ਸਿੱਖ ਗੁਰੂ ਸਾਹਿਬਾਨ ਨੇ ਸੱਚੀ ਤੇ ਸੁੱਚੀ ਸੇਵਾ ਦੇ ਗੁਣਾਂ ਨੂੰ ਪ੍ਰਚਾਰਿਆ ਹੀ ਨਹੀਂ, ਸਗੋਂ ਹੱਥੀਂ ਨਿਸ਼ਕਾਮ ਸੇਵਾ ਰਾਹੀਂ ਦੁਨੀਆ ਸਾਹਮਣੇ ਮਿਸਾਲ ਪੈਦਾ ਕੀਤੀ। ਗੁਰੂ ਨਾਨਕ ਦੇਵ ਜੀ ਨੇ ਤਨ, ਮਨ ਤੇ ਧੰਨ ਕਰਕੇ ਸਾਰਾ ਜੀਵਨ ਮਨੁੱਖਤਾ ਦੀ ਸੇਵਾ ਲਈ ਅਰਪਣ ਕਰੀ ਰੱਖਿਆ। ਸੱਚਾ ਸੌਦਾ ਕਰਨ ਸਮੇਂ ਪਿਤਾ ਜੀ ਦੀ ਨਾਰਾਜ਼ਗੀ ਵੀ ਸਹਿਣੀ ਪਈ। ਗੁਰੂ ਜੀ ਦੁਆਰਾ ਸਾਧੂਆਂ ਨੂੰ ਛਕਾਏ ਹੋਏ ਭੋਜਨ ਦੀ ਅਜਿਹੀ ਲੜੀ ਆਰੰਭ ਹੋਈ ਕਿ ਅੱਜ ਤਕ ਗੁਰੂ ਕੇ ਲੰਗਰ ਦੇ ਰੂਪ 'ਚ ਨਿਰੰਤਰ ਇਹ ਸੇਵਾ ਚੱਲ ਰਹੀ ਹੈ। ਗੁਰੂ ਨਾਨਕ ਦੇਵ ਜੀ ਦੁਆਰਾ ਆਪਣੇ ਜੀਵਨ ਕਾਲ ਦੌਰਾਨ ਅਨੇਕ ਕਸ਼ਟ ਸਹਾਰ ਕੇ ਭ੍ਰਮਣ ਕਰਨਾ ਮਨੁੱਖਤਾ ਦੀ ਨਿਸ਼ਕਾਮ ਸੇਵਾ ਦੇ ਆਦਰਸ਼ ਦੀ ਪੂਰਤੀ ਕਰਨਾ ਹੀ ਸੀ। ਉਨ੍ਹਾਂ ਮਾਨਵ ਜਾਤੀ ਦੀ ਸੇਵਾ ਖ਼ਾਤਿਰ 'ਭੂਤਨਾ ਤੇ ਬੇਤਾਲਾ' ਸਦਵਾਇਆ ਅਤੇ ਬਾਬਰ ਦੀ ਜੇਲ੍ਹ 'ਚ ਵੀ ਰਹਿਣਾ ਪਿਆ।

ਭਾਈ ਲਹਿਣਾ ਜੀ ਦੁਆਰਾ ਗੁਰੂ ਨਾਨਕ ਦੇਵ ਜੀ ਦੀ ਆਗਿਆ ਅਨੁਸਾਰ ਘਰ ਦੀ ਮੀਂਹ ਕਾਰਨ ਡਿੱਗੀ ਕੰਧ ਨੂੰ ਅੱਧੀ ਰਾਤ ਹੀ ਉਸਾਰਨਾ ਸੀ। ਵਡਿਆਈ ਦੀ ਗੱਲ ਇਹ ਵੀ ਸੀ ਕਿ ਦੀਵਾਰ ਵਾਰ-ਵਾਰ ਉਸਾਰਨ ਵਿਚ ਚਾਅ ਸੀ, ਖਿਝ ਤੇ ਇਨਕਾਰ ਨਹੀਂ ਸੀ। ਅਜਿਹੀਆਂ ਹੋਰ ਸੇਵਾਵਾਂ 'ਚ ਤੱਤਪਰ ਰਹਿਣ ਉਪਰੰਤ ਹੀ ਭਾਈ ਲਹਿਣਾ ਜੀ ਨੂੰ ਗੁਰੂ ਨਾਨਕ ਪਾਤਸ਼ਾਹ ਨੇ ਗੁਰੂ ਅੰਗਦ ਦੇਵ ਜੀ ਦਾ ਸਰੂਪ ਤੇ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ।

ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਨੇ ਨਿਸ਼ਕਾਮ ਸੇਵਾ ਨੂੰ ਪ੍ਰਮੁੱਖ ਜਾਣ ਕੇ, ਬਿਰਧ ਅਵਸਥਾ ਅੰਦਰ 12 ਸਾਲ, ਅੱਧੀ ਰਾਤ ਬਿਆਸ ਤੋਂ ਸਿਆਲ ਰੁੱਤੇ, ਮੀਂਹ, ਝੱਖੜ ਦੀ ਪਰਵਾਹ ਨਾ ਕਰਦਿਆਂ ਗੁਰੂ ਅੰਗਦ ਦੇਵ ਜੀ ਲਈ ਇਸ਼ਨਾਨ ਵਾਸਤੇ ਜਲ ਦੀ ਸੇਵਾ ਕੀਤੀ। ਸੰਸਾਰੀ ਲੋਕਾਂ ਪਾਸੋਂ 'ਅਮਰੂ ਨਿਥਾਵਾਂ' ਕਹਾ ਕੇ ਵੀ ਗੁਰੂ ਜੀ ਨੇ ਅਜਿਹੀ ਕਰੜੀ ਸੇਵਾ ਘਾਲਣਾ ਕੀਤੀ ਕਿ ਗੁਰਗੱਦੀ ਦੀ ਬਖ਼ਸ਼ਿਸ਼ ਹੋਈ।

ਭਾਈ ਜੇਠਾ ਜੀ ਕੇਵਲ ਨਿਸ਼ਕਾਮ ਸੇਵਾ ਨੂੰ ਮੁੱਖ ਰੱਖ ਕੇ ਹੀ ਗੁਰੂ ਅਮਰਦਾਸ ਜੀ ਦੀ ਸ਼ਰਨ ਵਿਚ ਗੋਇੰਦਵਾਲ ਸਾਹਿਬ ਵਿਖੇ ਲੋਕ ਲਾਜ ਦਾ ਪਰਦਾ ਲਾਹ ਕੇ, ਜੂਠੇ ਭਾਂਡੇ ਮਾਂਜਦੇ ਤੇ ਲੰਗਰ ਦੀ ਸੇਵਾ ਕਰਦੇ ਰਹੇ। ਜਦੋਂ ਗੁਰੂ ਸਾਹਿਬ ਨੇ ਬਾਉਲੀ ਦੀ ਸੇਵਾ ਆਰੰਭ ਕੀਤੀ ਤਾਂ ਇਸ ਸੇਵਾ 'ਚ ਵੀ ਉਹ ਤੱਤਪਰ ਰਹੇ। ਲਾਹੌਰ ਤੋਂ ਆਏ ਸਕੇ-ਸਬੰਧੀਆਂ ਦੇ ਕੁਬੋਲ ਵੀ ਉਨ੍ਹਾਂ ਖਿੜੇ ਮੱਥੇ ਪ੍ਰਵਾਨ ਕੀਤੇ। ਗੁਰੂ ਅਮਰਦਾਸ ਜੀ ਨੇ ਉਨ੍ਹਾਂ ਦੇ ਸਕੇ ਸਬੰਧੀਆਂ ਨੂੰ ਕਿਹਾ ਕਿ 'ਭਲੇ ਲੋਕੋ ਇਹ ਮਿੱਟੀ ਦੀ ਟੋਕਰੀ ਨਹੀਂ, ਸਭ ਜਗ ਛਤ੍ਰ ਦੀਨ ਮੈ ਇਨ ਕੇ। ਇਨ੍ਹਾਂ ਨੇ ਸੇਵਾ ਰਾਹੀਂ ਮੈਨੂੰ ਵੱਸ 'ਚ ਕਰ ਲਿਆ ਹੈ।' ਗੁਰੂ ਦਾ ਹੁਕਮ ਮੰਨ ਕੇ ਵਾਰ-ਵਾਰ ਥੜ੍ਹੇ ਉਸਾਰਦੇ ਰਹੇ ਤੇ ਅੰਤ ਨੂੰ ਆਪਣੀ ਸੇਵਾ ਸਦਕਾ ਭਾਈ ਜੇਠਾ ਜੀ ਨੂੰ ਗੁਰੂ ਰਾਮਦਾਸ ਜੀ ਦੇ ਨਾਮ ਦੀ ਬਖ਼ਸ਼ਿਸ਼ ਕਰ ਕੇ ਗੁਰਗੱਦੀ ਸੌਂਪੀ ਗਈ। ਗੁਰੂ ਸਾਹਿਬ ਦਾ ਜੀਵਨ ਆਦਿ ਤੋਂ ਅੰਤ ਤਕ ਸੇਵਾ ਦਾ ਮੁਜੱਸਮਾ ਹੈ।

