ਸਵਾਮੀ ਵਿਵੇਕਾਨੰਦ ਅਮਰੀਕਾ ਦੇ ਪਰਵਾਸ ’ਤੇ ਸਨ। ਉੱਥੇ ਸੈਰ-ਸਪਾਟੇ ਦੌਰਾਨ ਉਨ੍ਹਾਂ ਨੇ ਦੇਖਿਆ ਕਿ ਇਕ ਪੁਲ ਦੇ ਲਾਗੇ ਕੁਝ ਲੜਕੇ ਨਦੀ ਵਿਚ ਤੈਰ ਰਹੇ ਆਂਡਿਆਂ ਦੇ ਛਿਲਕਿਆਂ ’ਤੇ ਨਿਸ਼ਾਨਾ ਲਾ ਰਹੇ ਸਨ ਪਰ ਕਿਸੇ ਦਾ ਨਿਸ਼ਾਨਾ ਸਹੀ ਨਹੀਂ ਲੱਗ ਰਿਹਾ ਸੀ। ਇਹ ਦੇਖ ਕੇ ਸਵਾਮੀ ਜੀ ਨੇ ਇਕ ਲੜਕੇ ਤੋਂ ਬੰਦੂਕ ਲਈ ਅਤੇ ਖ਼ੁਦ ਨਿਸ਼ਾਨਾ ਲਾਉਣ ਲੱਗੇ। ਉਨ੍ਹਾਂ ਨੇ ਪਹਿਲਾ ਨਿਸ਼ਾਨਾ ਲਗਾਇਆ। ਨਿਸ਼ਾਨਾ ਇਕਦਮ ਸਟੀਕ ਲੱਗਾ। ਉਸ ਤੋਂ ਬਾਅਦ ਸਵਾਮੀ ਵਿਵੇਕਾਨੰਦ ਨੇ ਇਕ ਤੋਂ ਬਾਅਦ ਇਕ ਬਾਰਾਂ ਨਿਸ਼ਾਨੇ ਲਗਾਏ। ਸਾਰੇ ਇਕਦਮ ਸਹੀ ਟੀਚੇ ’ਤੇ ਲੱਗੇ। ਲੜਕਿਆਂ ਨੇ ਉਤਸੁਕਤਾ ਨਾਲ ਪੁੱਛਿਆ, ‘‘ਤੁਸੀਂ ਇਹ ਕਿਵੇਂ ਕੀਤਾ?’’ ਸਵਾਮੀ ਜੀ ਨੇ ਜਵਾਬ ਦਿੱਤਾ ਕਿ ਇਹ ਸਭ ਧਿਆਨ ਦੀ ਸ਼ਕਤੀ ਨਾਲ ਸੰਭਵ ਹੋਇਆ ਹੈ।

ਉਨ੍ਹਾਂ ਨੇ ਲੜਕਿਆਂ ਨੂੰ ਸਬਕ ਦਿੱਤਾ ਕਿ ਹਮੇਸ਼ਾ ਇਕਾਗਰ ਚਿੱਤ ਹੋ ਕੇ ਕੇਵਲ ਟੀਚੇ ’ਤੇ ਧਿਆਨ ਦਿਉ, ਤਾਂ ਹੀ ਟੀਚੇ ਨੂੰ ਹਾਸਲ ਕਰਨਾ ਸੰਭਵ ਹੈ। ਹਰੇਕ ਮਨੁੱਖ ਦੇ ਜੀਵਨ ਦਾ ਆਮ ਤੌਰ ’ਤੇ ਇਕ ਨਿਸ਼ਚਿਤ ਟੀਚਾ ਹੁੰਦਾ ਹੈ। ਫਿਰ ਵੀ ਅਜਿਹੇ ਲੋਕਾਂ ਦੀ ਕੋਈ ਕਮੀ ਨਹੀਂ ਜਿਨ੍ਹਾਂ ਦਾ ਕੋਈ ਟੀਚਾ ਨਹੀਂ ਹੁੰਦਾ। ਅਜਿਹੇ ਮਨੁੱਖ ਉਸ ਗੇਂਦਬਾਜ਼ ਦੀ ਤਰ੍ਹਾਂ ਹੁੰਦੇ ਹਨ ਜੋ ਗੇਂਦ ਤਾਂ ਲਗਾਤਾਰ ਸੁੱਟਦੇ ਰਹਿੰਦੇ ਹਨ ਪਰ ਉਹ ਕਦੇ ਟੀਚੇ ਅਰਥਾਤ ਵਿਕਟ ’ਤੇ ਨਹੀਂ ਲੱਗਦੀ।

