ਇਬਲੀਸ - ਸਵਾਮੀ ਰਾਮ ਕ੍ਰਿਸ਼ਨ ਪਰਮਹੰਸ ਦਾ ਜਨਮ ਦਾ ਨਾਂ-ਗਦਾਧਰ ਚਟੋਪਾਧਿਆਏ ਸੀ। ਦੋ ਭਰਾਵਾਂ ਦਾ ਛੋਟਾ ਭਰਾ, ਜਨਮ ਤੋਂ ਹੀ ਲਟਬਾਉਰਾ ਸੀ। ਬੰਗਾਲ ਵਿਚ ਹੁਗਲੀ ਜ਼ਿਲ੍ਹੇ ਦੇ ਛੋਟੇ ਜਿਹੇ ਪਿੰਡ ਕਾਮਾਰ ਪੂਕਰ ਵਿਖੇ ਉਨ੍ਹਾਂ ਦਾ ਜਨਮ ਹੋਇਆ। ਰੋਟੀ-ਰੋਜ਼ੀ ਲਈ ਜਦੋਂ ਵੱਡੇ ਭਰਾ ਕਲਕੱਤੇ ਚਲੇ ਗਏ, ਲੋਕਾਂ ਦੇ ਘਰਾਂ 'ਚ ਠਾਕੁਰ ਪੂਜਾ ਕਰਦੇ ਗੁਜ਼ਰ-ਬਸਰ ਕਰਨ ਲੱਗੇ ਤਾਂ ਨਿੱਕਾ ਜਿਹਾ ਗਦਾਧਰ ਵੀ ਕੁਝ ਪੈਰਾਂ 'ਤੇ ਹੋ ਕੇ ਭਰਾਵਾਂ ਕੋਲ ਚਲਾ ਗਿਆ।

ਕਲਕੱਤੇ ਦੀ ਰਾਣੀ ਰਾਸਮਣੀ ਨੇ ਗੰਗਾ ਕਿਨਾਰੇ ਆਪਣੇ ਮਹਿਲ ਦੇ ਬਗ਼ੀਚੇ 'ਚ ਮਹਾਮਾਯਾ ਦਾ ਮੰਦਰ ਬਣਵਾਇਆ ਤਾਂ ਗਦਾਧਰ ਦੇ ਵੱਡੇ ਭਰਾ ਨੂੰ ਉਸ ਦਾ ਪੁਜਾਰੀ ਨਿਯੁਕਤ ਕੀਤਾ ਗਿਆ। ਹੁਣ ਗਦਾਧਰ ਰਾਮ ਕ੍ਰਿਸ਼ਨ ਕਹੇ ਜਾਣ ਲੱਗੇ। ਉਨ੍ਹਾਂ ਦੇ ਦੇਵੀ ਪ੍ਰੇਮ ਨੇ ਮਨ ਦਾ ਉਹ ਦੁਆਰ ਖੋਲ੍ਹ ਦਿੱਤਾ, ਜਿਹਦੇ ਵਿਚੋਂ ਲੰਘ ਕੇ ਉਨ੍ਹਾਂ ਨੇ ਕਾਇਨਾਤੀ ਚਾਨਣ 'ਚ ਪ੍ਰਵੇਸ਼ ਕਰ ਲਿਆ। ਸਭ ਵਿਧੀਆਂ ਤੇ ਕਰਮ-ਕਾਂਡ ਪਿੱਛੇ ਰਹਿ ਗਏ। ਉਹ ਇਨ੍ਹਾਂ ਕਾਇਨਾਤੀ ਸ਼ਕਤੀ ਕਣਾਂ 'ਚ ਵਿਚਰਦੇ-ਵਿਚਰਦੇ ਸ਼ਕਤੀ ਕਣ ਹੀ ਹੋ ਗਏ।

ਭਰਾਵਾਂ ਨੇ ਰਾਮ ਕ੍ਰਿਸ਼ਨ ਦੇ ਮਨ ਨੂੰ ਬੰਨ੍ਹਣ ਲਈ ਛੇ ਵਰ੍ਹਿਆਂ ਦੀ ਬਾਲੜੀ ਸ਼ਾਰਦਾ ਨਾਲ ਉਨ੍ਹਾਂ ਦਾ ਵਿਆਹ ਕਰ ਦਿੱਤਾ। ਬਉਰੇ-ਲਟਬਉਰੇ ਸਵਾਮੀ ਰਾਮ ਕ੍ਰਿਸ਼ਨ ਕਈ ਵਾਰ ਸ਼ਾਰਦਾ ਨੂੰ ਹੀ ਦੇਵੀ-ਸਥਾਨ 'ਤੇ ਬਿਠਾ ਕੇ ਉਸ ਦੀ ਪੂਜਾ ਕਰਨ ਲਗਦੇ। ਪੂਜਾ ਦੇ ਫੁੱਲ ਦੇਵੀ ਨੂੰ ਅਰਪਦੇ-ਅਰਪਦੇ ਆਪਣੇ ਸਿਰ 'ਤੇ ਚਾੜ੍ਹ ਲੈਂਦੇ ਤੇ ਅੰਤਰ ਦੀ ਮਹਿਕ ਜਦੋਂ ਫੁੱਲਾਂ ਦੀ ਮਹਿਕ ਨਾਲ ਰਲ ਜਾਂਦੀ ਤਾਂ ਨੱਚਦੇ ਗਾਉਂਦੇ ਕਿਸੇ ਅੰਬਰੀ ਚਾਨਣ 'ਚ ਭਿੱਜ ਜਾਂਦੇ। ਉਨ੍ਹਾਂ ਦੇ ਮਨ ਦੀ ਵਿਆਕੁਲਤਾ ਸੀ ਕਿ ਦੇਵੀ ਮਾਂ ਨੂੰ ਆਕਾਰਮਈ ਸੂਰਤ ਵਿਚ ਵੇਖਣਾ ਹੈ। ਇਸ ਲਈ ਆਵਾਜ਼ਾਂ ਮਾਰਦੇ ਉਹ ਕਈ ਵਾਰ ਰੋ ਪੈਂਦੇ ਤੇ ਇਹ ਵਿਆਕੁਲਤਾ ਫਿਰ ਆਕਾਰਮਈ ਹੋਣ ਲੱਗ ਪਈ ਤੇ ਉਹ ਉਹਦੇ ਨਾਲ ਗੱਲਾਂ ਕਰਦੇ ਕਈ ਵਾਰ ਸੁਣੇ ਗਏ।

