ਜਦ ਸੋਚ ਮਾੜੀ ਜਾਂ ਗ਼ਲਤ ਹੁੰਦੀ ਹੈ, ਉਦੋਂ ਉਹ ਸੁੱਖ ਨੂੰ ਵੀ ਦੁੱਖ ’ਚ ਤਬਦੀਲ ਕਰ ਦਿੰਦੀ ਹੈ। ਗ਼ਲਤ ਸੋਚ ਦਾ ਚਸ਼ਮਾ ਜਿੰਨੀ ਜਲਦੀ ਹੋਵੇ, ਉਤਾਰ ਦੇਣਾ ਚਾਹੀਦਾ ਹੈ। ਬੁਰੇ ਵਿਚਾਰ ਜਿੰਨਾ ਹੋਰਾਂ ਦਾ ਨੁਕਸਾਨ ਕਰਦੇ ਹਨ, ਓਨਾ ਹੀ ਖ਼ੁਦ ਦਾ ਵੀ ਕਰਦੇ ਹਨ। ਕਾਰਨ ਆਪਣੀ ਹੀ ਸੁਰੱਖਿਆ ਨੂੰ ਲੈ ਕੇ ਡਰਿਆ ਦਿਮਾਗ ਸਹੀ ਤਰ੍ਹਾਂ ਸੋਚ ਨਹੀਂ ਪਾਉਂਦਾ। ਅਸੀਂ ਸਵਾਰਥੀ ਹੋ ਜਾਂਦੇ ਹਾਂ, ਸਿਰਫ਼ ਆਪਣੇ ਬਾਰੇ ਹੀ ਸੋਚਦੇ ਹਾਂ। ਕਿਹਾ ਗਿਆ ਹੈ ਕਿ ਤੁਹਾਡੇ ਵਿਚਾਰ ਓਥੇ ਤਕ ਲੈ ਜਾਂਦੇ ਹਨ, ਜਿੱਥੇ ਤੁਸੀਂ ਜਾਣਾ ਚਾਹੁੰਦੇ ਹਨ ਪਰ ਕਮਜ਼ੋਰ ਵਿਚਾਰਾਂ ਵਿਚ ਦੂਰ ਤਕ ਲੈ ਕੇ ਜਾਣ ਦੀ ਤਾਕਤ ਨਹੀਂ ਹੁੰਦੀ। ਅਸੀਂ ਜੋ ਹਾਂ, ਉਹ ਸਭ ਵਿਚਾਰਾਂ ਦਾ ਫ਼ਲ ਹੈ। ਜੋ ਅਸੀਂ ਸੋਚਦੇ ਹਾਂ, ਉਹੀ ਬਣ ਜਾਂਦੇ ਹਾਂ। ਸਾਡੇ ਵਿਚਾਰ ਸਾਡੀ ਸ਼ਖ਼ਸੀਅਤ ਦਾ ਸ਼ੀਸ਼ਾ ਹੁੰਦੇ ਹਨ। ਜਿਹੋ ਜਿਹੀ ਸਾਡੀ ਸੋਚਣੀ ਹੋਵੇਗੀ, ਉਸੇ ਮੁਤਾਬਕ ਅਸੀਂ ਢਲਦੇ ਜਾਵਾਂਗੇ। ਚੰਗੀ ਸੋਚਣੀ ਜੀਵਨ ਨੂੰ ਸੌਖਾ ਬਣਾਉਣ ਵਿਚ ਮਦਦ ਕਰਦੀ ਹੈ ਜਦਕਿ ਮਾੜੀ ਸੋਚ ਮੁਸੀਬਤਾਂ ਵਿਚ ਫਸਾਉਣ ਦਾ ਕੰਮ ਕਰਦੀ ਹੈ। ਮਨੁੱਖ ਆਪਣੇ ਕੰਮਾਂ ਨਾਲ ਹੋਰਾਂ ਨੂੰ ਨੁਕਸਾਨ ਪਹੁੰਚਾਉਂਦਾ ਹੈ ਅਤੇ ਆਪਣੇ ਵਿਚਾਰਾਂ ਨਾਲ ਖ਼ੁਦ ਨੂੰ। ਗ਼ਲਤ ਸੋਚ ਤੇ ਅਨੈਤਿਕ ਕੰਮਾਂ ’ਚ ਲਿਪਤ ਲੋਕਾਂ ਨੂੰ ਧਨਵਾਨ ਤੇ ਠਾਠ-ਬਾਠ ਨਾਲ ਵਿਚਰਦੇ ਦੇਖ ਕੇ ਆਦਮੀ ’ਚ ਨਾਂਹ-ਪੱਖੀ ਚਿੰਤਨ ਜਾਗਦਾ ਹੈ। ਆਪਣੀ ਇਮਾਨਦਾਰੀ ਉਸ ਨੂੰ ਅਹਿਮ ਲੱਗਦੀ ਹੈ। ਉਹ ਪੁਨਰ-ਚਿੰਤਨ ਕਰਦਾ ਹੈ-ਕੀ ਮਿਲਿਆ ਮੈਨੂੰ ਥੋਥੇ ਆਦਰਸ਼ਾਂ ’ਤੇ ਚੱਲ ਕੇ? ਇਹ ਨਾਂਹ-ਪੱਖੀ ਚਿੰਤਨ ਉਸ ਨੂੰ ਵੀ ਗ਼ਲਤ ਸੋਚ ਦੀ ਦਲਦਲ ਵਿਚ ਉਤਾਰ ਦਿੰਦਾ ਹੈ। ਸਮਾਜ ਵਿਚ ਭ੍ਰਿਸ਼ਟ ਅਤੇ ਬੇਈਮਾਨ ਲੋਕਾਂ ਦੀ ਉਤਪਤੀ ਇਸੇ ਤਰ੍ਹਾਂ ਦੇ ਗ਼ਲਤ ਵਿਚਾਰਾਂ ਦੇ ਪਸਾਰੇ ਕਾਰਨ ਹੋਈ ਹੈ। ਇਸ ਤਰ੍ਹਾਂ ਦੀ ਗ਼ਲਤ ਸੋਚ ਸਾਡੀ ਦੁਨੀਆ ਨੂੰ ਛੋਟੀ ਕਰ ਦਿੰਦੀ ਹੈ। ਅੰਦਰਲੇ ਤੇ ਬਾਹਰਲੇ, ਦੋਵੇਂ ਹੀ ਸੰਸਾਰ ਸਿਮਟ ਜਾਂਦੇ ਹਨ। ਆਪਣੇ ਹੀ ਬੋਲੇ ਹੋਏ ਨੂੰ ਸੁਣਦੇ ਰਹਿਣਾ ਜ਼ਿਆਦਾ ਸਿੱਖਣ ਨਹੀਂ ਦਿੰਦਾ। ਸਾਡਾ ਚਿੰਤਨ ਗੁਣਾਂ ਵੱਲ ਕੇਂਦ੍ਰਿਤ ਰਹਿਣਾ ਚਾਹੀਦਾ ਹੈ। ਇਸ ਵਿਚ ਸਾਨੂੰ ਸ਼ਾਂਤੀ ਤੇ ਪ੍ਰਸੰਨਤਾ ਦਾ ਅਹਿਸਾਸ ਹੋਵੇਗਾ। ਨਿਰਾਸ਼ਾਵਾਦੀ ਅਤੇ ਔਗੁਣਵਾਦੀ ਮਨੁੱਖ ਆਪਣੇ ਚਾਰੇ ਪਾਸੇ ਕਮੀਆਂ-ਪੇਸ਼ੀਆਂ ਤੇ ਦੋਸ਼ਾਂ ਦਾ ਦਰਸ਼ਨ ਕਰਦੇ ਹਨ। ਜੋ ਘਾਟ ਨੂੰ ਭਾਵ ਅਤੇ ਦੁੱਖ ਨੂੰ ਸੁੱਖ ਵਿਚ ਬਦਲਣ ਦੀ ਕਲਾ ਜਾਣਦਾ ਹੈ, ਉਸੇ ਦਾ ਜਿਊਣਾ ਸਾਰਥਕ ਹੈ, ਉਹੀ ਸਫਲ ਇਨਸਾਨ ਹੈ। ਵੈਸੇ ਵੀ ਭਵਿੱਖ ਉਨ੍ਹਾਂ ਦਾ ਹੁੰਦਾ ਹੈ ਜੋ ਸੁਪਨਿਆਂ ਦੀ ਸੁੰਦਰਤਾ ’ਤੇ ਭਰੋਸਾ ਕਰਦੇ ਹਨ।

-ਲਲਿਤ ਗਰਗ।

Posted By: Jagjit Singh