ਕਾਲ ਚੱਕਰ ਵਿਚ ਨਵੇਂ-ਪੁਰਾਣੇ ਦੇ ਮਾਅਨੇ ਨਹੀਂ ਹੁੰਦੇ। ਇਹ ਅਤੀਤ, ਵਰਤਮਾਨ ਤੇ ਭਵਿੱਖ ਦੀ ਤਿਕੋਣੀ ਪਰ ਇਕੱਲੀ, ਨਿਰੰਤਰ ਸੱਤਾ ਹੈ। ਕਾਲ ਦੀ ਕਲਪਨਾ ਇਕ ਚੱਕਰ ਦੇ ਰੂਪ ਵਿਚ ਕੀਤੀ ਗਈ ਹੈ, ਜੋ ਕ੍ਰਮਵਾਰ ਅੱਗੇ ਵੱਲ ਘੁੰਮਦਾ ਰਹਿੰਦਾ ਹੈ ਅਤੇ ਕਦੇ ਵੀ ਪਹਿਲਾਂ ਵਾਲੀ ਅਵਸਥਾ ਵਿਚ ਨਹੀਂ ਪਰਤਦਾ। ਇਸ ਚੱਕਰ ਦੀ ਧੁਰੀ ਵਰਤਮਾਨ ਹੈ ਜਿਸ ਦੇ ਇਕ ਪਾਸੇ ਅਤੀਤ ਹੈ ਤਾਂ ਦੂਜੇ ਪਾਸੇ ਭਵਿੱਖ। 'ਇਕ ਨਦੀ ਵਿਚ ਦੋ ਵਾਰ ਨਹੀਂ ਨਹਾਇਆ ਜਾ ਸਕਦਾ' ਤੋਂ ਭਾਵ ਹੈ ਕਿ ਗੁਜ਼ਰ ਚੁੱਕੇ ਹਾਲਾਤ ਹੂਬਹੂ ਉਸੇ ਰੂਪ ਵਿਚ ਮੁੜ ਨਹੀਂ ਆਉਣਗੇ। ਇਹੀ ਜੀਵਨ ਦੀ ਸ਼ਰਤ ਹੈ। ਤਬਦੀਲੀ ਹੀ ਹੈ, ਜੋ ਸ੍ਰਿਸ਼ਟੀ ਨੂੰ ਚਲਾਈਮਾਨ ਰੱਖਦੀ ਹੈ। ਇਸ ਤੱਥ ਨੂੰ ਮਨ ਵਿਚ ਨਾ ਵਸਾਉਂਦੇ ਹੋਏ ਜੋ ਅਤੀਤ ਵਿਚ ਜਕੜਿਆ ਰਹੇਗਾ, ਉਹ ਆਪਣੀ ਤਰੱਕੀ ਵਿਚ ਰੋੜਾ ਬਣੇਗਾ। ਇਹ ਸੱਚਾਈ ਹੈ ਕਿ ਜਗਤ ਵਿਚ ਹਾਲਾਤ ਸਥਾਈ ਨਹੀਂ ਰਹਿੰਦੇ। ਇਨ੍ਹਾਂ ਨੇ ਬਦਲਣਾ ਹੀ ਹੁੰਦਾ ਹੈ। ਸਥਾਈ ਹੈ ਤਾਂ ਮਨੁੱਖ ਦਾ ਦਿਵਯ ਸਰੂਪ, ਜਿਸ ਨੇ ਆਪਣੇ ਮੂਲ ਸਥਾਨ ਅਰਥਾਤ ਪਰਮ ਸ਼ਕਤੀ ਵਿਚ ਸਮਾ ਜਾਣਾ ਹੈ। ਦਿਲ 'ਚ ਪ੍ਰੇਮ, ਭਾਈਚਾਰਾ, ਦਇਆ ਜਿਨ੍ਹਾਂ ਵੀ ਭਾਵਾਂ ਨੂੰ ਜਗ੍ਹਾ ਦਿੰਦੇ ਰਹੋਗੇ, ਉਹੀ ਭਾਵ ਪਕੇਰੇ ਹੁੰਦੇ ਰਹਿਣਗੇ। ਤਾਂ ਵੀ, ਅਪਣਾਈ ਗਈ ਜੀਵਨ-ਸ਼ੈਲੀ ਵਿਚ ਤਰੁੱਟੀਆਂ ਦੇਖ ਸਕਣ ਤੇ ਤਰਮੀਮ ਲਈ ਵਚਨਬੱਧ ਮਨੁੱਖ ਅਣਥੱਕ ਕੋਸ਼ਿਸ਼ਾਂ ਨਾਲ ਜੀਵਨ ਨੂੰ ਨਵੀਂ ਦਿਸ਼ਾ ਦੇ ਦਿੰਦੇ ਹਨ। ਵਰਤਮਾਨ ਨੂੰ ਅਤੀਤ ਦੀਆਂ ਯਾਦਾਂ ਵਿਚ ਫਸਾ ਕੇ ਜਾਂ ਭਵਿੱਖ ਦੇ ਸੁਪਨਿਆਂ ਵਿਚ ਗੁਆਚੇ ਰਹਿਣ ਵਾਲੇ ਵਰਤਮਾਨ ਸੁੱਖਾਂ ਤੋਂ ਵਾਂਝੇ ਰਹਿਣਗੇ। ਸਮੇਂ ਦੀ ਤਬਦੀਲੀ ਨੂੰ ਸਮਝਣ ਵਾਲੇ ਭਰੋਸਾ ਕਰਦੇ ਰਹਿੰਦੇ ਹਨ ਕਿ ਜਦ ਉਹ ਦਿਨ ਨਹੀਂ ਰਹੇ ਤਾਂ ਇਹ ਦਿਨ ਵੀ ਨਹੀਂ ਰਹਿਣਗੇ। ਜੀਵਨ ਦੇ ਹਰੇਕ ਪਲ ਦਾ ਆਪਣਾ ਮਹੱਤਵ ਹੁੰਦਾ ਹੈ। ਉਮੀਦ ਅਤੇ ਪ੍ਰਫੁੱਲਤਾ ਨਾਲ ਲਬਰੇਜ਼, ਉਹ ਸਾਰਥਕ ਜੀਵਨ ਗੁਜ਼ਾਰਨ ਵਿਚ ਭਰੋਸਾ ਰੱਖਦੇ ਹਨ। ਉਹ ਜੀਵਨ ਵਿਚ ਲਾਜ਼ਮੀ ਤੌਰ 'ਤੇ ਆਉਂਦੀਆਂ ਉਲਝਣਾਂ ਅਤੇ ਸਮੱਸਿਆਵਾਂ ਅੱਗੇ ਗੋਡੇ ਨਹੀਂ ਟੇਕਦਾ। ਉਸ ਨੂੰ ਅਹਿਸਾਸ ਰਹਿੰਦਾ ਹੈ ਕਿ ਜੀਵਨ ਦੇ ਰਾਹ 'ਤੇ ਮਨੁੱਖ ਦੀ ਪਰਖ ਉਸ ਦੀਆਂ ਨਾਕਾਮੀਆਂ ਤੋਂ ਨਹੀਂ ਸਗੋਂ ਉਸ ਦੇ ਮੁੜ ਉੱਠਣ ਅਤੇ ਬਹੁਤ ਹੌਸਲੇ ਤੇ ਉਤਸ਼ਾਹ ਨਾਲ ਕਰਮਸ਼ੀਲ ਰਹਿਣ ਨਾਲ ਹੁੰਦੀ ਹੈ। ਇਨਸਾਨ ਨੂੰ ਹਮੇਸ਼ਾ ਹੱਕ-ਹਲਾਲ ਦੀ ਕਮਾਈ ਕਰਨੀ ਚਾਹੀਦੀ ਹੈ ਕਿਉਂਕਿ ਹਰਾਮ ਦੀ ਕਮਾਈ ਉਸ ਲਈ ਬਰਬਾਦੀ ਦੇ ਰਾਹ ਖੋਲ੍ਹ ਦੇਵੇਗੀ।

-ਹਰੀਸ਼ ਬੜਥਵਾਲ।

Posted By: Susheel Khanna