ਅਸਲ ਵਿਚ ਟੀਚੇ ਤੋਂ ਰਹਿਤ ਹੋਣਾ ਉਸ ਬਿਨਾਂ ਪਤਾ ਲਿਖੇ ਲਿਫ਼ਾਫ਼ੇ ਦੇ ਸਮਾਨ ਹੈ ਜੋ ਕਦੇ ਵੀ, ਕਿਤੇ ਵੀ ਨਹੀਂ ਪੁੱਜ ਸਕਦਾ। ਇਸ ਲਈ ਜੇ ਟੀਚਾ ਨਿਰਧਾਰਤ ਨਹੀਂ ਕੀਤਾ ਤਾਂ ਨਤੀਜਾ ਉਲਟ ਹੁੰਦਾ ਹੈ। ਸੋ ਸਭ ਤੋਂ ਪਹਿਲਾਂ ਤੁਹਾਨੂੰ ਟੀਚਾ ਚੁਣ ਕੇ ਉਸ ਨੂੰ ਹਾਸਲ ਕਰਨ ਦੇ ਸੰਕਲਪ ਦੇ ਨਾਲ ਅੱਗੇ ਵਧਣਾ ਚਾਹੀਦਾ ਹੈ। ਆਪਣੇ ਟੀਚੇ ਦੀ ਪ੍ਰਾਪਤੀ ਵਾਲੇ ਪਾਸੇ ਵਧਦੇ ਹੋਏ ਅਸਫਲਤਾਵਾਂ ਦਾ ਤੁਹਾਡੇ ਉੱਤੇ ਕੋਈ ਨਾਂਹ-ਪੱਖੀ ਅਸਰ ਵੀ ਨਹੀਂ ਪੈਣਾ ਚਾਹੀਦਾ।

ਟੀਚਾ ਪ੍ਰਾਪਤ ਕਰਨ ’ਚ ਕਿੰਨਾ ਸਮਾਂ ਲੱਗ ਰਿਹਾ ਹੈ, ਉਸ ਤੋਂ ਘਬਰਾਉਣ ਦੀ ਵੀ ਲੋੜ ਨਹੀਂ ਹੈ। ਚੇਤੇ ਰਹੇ ਕਿ ਚੰਗਾ ਭੋਜਨ ਵੀ ਉਹੀ ਹੁੰਦਾ ਹੈ ਜੋ ਮੱਠੀ ਅੱਗ ’ਤੇ ਦੇਰ ਤਕ ਪਕਾਇਆ ਜਾਵੇ। ਇਸ ਲਈ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ। ਯਤਨ ਜਿੰਨਾ ਪ੍ਰਭਾਵਸ਼ਾਲੀ ਹੋਵੇਗਾ, ਨਤੀਜਾ ਓਨਾ ਹੀ ਤੁਹਾਡੀ ਉਮੀਦ ਦੇ ਮੁਤਾਬਕ ਹੋਵੇਗਾ। ਅਜਿਹੇ ’ਚ ਟੀਚੇ ਨੂੰ ਜਿੰਨੀ ਜਲਦੀ ਨਿਰਧਾਰਤ ਕਰ ਲਿਆ ਜਾਵੇ, ਓਨਾ ਹੀ ਬਿਹਤਰ ਹੈ ਕਿਉਂਕਿ ਇਸ ਨਾਲ ਉਸ ਦੀ ਪ੍ਰਾਪਤੀ ਦੇ ਯਤਨ ਵੀ ਓਨੀ ਹੀ ਤੇਜ਼ੀ ਨਾਲ ਸ਼ੁਰੂ ਹੋ ਸਕਣਗੇ।

-ਨਰਪੇਂਦਰ ਅਭਿਸ਼ੇਕ ਨਰਪ।

Posted By: Sunil Thapa