ਗੁਰੂ ਅਰਜਨ ਦੇਵ ਜੀ ਨੇ ਇਤਿਹਾਸ ਵਿਚ ਕਈ ਨਵੀਆਂ ਲੀਹਾਂ ਸੇਵਾ ਲਈ ਸਥਾਪਿਤ ਕੀਤੀਆਂ। ਆਪ ਦੇ ਉੱਦਮ ਤੇ ਪ੍ਰੇਰਨਾ ਨਾਲ ਭਾਈ ਬਹਿਲੋ ਅਤੇ ਸੰਮਨ ਮੂਸਨ ਵਰਗੇ ਨਿਸ਼ਕਾਮ ਸੇਵਕ ਗੁਰੂ ਘਰ ਵਿਚ ਹਾਜ਼ਰ ਹੋਏ। ਗੁਰੂ ਅਰਜਨ ਦੇਵ ਜੀ ਨਾਲ ਮਾਤਾ ਗੰਗਾ ਜੀ ਵੀ ਲੰਗਰ ਦੀ ਸੇਵਾ ਕਰਿਆ ਕਰਦੇ ਸਨ। ਗੁਰੂ ਅਰਜਨ ਦੇਵ ਜੀ ਸੇਵਾ ਬਾਬਤ ਫੁਰਮਾਉਂਦੇ ਹਨ :

ਟਹਲ ਕਰਉ ਤੇਰੇ ਦਾਸ ਕੀ ਪਗ ਝਾਰਉ ਬਾਲ (810)

ਗੁਰੂ ਅਰਜਨ ਦੇਵ ਜੀ ਨੇ ਪਿਤਾ ਗੁਰਦੇਵ ਗੁਰੂ ਰਾਮਦਾਸ ਜੀ ਦੁਆਰਾ ਆਰੰਭ ਕੀਤੀ ਸ੍ਰੀ ਹਰਿਮੰਦਰ ਸਾਹਿਬ ਦੀ ਸੇਵਾ ਸੰਪੂਰਨ ਕਰਵਾਈ। ਕਰਤਾਰਪੁਰ ਨਗਰ ਦਾ ਨਿਰਮਾਣ, ਤਰਨ ਤਾਰਨ ਸਾਹਿਬ ਵਿਖੇ ਸਰੋਵਰ ਤੇ ਕੋਹੜੀ ਆਸ਼ਰਮ ਖੋਲ੍ਹਿਆ। ਮਨੁੱਖਤਾ ਦੇ ਪਾਰ-ਉਤਾਰੇ ਲਈ ਆਪ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਕਰਵਾ ਕੇ, ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਕਰਵਾਇਆ। ਗੁਰਬਾਣੀ ਗਿਆਨ ਦਾ ਭੰਡਾਰ ਹੈ, ਗੁਰਸਿੱਖ ਲਈ ਗੁਰਬਾਣੀ ਦਾ ਪਾਠ ਕਰਨਾ, ਸੰਗਤ ਨੂੰ ਪਾਠ ਸੁਣਾ ਕੇ ਕੀਰਤਨ ਕਰਨਾ ਤੇ ਗੁਰਬਾਣੀ ਦੇ ਆਸ਼ੇ ਵਾਲਾ ਜੀਵਨ ਬਤੀਤ ਕਰਨਾ, ਇਹ ਸਭ ਸੇਵਾ ਦੀਆਂ ਨਿਸ਼ਾਨੀਆਂ ਹਨ। ਅਜਿਹੇ ਮਹਾਨ ਗੁਰੂ ਜੀ ਨੇ ਧਰਮ ਨੂੰ ਕਾਇਮ ਰੱਖਣ ਲਈ ਜੋ ਅੰਤਮ ਸੇਵਾ ਕੀਤੀ ਹੈ, ਉਸ ਨੂੰ ਇਤਿਹਾਸਕਾਰਾਂ ਨੇ 'ਮਹਾਨ ਸ਼ਹੀਦੀ' ਕਿਹਾ ਹੈ। ਇਸ ਸੇਵਾ ਨਾਲ ਸਿੱਖ ਧਰਮ ਵਿਚ ਗੁਰੂ ਜੀ ਨੇ ਸ਼ਹੀਦੀਆਂ ਦੀ ਸੇਵਾ ਦਾ ਆਗਾਜ਼ ਕੀਤਾ।

ਛੇਵੇਂ ਗੁਰੂ ਹਰਿਗੋਬਿੰਦ ਸਾਹਿਬ ਨੇ ਗੁਰਗੱਦੀ ਤੇ ਬੈਠਣ ਪਿੱਛੋਂ ਮੀਰੀ-ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ ਤਾਂ ਜੋ ਅਨਿਆ ਤੇ ਜ਼ੁਲਮ ਦਾ ਟਾਕਰਾ ਕੀਤਾ ਜਾ ਸਕੇ। ਇਸ ਬਦਲਦੀ ਹੋਈ ਪਰਸਥਿਤੀ ਵਿਚ ਉਨ੍ਹਾਂ ਨੇ ਸਿੱਖਾਂ ਨੂੰ ਹੁਕਮ ਦਿੱਤਾ ਕਿ ਉਹ ਗੁਰੂ ਘਰ ਲਈ ਘੋੜੇ ਤੇ ਸ਼ਸ਼ਤਰਾਂ ਦੀ ਸੇਵਾ ਭੇਟ ਕਰਨ। ਕੁੱਝ ਸਮੇਂ ਵਿਚ ਹੀ ਮਾਝਾ, ਮਾਲਵਾ ਤੇ ਦੁਆਬਾ ਦੇ ਇਲਾਕਿਆਂ 'ਚੋਂ 500 ਦੇ ਕਰੀਬ ਨੌਜਵਾਨਾਂ ਨੇ ਆਪਣੇ ਆਪ ਨੂੰ ਗੁਰੂ ਸਾਹਿਬ ਦੀ ਸੇਵਾ ਲਈ ਅਰਪਿਤ ਕੀਤਾ। ਬਦਲਦੇ ਹਾਲਾਤ ਤੇ ਸਮੇਂ ਦੀ ਲੋੜ ਅਨੁਸਾਰ ਸੈਨਿਕ ਸੇਵਾ ਵੀ ਸਿੱਖ ਧਰਮ ਦਾ ਅਨਿੱਖੜਵਾਂ ਅੰਗ ਬਣੀ। ਗੁਰੂ ਹਰਿਗੋਬਿੰਦ ਸਾਹਿਬ ਦੇ ਜੀਵਨ ਵਿਚ ਸੇਵਾ ਦੀ ਅਜਿਹੀ ਮਿਸਾਲ ਹੋਰ ਕਿਧਰੇ ਨਹੀਂ ਮਿਲਦੀ। ਆਪਣੀ ਪੁੱਤਰੀ ਬੀਬੀ ਵੀਰੋ ਦੇ ਵਿਆਹ ਸਮੇਂ ਤਿਆਰ ਕੀਤੀ ਮਠਿਆਈ ਨੂੰ ਕਾਬਲ ਤੋਂ ਆਈਆਂ ਸੰਗਤਾਂ 'ਚ ਵਰਤਾਉਣ ਲਈ ਹੁਕਮ ਕਰਨਾ, ਸੰਗਤ ਦੀ ਪ੍ਰਮੁੱਖਤਾ ਤੇ ਸੇਵਾ ਦੀ ਇਕ ਮਿਸਾਲ ਹੈ। ਗੁਰੂ ਹਰਿਗੋਬਿੰਦ ਸਾਹਿਬ ਦੇ ਪੰਜ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਤਿੰਨ ਸਪੁੱਤਰ ਉਨ੍ਹਾਂ ਦੇ ਜੀਵਨ ਕਾਲ 'ਚ ਹੀ ਅਕਾਲ ਚਲਾਣਾ ਕਰ ਗਏ। ਤੇਗ ਮੱਲ ਤੇ ਸੂਰਜ ਮੱਲ ਨੂੰ ਛੱਡ ਕੇ ਉਨ੍ਹਾਂ ਆਪਣੇ ਵੱਡੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਹਰਿਰਾਏ ਜੀ ਨੂੰ ਗੁਰਿਆਈ ਬਖ਼ਸ਼ੀ। ਬਾਬਾ ਗੁਰਦਿੱਤਾ ਜੀ ਦੇ ਵੱਡੇ ਲੜਕੇ ਧੀਰ ਮੱਲ ਨੂੰ ਵੀ ਯੋਗ ਨਾ ਸਮਝਿਆ। ਇੱਥੇ ਵੀ ਸੇਵਾ ਨੂੰ ਆਧਾਰ ਬਣਾ ਕੇ ਹੀ ਗੁਰੂ ਹਰਿਰਾਇ ਸਾਹਿਬ ਨੂੰ ਗੁਰਗੱਦੀ ਦੀ ਬਖ਼ਸ਼ਿਸ਼ ਕੀਤੀ ਗਈ।