ਰੋਜ਼ ਸਵੇਰੇ ਬਗ਼ੀਚੇ ਵਿੱਚੋਂ ਪੂਜਾ ਲਈ ਫੁੱਲ ਤੋੜਦੇ ਸਨ ਪਰ ਇਕ ਵਕਤ ਆਇਆ ਜਦੋਂ ਟਾਹਣੀਆਂ ਨਾਲ ਝੂਮਦੇ ਫੁੱਲਾਂ ਨੂੰ ਤੋੜਨ ਤੋਂ ਉਨ੍ਹਾਂ ਦੇ ਹੱਥ ਇਨਕਾਰੀ ਹੋ ਗਏ। ਸ਼ਿਕਾਇਤ ਹੋਣੀ ਸੀ, ਹੋਈ ਕਿ ਰਾਮ ਕ੍ਰਿਸ਼ਨ ਦੇਵੀ ਨੂੰ ਫੁੱਲ ਨਹੀਂ ਚੜ੍ਹਾਉਂਦੇ, ਪੂਜਾ ਪੂਰੀ ਨਹੀਂ ਹੁੰਦੀ। ਰਾਮ ਕ੍ਰਿਸ਼ਨ ਹੱਸੇ ਤੇ ਆਖਣ ਲੱਗੇ, ''ਫੁੱਲ ਤਾਂ ਮੈਂ ਦੇਵੀ ਨੂੰ ਅਰਪਦਾ ਹਾਂ, ਰੋਜ਼ ਫੁੱਲਾਂ ਨਾਲ ਉਸ ਦੀ ਪੂਜਾ ਕਰਦਾ ਹਾਂ, ਹੁਣ ਮੈਂ ਫੁੱਲ ਤੋੜ ਕੇ ਨਹੀਂ ਚੜ੍ਹਾਉਂਦਾ, ਸਗੋਂ ਸਾਰਾ ਬਗ਼ੀਚਾ ਤੇ ਉਸ ਦੇ ਸਾਰੇ ਫੁੱਲ ਦੇਵੀ ਨੂੰ ਅਰਪ ਦਿੰਦਾ ਹਾਂ।''

ਉਨ੍ਹਾਂ ਦੇ ਜੀਵਨੀਕਾਰ ਲਿਖਦੇ ਹਨ ਕਿ ਸਵਾਮੀ ਰਾਮ ਕ੍ਰਿਸ਼ਨ ਦੇ ਇਕ ਅਰਾਧਕ ਮਨੀ ਲਾਲ ਦੀ ਇਕ ਬੇਟੀ ਸੀ, ਜੋ ਸਮਾਧੀ ਵਿਚ ਧਿਆਨ ਜੋੜਨਾ ਚਾਹੁੰਦੀ ਸੀ ਪਰ ਜੋੜ ਨਹੀਂ ਸੀ ਸਕਦੀ। ਮਨ ਕਿਸ ਤਰ੍ਹਾਂ ਟਿਕੇ? ਇਹ ਪੁੱਛਣ ਲਈ ਉਹ ਸਵਾਮੀ ਜੀ ਕੋਲ ਆਈ। ਉਹ ਸਹਿਜ ਭਾਵ ਪੁੱਛਣ ਲੱਗੇ, 'ਤੈਨੂੰ ਦੁਨੀਆ 'ਚ ਸਭ ਤੋਂ ਪਿਆਰੀ ਚੀਜ਼ ਕਿਹੜੀ ਲਗਦੀ ਹੈ?' ਲੜਕੀ ਕਹਿਣ ਲੱਗੀ, 'ਮੇਰੇ ਭਰਾ ਦਾ ਛੋਟਾ ਜਿਹਾ ਬੇਟਾ ਮੈਨੂੰ ਸਭ ਤੋਂ ਪਿਆਰਾ ਲਗਦਾ ਹੈ।' ਸਵਾਮੀ ਰਾਮ ਕ੍ਰਿਸ਼ਨ ਕਹਿਣ ਲੱਗੇ, 'ਫਿਰ ਕੋਈ ਮੁਸ਼ਕਿਲ ਨਹੀਂ, ਤੂੰ ਉਸੇ ਦਾ ਧਿਆਨ ਕਰਿਆ ਕਰ।' ਉਹ ਲੜਕੀ ਉਸ ਨਿੱਕੇ ਜਿਹੇ ਭਤੀਜੇ ਦਾ ਧਿਆਨ ਧਰਨ ਲੱਗੀ...ਤੇ ਫਿਰ ਉਸ ਬੱਚੇ ਦਾ ਉਹੀ ਪਿਆਰਾ ਜਿਹਾ ਮੂੰਹ ਉਸ ਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਬਾਲ-ਕ੍ਰਿਸ਼ਨ ਦਾ ਰੂਪ ਧਾਰ ਗਿਆ।

Posted By: Harjinder Sodhi