ਮਾਤਾ ਭਾਗ ਕੌਰ ਸਿੱਖ ਇਤਹਾਸ ਵਿਚ ਉੱਚ ਸਥਾਨ ਰੱਖਦੇ ਹਨ। ਆਪ ਨੂੰ 'ਮਾਈ ਭਾਗੋ' ਕਹਿ ਕੇ ਵੀ ਸਤਿਕਾਰ ਦਿੱਤਾ ਜਾਂਦਾ ਹੈ। ਮਾਈ ਭਾਗੋ ਜੀ ਚਾਰ ਭਰਾਵਾਂ ਦੀ ਲਾਡਲੀ ਭੈਣ ਸੀ। ਉਨ੍ਹਾਂ ਦਾ ਜਨਮ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਝਬਾਲ ਵਿਖੇ ਹੋਇਆ। ਝਬਾਲ ਇਲਾਕੇ ਦੇ ਭਾਈ ਪੇਰੋ ਸ਼ਾਹ ਜੀ ਹੋਏ ਹਨ, ਜਿਨ੍ਹਾਂ ਦੇ ਦੋ ਪੁੱਤਰ ਮਾਲੇ ਸ਼ਾਹ ਤੇ ਹਰੂ ਜੀ ਹੋਏ ਹਨ।।ਅੱਗੋਂ ਮਾਲੇ ਸ਼ਾਹ ਦੇ ਚਾਰ ਪੁੱਤਰ ਤੇ ਇਕ ਧੀ ਹੋਈ, ਜਿਸ ਦਾ ਇਤਹਾਸ ਵਿਚ ਨਾਂ ਮਾਈ ਭਾਗੋ ਜੀ ਕਰਕੇ ਆਉਂਦਾ ਹੈ।

ਮਾਈ ਭਾਗੋ ਜੀ ਦਾ ਜਨਮ ਸਰਦੇ ਪੁੱਜਦੇ ਘਰ ਵਿਚ ਹੋਇਆ, ਇਸ ਕਰਕੇ ਸਾਰੇ ਘਰ ਵਾਲੇ ਉਨ੍ਹਾਂ ਨੂੰ 'ਭਾਗਭਰੀ' ਕਹਿ ਕੇ ਬੁਲਾਉਂਦੇ ਸਨ। ਉਨ੍ਹਾਂ ਦੇ ਵੱਡੇ-ਵਡੇਰਿਆਂ ਦਾ ਸਬੰਧ ਗੁਰੂ ਘਰ ਨਾਲ ਗੁਰੂ ਅਰਜਨ ਦੇਵ ਜੀ ਦੇ ਸਮੇਂ ਤੋਂ ਜੁੜਿਆ। ਘਰ ਵਿਚ ਸਿੱਖੀ ਦਾ ਮਾਹੌਲ ਸੀ। ਮਾਈ ਭਾਗੋ ਦੇ ਪਿਤਾ ਭਾਈ ਮਾਲੇ ਸ਼ਾਹ ਛੇਵੇਂ ਪਾਤਸ਼ਾਹ ਗੁਰੂ ਹਰਿਗੋਬਿੰਦ ਸਾਹਿਬ ਦੀ ਫ਼ੌਜ ਦੇ ਬਹਾਦਰ ਸਿਪਾਹੀ ਸਨ। ਮਾਈ ਭਾਗੋ ਜੀ ਆਪਣੇ ਪਿਤਾ ਨਾਲ ਬਚਪਨ ਸਮੇਂ ਗੁਰੂ ਦਰਬਾਰ ਵਿਚ ਜਾਂਦੇ ਰਹਿੰਦੇ ਸਨ।।ਫਿਰ ਸੱਤਵੇਂ ਗੁਰੂ ਹਰਿਰਾਇ ਸਾਹਿਬ ਦੇ ਦਰਸ਼ਨ ਵੀ ਕਰਦੇ ਰਹੇ। ਉਨ੍ਹਾਂ ਨੂੰ ਅੱਠਵੀਂ ਜੋਤ ਗੁਰੂ ਹਰਿਕ੍ਰਿਸ਼ਨ ਸਾਹਿਬ ਤੇ ਨੌਵੇਂ ਸਤਿਗੁਰੂ ਤੇਗ ਬਹਾਦਰ ਜੀ ਤੇ ਦੱਸਵੇਂ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨ ਕਰਨ ਦਾ ਵੀ ਸੁਭਾਗ ਪ੍ਰਾਪਤ ਹੈ।