ਗੁਰੂ ਹਰਿਰਾਇ ਸਾਹਿਬ ਨੇ ਕੀਰਤਪੁਰ ਸਾਹਿਬ ਵਿਚ ਐਸਾ ਦਵਾਖ਼ਾਨਾ ਸਥਾਪਿਤ ਕੀਤਾ, ਜਿੱਥੋਂ ਦੁਖੀਆਂ ਨੂੰ ਮੁਫ਼ਤ ਦਵਾਈ ਮਿਲਦੀ ਸੀ। ਗੁਰੂ ਸਾਹਿਬ ਦੇ ਇਸੇ ਦਵਾਖ਼ਾਨੇ ਵਿਚ ਸ਼ਹਿਜ਼ਾਦਾ ਦਾਰਾ ਸ਼ਿਕੋਹ ਦੇ ਬਿਮਾਰ ਹੋਣ 'ਤੇ ਉਸ ਨੂੰ ਸ਼ਫ਼ਾ ਪ੍ਰਦਾਨ ਕੀਤੀ ਗਈ।

ਅਠਵੇਂ ਪਾਤਸ਼ਾਹ ਗੁਰੂ ਹਰਕ੍ਰਿਸ਼ਨ ਸਾਹਿਬ ਦੀ ਉਮਰ ਪੰਜ ਸਾਲ ਸੀ ਜਦ ਉਹ ਗੁਰਗੱਦੀ 'ਤੇ ਬਿਰਾਜਮਾਨ ਹੋਏ। ਉਹ ਦਿੱਲੀ ਦੀ ਸੰਗਤ ਦੇ ਸੱਦੇ 'ਤੇ ਉੱਥੇ ਗਏ। ਉਸ ਵਕਤ ਦਿੱਲੀ 'ਚ ਚੇਚਕ ਦੀ ਲਾਇਲਾਜ ਬਿਮਾਰੀ ਫੈਲ ਚੁੱਕੀ ਸੀ। ਗੁਰੂ ਸਾਹਿਬ ਨੇ ਸੰਗਤ ਦਾ ਇਹ ਅਸਿਹ ਦੁੱਖ ਆਪਣੇ ਤਨ ਉੱਪਰ ਝੱਲ ਕੇ ਇਹ ਮਹਾਨ ਸੇਵਾ ਕੀਤੀ। ਇਸ ਦੇ ਬਾਬਤ ਅੱਜ ਵੀ ਸਿੱਖ ਸੰਗਤਾਂ ਬੜੇ ਪਿਆਰ ਤੇ ਸ਼ਰਧਾ ਨਾਲ ਅਰਦਾਸ ਦੇ ਇਹ ਸ਼ਬਦ ਉਚਾਰ ਕੇ ਆਪਣੇ ਦੁੱਖਾਂ ਤੋਂ ਨਵਿਰਤੀ ਹਾਸਿਲ ਕਰਦੀਆਂ ਹਨ:

ਸ੍ਰੀ ਹਰਕ੍ਰਿਸ਼ਨ ਧਿਆਈਐ ਜਿਸੁ ਡਿਠੈ ਸਭਿ ਦਿਖ ਜਾਇ

ਨੌਵੇਂ ਗੁਰੂ ਤੇਗ ਬਹਾਦਰ ਸਾਹਿਬ ਨੇ ਧਰਮ ਦੀ ਰੱਖਿਆ ਖਾਤਰ ਜਨੇਊ ਉਤਾਰਨ ਨਹੀਂ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਇਸ ਮਹਾਨ ਬਲਿਦਾਨ ਵਾਲੀ ਸੇਵਾ ਦਾ ਜ਼ਿਕਰ ਬਚਿੱਤ੍ਰ ਨਾਟਕ ਵਿਚ ਇਸ ਪ੍ਰਕਾਰ ਕਰਦੇ ਹਨ :

ਤਿਲਕ ਜੰਞੂ ਰਾਖਾ ਪ੍ਰਭ ਤਾਕਾ ਕੀਨੋ ਬਡੋ ਕਲੂ ਮੈ ਸਾਕਾ

ਸਾਧਨ ਹੇਤ ਇਤਿ ਜਿਨ ਕਰੀ ਸੀਸ ਦੀਆ ਪਰ ਸੀ ਨਾ ਉਚਰੀ

ਧਰਮ ਹੇਤ ਸਾਕਾ ਜਿਨ ਕੀਆ ਸੀਸ ਦੀਆ ਪਰ ਸਿਰਰ ਨ ਦੀਆ

ਕਸ਼ਮੀਰੀ ਪੰਡਤਾਂ ਦੀ ਫ਼ਰਿਆਦ ਸੁਣ ਕੇ ਗੁਰੂ ਜੀ ਨੇ ਹਿੰਦੂ ਧਰਮ ਦੀ ਰੱਖਿਆ ਲਈ ਸਰੇ-ਬਾਜ਼ਾਰ ਦਿੱਲੀ ਦੇ ਚਾਂਦਨੀ ਚੌਕ ਅੰਦਰ ਦਿੱਲੀ-ਪਤਿ ਔਰੰਗਜ਼ੇਬ ਦੇ ਜ਼ੁਲਮ ਦੀ ਤਲਵਾਰ ਅੱਗੇ 11 ਨਵੰਬਰ 1675 ਨੂੰ ਸੀਸ ਅਰਪਨ ਕਰ ਕੇ ਧਰਮ ਤੇ ਦੇਸ਼ ਦੀ ਨਿਸ਼ਕਾਮ ਤੇ ਲਾਸਾਨੀ ਸੇਵਾ ਕੀਤੀ। ਕਿਸੇ ਦੂਸਰੇ ਧਰਮ ਲਈ ਕੁਰਬਾਨੀ ਦੇ ਕੇ ਗੁਰੂ ਜੀ ਦੀ ਇਸ ਸੰਸਾਰ ਅੰਦਰ ਇਕ ਵੱਖਰੀ ਸੇਵਾ ਦੀ ਉਦਾਹਰਣ ਕਾਇਮ ਕੀਤੀ।

ਇਤਿਹਾਸਕਾਰ ਮੈਕਾਲਿਫ 'ਸਿੱਖ ਰਿਲੀਜ਼ਨ, ਭਾਗ-5, ਪੰਨਾ ਨੰਬਰ 123 ਉਪਰ ਲਿਖਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਕ ਨੌਜਵਾਨ ਹੱਥੋਂ ਜਲ ਛਕਣ ਤੋਂ ਨਾਂਹ ਇਸ ਲਈ ਕੀਤੀ ਸੀ ਕਿ ਉਸ ਨੇ ਕਦੇ ਵੀ ਹੱਥੀਂ ਸੇਵਾ ਨਹੀਂ ਸੀ ਕੀਤੀ। 'ਗੁਰਪ੍ਰਤਾਪ ਸੂਰਜ ਦੀ ਰੁੱਤ-3 ਦੇ ਅਧਿਆਇ 43 ਅਨੁਸਾਰ :

