ਇਹ ਮਨੁੱਖੀ ਸਰੀਰ ਕਿਸ ਲਈ ਮਿਲਿਆ ਹੈ? ਮਨੁੱਖ 84 ਲੱਖ ਜੂਨਾਂ ਵਿਚ ਸਰਬੋਤਮ ਕਿਉਂ ਦੱਸਿਆ ਗਿਆ ਹੈ? ਉਸ ਨੂੰ ਹੋਰ ਪ੍ਰਾਣੀਆਂ ਦੇ ਮੁਕਾਬਲੇ ਸਭ ਤੋਂ ਵੱਧ ਸਾਧਨ-ਸਹੂਲਤਾਂ ਕਿਉਂ ਪ੍ਰਦਾਨ ਕੀਤੀ ਗਈਆਂ ਹਨ? ਜੇਕਰ ਇਨ੍ਹਾਂ ਸਵਾਲਾਂ ’ਤੇ ਸੰਜੀਦਗੀ ਨਾਲ ਵਿਚਾਰ ਕੀਤਾ ਜਾਵੇ ਤਾਂ ਪਤਾ ਲੱਗਦਾ ਹੈ ਕਿ ਸਾਨੂੰ ਇਹ ਮਨੁੱਖੀ ਜੀਵਨ ਕਿਸੇ ਖ਼ਾਸ ਮਕਸਦ ਲਈ ਹੀ ਪ੍ਰਾਪਤ ਹੋਇਆ ਹੈ। ਜੇਕਰ ਪਰਮਾਤਮਾ ਨੇ ਮਨੁੱਖ ਦਾ ਜੀਵਨ ਇੰਨਾ ਮਹਾਨ ਬਣਾਇਆ ਹੈ ਤਾਂ ਇਸ ਦਾ ਮਕਸਦ ਵੀ ਸਾਧਾਰਨ ਨਹੀਂ ਬਲਕਿ ਅਸਾਧਾਰਨ ਹੀ ਹੋਣਾ ਲਾਜ਼ਮੀ ਹੈ। ਭਗਵਾਨ ਸ੍ਰੀਕ੍ਰਿਸ਼ਨ ਨੇ ਕਿਹਾ ਹੈ ਕਿ ਭਾਵੇਂ ਮਨੁੱਖੀ ਸਰੀਰ ਹੈ ਤਾਂ ਨਸ਼ਵਰ ਹੀ ਪਰ ਇਸ ਨਾਲ ਪਰਮਾਰਥ ਦੀ ਸੱਚੀ ਵਸਤੂ ਦੀ ਪ੍ਰਾਪਤੀ ਵੀ ਸੰਭਵ ਹੈ। ਸਾਫ਼ ਹੈ ਕਿ ਸਾਨੂੰ ਆਪਣੀ ਮੌਤ ਤੋਂ ਪਹਿਲਾਂ ਹੀ ਆਪਣੇ ਇਸ ਜੀਵਨ ਦਾ ਸਦਉਪਯੋਗ ਕਰਨ ਅਤੇ ਇਸ ਨੂੰ ਸਾਰਥਕ ਬਣਾਉਣ ਵਾਲੀ ਸਾਧਨਾ ਜ਼ਰੂਰ ਕਰ ਲੈਣੀ ਚਾਹੀਦੀ ਹੈ। ਸ੍ਰੀਕਿਸ਼ਨ ਕਹਿੰਦੇ ਹਨ ਕਿ ਪਰਮਾਰਥ ਇਸ ਜੀਵਨ ਦਾ ਸ੍ਰੇਸ਼ਠ ਅਤੇ ਸਭ ਤੋਂ ਉੱਚਾ ਟੀਚਾ ਹੈ। ਜੇਕਰ ਮਨੁੱਖ ਇਸ ਸੱਚ ਨੂੰ ਦਿਲ ਵਿਚ ਵਸਾ ਲਵੇ ਤਾਂ ਆਪਣੇ ਟੀਚੇ ਵਾਲੇ ਪਾਸੇ ਵੱਧ ਸਕਦਾ ਹੈ। ਹਾਲਾਂਕਿ ਸਿਰਫ਼ ਮਨੁੱਖੀ ਸਰੀਰ ਹਾਸਲ ਕਰ ਲੈਣ ਨਾਲ ਹੀ ਜੀਵਨ ਦਾ ਕਾਇਆਕਲਪ ਹੋਣਾ, ਧੰਨ ਬਣਨਾ ਸੰਭਵ ਨਹੀਂ ਹੈ। ਇਹ ਮਨੁੱਖੀ ਜੀਵਨ ਤਾਂ ਸਿਰਫ਼ ਦੁਰਲਭ ਮੌਕਾ ਪ੍ਰਾਪਤ ਹੋਇਆ ਹੈ। ਅਤੇ ਸਿਰਫ਼ ਮੌਕਾ ਹੀ ਸਭ ਕੁਝ ਨਹੀਂ ਹੁੰਦਾ ਕਿਉਂਕਿ ਇਸ ਮੌਕੇ ਦਾ ਸਦਉਪਯੋਗ ਵੀ ਹੋ ਸਕਦਾ ਹੈ, ਦੁਰਉਪਯੋਗ ਵੀ। ਨਾਈ ਦਾ ਉਸਤਰਾ ਸ਼ੇਵ ਵੀ ਕਰ ਸਕਦਾ ਹੈ, ਗਰਦਨ ਵੀ ਕੱਟ ਸਕਦਾ ਹੈ ਪਰ ਬੁੱਧੀਮਾਨੀ ਕਿਸ ਵਿਚ ਹੈ, ਮਨੁੱਖ ਨੂੰ ਇਸ ’ਤੇ ਵਿਚਾਰ ਕਰਨਾ ਚਾਹੀਦਾ ਹੈ। ਜ਼ਾਹਰ ਹੈ ਕਿ ਇਹ ਜੀਵਨ ਸੀਮਤ ਸਮੇਂ ਲਈ ਹੀ ਪ੍ਰਾਪਤ ਹੋਇਆ ਹੈ ਕਿਉਂਕਿ ਮੌਤ ਤਾਂ ਜੀਵਨ ਦੇ ਪਿੱਛੇ-ਪਿੱਛੇ ਚੱਲ ਰਹੀ ਹੈ। ਕੋਈ ਨਹੀਂ ਜਾਣਦਾ ਕਿ ਉਹ ਕਦੋਂ ਆ ਜਾਵੇ। ਅਜਿਹੇ ਵਿਚ ਸਾਨੂੰ ਜੀਵਨ ਦੇ ਮਕਸਦ ’ਤੇ ਧਿਆਨ ਦੇਣਾ ਜ਼ਰੂਰੀ ਹੈ। ਸਾਡਾ ਤਨ ਅਤੇ ਧਨ, ਦੋਵੇਂ ਅਸਥਾਈ ਹਨ। ਸਾਨੂੰ ਇਨ੍ਹਾਂ ਨਾਲ ਮੋਹ ਨਹੀਂ ਕਰਨਾ ਚਾਹੀਦਾ। ਇਨ੍ਹਾਂ ਦੀ ਵਰਤੋਂ ਸਾਨੂੰ ਦੂਜਿਆਂ ’ਤੇ ਉਪਕਾਰ ਕਰਨ ਵਿਚ ਵੀ ਕਰਨੀ ਚਾਹੀਦੀ ਹੈ। ਮਹਾਰਿਸ਼ੀ ਦਧੀਚੀ ਦੀ ਮਿਸਾਲ ਸਾਡੇ ਸਾਹਮਣੇ ਹੈ ਕਿ ਕਿਸ ਤਰ੍ਹਾਂ ਉਨ੍ਹਾਂ ਨੇ ਦੇਵਤਿਆਂ ਦੀ ਅਰਜ਼ੋਈ ’ਤੇ ਵਰਤਾਸੁਰ ਦੇ ਖ਼ਾਤਮੇ ਲਈ ਆਪਣੀਆਂ ਅਸਥੀਆਂ ਤਕ ਦਾਨ ਕਰ ਦਿੱਤੀਆਂ ਸਨ।

-ਮੁਕੇਸ਼ ਰਿਸ਼ੀ।

Posted By: Jagjit Singh