ਮਹਾਨ ਕੋਸ਼ ਵਿਚ ਭਾਈ ਕਾਨ੍ਹ ਸਿੰਘ ਨਾਭਾ ਜ਼ਿਕਰ ਕਰਦੇ ਹਨ ਕਿ 'ਭਾਗੋ ਮਾਈ ਢਿੱਲੋਂ ਗੋਤ ਦੀ ਉੱਚ ਆਚਰਨ ਵਾਲੀ ਇਸਤਰੀ, ਪਿੰਡ ਝਬਾਲ ਜ਼ਿਲ੍ਹਾ ਅੰਮ੍ਰਿਤਸਰ ਦੀ ਵਸਨੀਕ, ਜੋ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਅਨਿੰਨ ਸੇਵਕ ਭਾਈ ਲੰਗਾਹ ਜੀ ਦੇ ਭਾਈ ਪੇਰੋਸ਼ਾਹ ਦੀ ਔਲਾਦ ਵਿੱਚੋਂ ਸੀ, ਜਦ ਬਹੁਤ ਸਿੱਖ ਅਨੰਦਪੁਰ ਸਾਹਿਬ ਦੀ ਜੰਗ ਵਿਚ ਬੇਦਾਵਾ ਲਿਖ ਕੇ ਘਰੀਂ ਆਏ, ਤਦ ਇਸ ਨੇ ਉਨ੍ਹਾਂ ਨੂੰ ਧਿਰਕਾਰਿਆ ਤੇ ਆਪ ਘੋੜੇ ਤੇ ਸਵਾਰ ਹੋ ਕੇ ਸਿੰਘ ਭੇਸ ਧਾਰ ਕੇ ਅਜਿਹੇ ਤਰਕ ਦੇ ਵਾਕ ਕਹੇ, ਜਿਨ੍ਹਾਂ ਦੇ ਅਸਰ ਨਾਲ ਬਹੁਤ ਸਿੱਖ ਸਤਿਗੁਰੂ ਦੀ ਸੇਵਾ ਵਿਚ ਹਾਜ਼ਰ ਹੋਣ ਲਈ ਤਿਆਰ ਹੋ ਗਏ।

ਸੰਮਤ 1762 ਵਿਚ ਭਾਗੋ ਮਾਈ ਸਿੰਘਾਂ ਨਾਲ ਸ਼ਾਮਿਲ ਹੋ ਕੇ ਮੁਕਤਸਰ ਦੀ ਜੰਗ ਵਿਚ ਬੜੀ ਬਹਾਦਰੀ ਨਾਲ ਲੜੀ ਅਤੇ ਬਹੁਤ ਘਾਇਲ ਹੋਈ, ਦਸ਼ਮੇਸ਼ ਗੁਰੂ ਜੀ ਨੇ ਇਸ ਦਾ ਇਲਾਜ਼ ਕਰਵਾ ਕੇ ਰਾਜੀ ਕੀਤਾ ਔਰ ਅੰਮ੍ਰਿਤ ਛਕਾ ਕੇ ਭਾਗ ਕੌਰ ਬਣਾ ਦਿੱਤਾ।।ਇਹ ਮਰਦਾਵਾਂ ਭੇਸ ਬਣਾ ਕੇ ਸਦਾ ਸਤਿਗੁਰੂ ਦੀ ਅਰਦਲ ਵਿਚ ਰਹਿੰਦੀ ਸੀ। ਜਦ ਕਲਗੀਧਰ ਜੀ ਅਬਚਲ ਨਗਰ ਚਲੇ ਗਏ ੇ, ਤਦ ਇਹ ਉਦਾਸ ਹੋ ਕੇ ਬਿਦਰ ਚਲੀ ਗਈ ਔਰ ਉਸੇ ਥਾਂ ਦੇਹ ਤਿਆਗੀ। ਭਾਗ ਕੌਰ ਦੇ ਨਾਂ ਦਾ ਅਬਚਲ ਨਗਰ ਵਿਚ ਬੁੰਗਾ ਹੈ। ਮਾਈ ਭਾਗ ਕੌਰ ਦੇ ਬਰਛੇ ਦਾ ਫਲ ਗੁਰੂ ਸਾਹਿਬ ਦੇ ਸਿੰਘਾਸਨ 'ਤੇ ਹੁਣ ਤਕ ਸਨਮਾਨ ਪਾ ਰਿਹਾ ਹੈ, ਜਿਸ ਨੂੰ ਅਨਜਾਣ ਅਸ਼ਟਭੁਜੀ ਦੇਵੀ ਆਖਦੇ ਹਨ।'

ਮਾਈ ਭਾਗ ਕੌਰ ਦਾ ਵਿਆਹ ਪੱਟੀ ਨਿਵਾਸੀ ਨਿਧਾਨ ਸਿੰਘ ਵੜੈਚ ਨਾਲ ਹੋਇਆ। ਜਦ ਸਤਿਗੁਰੂ ਤੇਗ ਬਹਾਦਰ ਸਾਹਿਬ ਦੀ ਅਦੁੱਤੀ ਸ਼ਹੀਦੀ ਦੀ ਖ਼ਬਰ ਸਾਰੇ ਦੇਸ਼ ਅੰਦਰ ਫੈਲ ਗਈ ਤਾਂ ਮਾਤਾ ਭਾਗ ਕੌਰ ਨੇ ਆਪਣੇ ਪਿਤਾ ਨੂੰ ਕਿਹਾ ਕਿ 'ਪਿਤਾ ਜੀ! ਮੇਰਾ ਦਿਲ ਕਰਦਾ ਹੈ ਕਿ ਮੈਂ ਤਲਵਾਰ ਲੈ ਕੇ ਹੁਣੇ ਦਿੱਲੀ ਜਾਵਾਂ ਤੇ ਉਨ੍ਹਾਂ ਦੁਸ਼ਟਾਂ ਦਾ ਖਾਤਮਾ ਕਰ ਆਵਾਂ ਜਿਨ੍ਹਾਂ ਨੇ ਮੇਰੇ ਸ਼ਾਹਿਨਸ਼ਾਹ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਇਸ ਤਰ੍ਹਾਂ ਸ਼ਹੀਦ ਕੀਤਾ ਹੈ।'