ਮੁਖ ਤੇ ਅਰੁ ਮਨ ਤੇ ਸਦਾ, ਲਿਵ ਨਾਮ ਲਗਾਵੈ।

ਹਾਥ ਤੇ ਕਰ ਟਹਿਲ, ਕੋ ਸਿਖ ਸੰਤ ਰੀਝਾਵੈ।

ਸੋ ਮਮ ਪਿਆਰੋ ਅਧਿਕ ਹੈ, ਬਸ ਰਹੋ ਸਦੀਵਾ।

ਕਰਨੀ ਊਚੀ ਨਿਤ ਕਰਹਿ, ਰਾਖਹਿ ਮਨ ਨੀਵਾਂ।

ਗੁਰੂ ਗੋਬਿੰਦ ਸਿੰਘ ਜੀ ਨੇ ਖ਼ਾਲਸੇ ਦੀ ਸਿਰਜਣਾ ਕਰ ਕੇ ਸਿੱਖਾਂ ਨੂੰ ਸੰਤ-ਸਿਪਾਹੀ ਬਣਾਇਆ। ਆਪ ਦਾ ਹੁਕਮ ਸੀ ਕਿ ਦੁਖੀਆਂ, ਦੀਨਾਂ ਤੇ ਦਰਦਮੰਦਾਂ ਦੀ ਸੇਵਾ ਕਰਨਾ ਖ਼ਾਲਸੇ ਦਾ ਧਰਮ ਹੈ। ਇਸ ਦੇ ਨਾਲ ਹੀ ਜ਼ਬਰ ਤੇ ਜ਼ੁਲਮ ਨਾਲ ਟੱਕਰ ਲੈ ਕੇ ਨਿਮਾਣਿਆਂ ਤੇ ਨਿਤਾਣਿਆਂ ਦੀ ਰੱਖਿਆ ਕਰਨਾ ਵੀ ਸੇਵਾ ਹੈ। ਇਸ ਸੇਵਾ ਭਾਵਨਾ ਅਧੀਨ ਅਨੰਦਪੁਰ ਸਾਹਿਬ ਵਿਖੇ ਖ਼ਾਲਸੇ ਦਾ ਮੁੱਖ ਕੇਂਦਰ ਸਥਾਪਿਤ ਕੀਤਾ, ਜਿੱਥੇ ਗੁਰੂ ਸਾਹਿਬ ਨੇ ਦੇਗ-ਤੇਗ਼ ਦਾ ਸੰਕਲਪ ਸਿੱਖ ਸੰਗਤਾਂ ਨੂੰ ਦ੍ਰਿੜ ਕਰਵਾਇਆ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਜੀਵਨ ਧਰਮ ਤੇ ਦੇਸ਼ ਦੀ ਸੇਵਾ ਲਈ ਸੰਘਰਸ਼ ਕੀਤਾ। ਪਿਤਾ ਦਾ ਬਲਿਦਾਨ, ਚਾਰ ਸਾਹਿਬਜ਼ਾਦਿਆਂ ਦੇ ਸੀਸ ਅਰਪਣ, ਮਾਤਾ ਜੀ ਦੀ ਕੁਰਬਾਨੀ, ਅਗਿਣਤ ਸਪੁੱਤਰਾਂ ਨਾਲੋਂ ਪਿਆਰੇ ਸਿੱਖ ਰਣ ਤੱਤੇ ਦੀ ਭੇਂਟ ਚੜ੍ਹ ਦਿੱਤੇ। ਇਹ ਕੇਵਲ ਨਿਸ਼ਕਾਮ ਸੇਵਾ ਭਾਵਨਾ ਅਤੇ ਉੱਚੇ-ਸੁੱਚੇ ਆਦਰਸ਼ ਦੀ ਪੂਰਤੀ ਵਾਸਤੇ ਹੀ ਸੀ।

ਸੇਵਾ ਸਿੱਖ ਜਗਤ ਅੰਦਰ 'ਉੱਦਮ' ਦੀ ਪ੍ਰਤੀਕ ਹੈ। ਸੰਸਾਰ ਦੇ ਇਤਿਹਾਸ ਵਿਚ ਕਿਤੇ ਵੀ ਸੇਵਾ ਦੀ ਅਜਿਹੀ ਮਿਸਾਲ ਨਹੀਂ ਮਿਲਦੀ, ਜਿਹੋ ਜਿਹੀ ਸਿੱਖ ਸਿਧਾਂਤਾਂ ਨੇ ਪੇਸ਼ ਕੀਤਾ ਹੈ। ਸਿੱਖ ਧਰਮ ਦੇ ਵਿਕਾਸ ਤੇ ਪ੍ਰਚਾਰ ਵਿਚ ਸੇਵਾ ਨੇ ਨਿੱਗਰ ਹਿੱਸਾ ਪਾਇਆ ਹੈ।

- ਪ੍ਰੋ. ਪਰਦੀਪ ਸਿੰਘ

Posted By: Harjinder Sodhi