੍ਰਦਾਨ ਕਰ ਸਕਦਾ ਹੈ। ਤ੍ਰਿਪਤੀ ਕਾਰਨ ਹੀ ਅਸੀਂ ਆਪਣੇ ਪਰੇਸ਼ਾਨ ਮਨ ਨੂੰ ਸ਼ਾਂਤ ਕਰ ਕੇ ਆਪਣੀ ਊਰਜਾ ਚੰਗੇ ਕੰਮਾਂ ਵਿਚ ਲਗਾ ਸਕਦੇ ਹਾਂ। ਇਨਸਾਨ ਦੀਆਂ ਵੱਧ ਰਹੀਆਂ ਇੱਛਾਵਾਂ ਹੀ ਅੱਜ ਦੇ ਦੌਰ ਵਿਚ ਹਿੰਸਾ ਅਤੇ ਦੁਰਾਚਾਰਾਂ ਦਾ ਅਹਿਮ ਕਾਰਨ ਹਨ। ਲਿਹਾਜ਼ਾ ਆਪਣੀਆਂ ਭਾਵਨਾਵਾਂ 'ਤੇ ਕਾਬੂ ਰੱਖਣਾ ਜ਼ਰੂਰੀ ਹੈ। ਸਮੱਸਿਆ ਦਾ ਪੱਕਾ ਹੱਲ ਪਰਮਾਤਮਾ ਦੇ ਧਿਆਨ ਵਿਚ ਹੀ ਲੁਕਿਆ ਹੋਇਆ ਹੈ। ਧਿਆਨ ਹੀ ਸਾਡੇ ਕਸ਼ਟਾਂ ਨੂੰ ਘੱਟ ਕਰ ਕੇ ਜੀਵਨ ਦੀ ਰਾਹ ਆਸਾਨ ਕਰ ਸਕਦਾ ਹੈ। ਇਸ ਲਈ ਫਜ਼ੂਲ ਦੀਆਂ ਚੀਜ਼ਾਂ 'ਤੇ ਧਿਆਨ ਕੇਂਦਰਿਤ ਕਰਨ ਦੀ ਥਾਂ ਸਾਡਾ ਧਿਆਨ ਪਰਮਾਤਮਾ 'ਤੇ ਕੇਂਦਰਿਤ ਹੋਣਾ ਚਾਹੀਦਾ ਹੈ। ਇਹ ਚਮਕ-ਦਮਕ ਵਾਲਾ ਜਗਤ ਚਾਰ ਦਿਨਾਂ ਦੀ ਚਾਂਦਨੀ ਹੈ, ਇਕ ਭਰਮ ਹੈ ਜਿਸ ਨੇ ਇਕ ਦਿਨ ਟੁੱਟਣਾ ਹੈ ਪਰ ਪਰਮਾਤਮਾ ਅਵਿਨਾਸ਼ੀ, ਸਰਬ-ਸ਼ਕਤੀਮਾਨ ਅਤੇ ਅਮਰ ਹੈ। ਉਸ ਦਾ ਪਿਆਰ ਹੀ ਅਤ੍ਰਿਪਤ ਇੱਛਾਵਾਂ ਤੋਂ ਪੀੜਤ ਮਨੁੱਖ ਨੂੰ ਸਹੀ ਰਾਹ ਦਿਖਾ ਸਕਦਾ ਹੈ।

-ਦੇਵੇਂਦਰ ਰਾਜ ਸੁਥਾਰ।

Posted By: Rajnish Kaur