ਮਾਈ ਭਾਗੋ ਜੀ ਹਿੰਮਤ ਤੇ ਦਲੇਰੀ ਦੇ ਧਾਰਣੀ ਸਨ। ਜਦ ਅਨੰਦਪੁਰ ਦੇ ਕਿਲ੍ਹੇ ਨੂੰ ਘੇਰਾ ਪਾ ਕੇ ਹਾਕਮਾਂ ਨੇ ਐਲਾਨ ਕੀਤਾ ਕਿ ਜੋ ਕੋਈ ਵੀ ਸਿੱਖ ਬਾਹਰ ਜਾਣਾ ਚਾਹੁੰਦਾ ਹੈ, ਉਹ ਜਾ ਸਕਦਾ ਹੈ, ਉਸ ਨੂੰ ਕੁਝ ਨਹੀਂ ਕਿਹਾ ਜਾਵੇਗਾ। ਇਹ ਐਲਾਨ ਸੁਣ ਕੇ ਮਾਝੇ ਦੇ ਚਾਲੀ ਸਿੰਘ ਗੁਰੂ ਜੀ ਤੋਂ ਬੇਮੁੱਖ ਹੋ ਕੇ 'ਬੇਦਾਵਾ' ਲਿਖ ਕੇ ਕਿ 'ਤੁਸੀਂ ਸਾਡੇ ਗੁਰੂ ਨਹੀਂ ਤੇ ਅਸੀਂ ਤੁਹਾਡੇ ਸਿੱਖ ਨਹੀਂ' ਘਰਾਂ ਨੂੰ ਚਲੇ ਗਏ।

ਮਾਈ ਭਾਗੋ ਜੀ ਨੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਵਾਪਸ ਪਰਤੇ ਚਾਲੀ ਸਿੰਘਾਂ ਨੂੰ ਪ੍ਰੇਰਿਤ ਕਰ ਕੇ ਵਾਪਸ, ਆਪ ਉਨ੍ਹਾਂ ਦੀ ਅਗਵਾਈ ਕਰਦੇ ਹੋਏ 'ਖਿਦਰਾਣੇ ਦੀ ਢਾਬ' (ਸ੍ਰੀ ਮੁਕਤਸਰ ਸਾਹਿਬ) ਦੀ ਜੰਗ ਵਿਚ ਦੁਸ਼ਮਣ ਦਾ ਡਟ ਕੇ ਮੁਕਾਬਲਾ ਕੀਤਾ। ਇਸ ਜੰਗ ਵਿਚ ਮਾਈ ਭਾਗੋ ਜੀ, ਉਨ੍ਹਾਂ ਦੇ ਭਰਾਵਾਂ ਤੇ ਪਤੀ ਨੇ ਵੀ ਸ਼ਹੀਦੀ ਪਾਈ।

ਜੰਗ ਵਿਚ ਮਾਤਾ ਭਾਗ ਕੌਰ ਆਪ ਵੀ ਬਹੁਤ ਜ਼ਖ਼ਮੀ ਹੋ ਚੁੱਕੇ ਸਨ। ਜੰਗ ਖ਼ਤਮ ਹੋਈ ਤਾਂ ਦਸਮੇਸ਼ ਪਿਤਾ ਉੱਚੀ ਟਿੱਬੀ ਤੋਂ ਉਤਰ ਕੇ ਮੈਦਾਨ 'ਚ ਆਏ ਤੇ ਸਿੰਘਾਂ ਨੂੰ ਕਈ ਵਰ ਦਿੱਤੇ। ਮਾਈ ਭਾਗੋ ਜੀ ਦੇ ਜ਼ਖ਼ਮ ਸਾਫ਼ ਕਰ ਕੇ ਪੱਟੀ ਕੀਤੀ। ਮਾਈ ਭਾਗੋ ਹਜ਼ੂਰ ਸਾਹਿਬ ਤਕ ਦੇਸਮੇਸ਼ ਪਿਤਾ ਗੁਰੂ ਗੋਬਿਦ ਸਿੰਘ ਜੀ ਦੇ ਨਾਲ ਗਏ। ਉਹ ਸਿੱਖੀ ਦਾ ਪ੍ਰਚਾਰ ਕਰਦੇ ਰਹੇ ਤੇ ਬਿਦਰ, ਕਰਨਾਟਕ ਦੇ ਨਾਨਕ ਝੀਰਾ ਕੋਲ ਜਨਵਾੜਾ ਵਿਖੇ ਗੁਰੂ ਚਰਨਾਂ ਵਿਚ ਬਿਰਾਜ ਗਏ।

Posted By: Harjinder Sodhi