style="text-align: justify;"> ਮਨੁੱਖੀ ਸੁਭਾਅ ਵਿਚ ਪ੍ਰੇਮ, ਸਨੇਹ, ਲਗਾਅ, ਗੁੱਸਾ, ਨਫ਼ਰਤ ਅਤੇ ਤਣਾਅ ਆਦਿ ਤੱਤਾਂ ਦੀ ਹੋਂਦ ਹੋਣੀ ਯਥਾਰਥ ਹੈ ਜੋ ਕਿ ਭਾਵਨਾ ਦੇ ਪੱਧਰ 'ਤੇ ਸੰਚਾਲਿਤ ਹੁੰਦੇ ਹਨ। ਗੁੱਸਾ, ਤਣਾਅ ਵਰਗੇ ਨਾਂਹ-ਪੱਖੀ ਤੱਤ ਵੀ ਮਨੁੱਖੀ ਸੁਭਾਅ ਦਾ ਹਿੱਸਾ ਹਨ। ਇਕ ਮਾਲੀ ਆਪਣੇ ਬਗੀਚੇ ਵਿਚ ਤਰ੍ਹਾਂ-ਤਰ੍ਹਾਂ ਦੇ ਰੰਗਾਂ ਦੇ ਗੁਲਾਬ ਦੇ ਫੁੱਲ ਉਗਾਉਣ ਦੇ ਮਕਸਦ ਨਾਲ ਛੋਟੇ-ਛੋਟੇ ਪੌਦੇ ਲਗਾਉਂਦਾ ਹੈ। ਕੁਝ ਸਮੇਂ ਬਾਅਦ ਢੁੱਕਵੀਂ ਦੇਖਭਾਲ ਦੇ ਮਾਹੌਲ ਵਿਚ ਉਹ ਛੋਟੇ-ਛੋਟੇ ਪੌਦੇ ਆਪਣੀ ਪੂਰਨ ਅਵਸਥਾ ਨੂੰ ਪ੍ਰਾਪਤ ਕਰ ਕੇ ਗੁਲਾਬ ਦੇ ਸ਼ਾਨਦਾਰ ਖ਼ੂਬਸੂਰਤ ਫੁੱਲ ਦਿੰਦੇ ਹਨ। ਧਿਆਨ ਦੇਣ ਦੀ ਗੱਲ ਇਹ ਹੈ ਕਿ ਉਨ੍ਹਾਂ ਪੌਦਿਆਂ ਵਿਚ ਖ਼ੂਬਸੂਰਤ ਫੁੱਲਾਂ ਤੋਂ ਜ਼ਿਆਦਾ ਕੰਡੇ ਹੁੰਦੇ ਹਨ, ਫਿਰ ਵੀ ਮਾਲੀ ਉਨ੍ਹਾਂ ਕੰਡਿਆਂ 'ਤੇ ਆਪਣਾ ਧਿਆਨ ਕੇਂਦਰਿਤ ਨਾ ਕਰ ਕੇ ਉਨ੍ਹਾਂ ਫੁੱਲਾਂ 'ਤੇ ਹੀ ਕੇਂਦਰਿਤ ਰੱਖਦਾ ਹੈ ਅਤੇ ਉਨ੍ਹਾਂ ਖ਼ੂਬਸੂਰਤ ਫੁੱਲਾਂ ਦਾ ਆਨੰਦ ਲੈਂਦਾ ਹੈ। ਮਨੁੱਖੀ ਸੁਭਾਅ ਵਿਚ ਵੀ ਅਜਿਹੇ ਹੀ ਅਨੇਕ ਕੰਡੇ ਹਨ ਜੋ ਗੁੱਸਾ, ਨਫ਼ਰਤ ਆਦਿ ਦੇ ਰੂਪ ਵਿਚ ਹਾਂ-ਪੱਖੀ ਗੁਣ ਰੂਪੀ ਫੁੱਲ ਵੀ ਹਨ। ਮਨੁੱਖ ਇਨ੍ਹਾਂ 'ਚੋਂ ਜਿਨ੍ਹਾਂ ਤੱਤਾਂ ਵੱਲ ਜ਼ਿਆਦਾ ਕੇਂਦਰਿਤ ਹੁੰਦਾ ਹੈ, ਉਸ ਨੂੰ ਵੈਸੇ ਹੀ ਫਲ ਮਿਲਦੇ ਹਨ। ਪ੍ਰੇਮ ਪੂਰਵਕ ਵਰਤਾਅ ਹਮੇਸ਼ਾ ਜੀਵਨ ਨੂੰ ਸੁਖਾਵਾਂ ਤੇ ਪ੍ਰਸਿੱਧੀ ਵਾਲਾ ਬਣਾਉਂਦਾ ਹੈ ਜਦਕਿ ਗੁੱਸਾ ਤੇ ਨਫ਼ਰਤ ਦੀ ਭਾਵਨਾ ਨਾਲ ਭਰ ਕੇ ਵਰਤਾਅ ਕਰ ਕੇ ਅਸੀਂ ਆਪਣੇ ਹੀ ਲੋਕਾਂ ਦੀਆਂ ਨਜ਼ਰਾਂ ਵਿਚ ਡਿੱਗ ਜਾਂਦੇ ਹਾਂ। ਉਨ੍ਹਾਂ ਤੋਂ ਦੂਰ ਹੁੰਦੇ ਜਾਂਦੇ ਹਾਂ। ਸਪਸ਼ਟ ਹੈ ਕਿ ਜਿਸ ਤਰ੍ਹਾਂ ਖ਼ੂਬਸੂਰਤ ਫੁੱਲਾਂ ਦੇ ਨਾਲ ਅਨੇਕਾਂ ਕੰਡਿਆਂ ਦਾ ਹੋਣਾ ਜ਼ਰੂਰੀ ਹੈ, ਉਸੇ ਤਰ੍ਹਾਂ ਮਨੁੱਖੀ ਸੁਭਾਅ ਵਿਚ ਪ੍ਰੇਮ, ਸਨੇਹ ਆਦਿ ਦੇ ਨਾਲ-ਨਾਲ ਗੁੱਸਾ, ਈਰਖਾ ਆਦਿ ਦੀ ਹੋਂਦ ਵੀ ਹਕੀਕਤ ਹੈ ਪਰ ਇਨ੍ਹਾਂ 'ਤੇ ਸਾਨੂੰ ਆਪਣਾ ਧਿਆਨ ਕੇਂਦਰਿਤ ਨਹੀਂ ਕਰਨਾ ਚਾਹੀਦਾ। ਇਨਸਾਨ ਨੂੰ ਇਨਸਾਨੀ ਸੁਭਾਅ ਦੇ ਇਨ੍ਹਾਂ ਗੁਣਾਂ ਦੇ ਨਾਲ ਹੀ ਵਿਕਸਤ ਕੀਤਾ ਜਾ ਸਕਦਾ ਹੈ। ਇਨ੍ਹਾਂ ਨਾਂਹ-ਪੱਖੀ ਕਦਰਾਂ-ਕੀਮਤਾਂ ਤੋਂ ਪਿੱਛਾ ਛੁਡਾਉਣਾ ਫਜ਼ੂਲ ਦੀ ਕੋਸ਼ਿਸ਼ ਹੈ ਜੋ ਦੂਜੇ ਰੂਪਾਂ ਵਿਚ ਅਨੇਕਾਂ ਉਲਝਣਾਂ ਪੈਦਾ ਕਰਦੀ ਹੈ। ਇਸ ਲਈ ਇਨ੍ਹਾਂ ਵੱਲ ਧਿਆਨ ਨਾ ਦੇ ਕੇ ਸਾਨੂੰ ਇਨ੍ਹਾਂ ਨੂੰ ਦਰਕਿਨਾਰ ਕਰਨਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਪ੍ਰੇਮ ਅਤੇ ਲਗਾਅ ਦੀ ਭਾਵਨਾ ਨਾਲ ਪੂਰੀ ਦੁਨੀਆ ਨੂੰ ਦੇਖਣਾ ਅਤੇ ਮਹਿਸੂਸ ਕਰਨਾ ਚਾਹੀਦਾ ਹੈ। ਅਜਿਹਾ ਕਰਨ 'ਤੇ ਸਾਡਾ ਜੀਵਨ ਯਕੀਨਨ ਬੇਹੱਦ ਸੁਖੀ ਹੋ ਜਾਵੇਗਾ। -ਅਨੁਰਾਗ ਮਿਸ਼ਰ।

Posted By: Sunil Thapa