Surya Chandra Grahan in 2021 : ਪੂਰੀ ਦੁਨੀਆ ਨੂੰ ਨਵੇਂ ਸਾਲ ਦਾ ਇੰਤਜ਼ਾਰ ਹੈ। ਸਾਰੀਆਂ ਨਵੀਆਂ ਆਸਾਂ ਤੇ ਉਮੀਦਾਂ ਨਾਲ ਸਾਲ 2021 ਦਾ ਸਵਾਗਤ ਕਰਨ ਦੀ ਤਿਆਰੀ 'ਚ ਹੈ। ਇਸ ਦੌਰਾਨ ਧਰਮ ਤੇ ਜੋਤਿਸ਼ ਦੇ ਲਿਹਾਜ਼ ਤੋਂ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਆਖ਼ਿਰ ਨਵਾਂ ਸਾਲ ਕਿਵੇਂ ਦਾ ਰਹੇਗਾ? ਗ੍ਰਹਿਆਂ ਦੀ ਸਥਿਤੀ ਦਾ ਸਭ ਦੇ ਜੀਵਨ 'ਤੇ ਅਸਰ ਪੈਂਦਾ ਹੈ। ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਦੇ ਨਾਲ ਰਾਸ਼ੀ ਪਰਿਵਰਤ ਕਾਫੀ ਅਸਰਦਾਰ ਹੁੰਦਾ ਹੈ। ਨਵੇਂ ਸਾਲ 'ਚ ਵੀ ਅਜਿਹਾ ਹੋਵੇਗਾ। ਜੋਤਿਸ਼ ਆਚਾਰੀਆ ਦੱਸਦੇ ਹਨ ਕਿ ਸਾਲ 2021 'ਚ ਦੋ ਸੂਰਜ ਗ੍ਰਹਿਣ ਤੇ 2 ਚੰਦਰ ਗ੍ਰਹਿਣ ਲੱਗਣਗੇ। ਜਾਣੋ ਇਨ੍ਹਾਂ ਦੀ ਤਰੀਕ ਤੇ ਰਾਸ਼ੀਆਂ 'ਤੇ ਹੋਣ ਵਾਲੇ ਅਸਰ ਬਾਰੇ...

ਸੂਰਜ ਗ੍ਰਹਿਣ : 10 ਜੂਨ, 4 ਦਸੰਬਰ 2021

ਚੰਦਰ ਗ੍ਰਹਿਣ : 26 ਮਈ, 19 ਨਵੰਬਰ 2021

ਸਾਲ 2021 ਦੇ ਸੂਰਜ ਗ੍ਰਹਿਣ

ਸਾਲ 2021 ਦਾ ਪਹਿਲਾ ਸੂਰਜ ਗ੍ਰਹਿਣ 10 ਜੂਨ ਨੂੰ ਲੱਗੇਗਾ। ਇਹ ਭਾਰਤ 'ਚ ਅੰਸ਼ਕ ਰੂਪ 'ਚ ਨਜ਼ਰ ਆਵੇਗਾ। ਉੱਤਰੀ ਅਮਰੀਕਾ, ਯੂਰਪ, ਕੈਨੇਡਾ, ਰੂਸ, ਗ੍ਰੀਨਲੈਂਡ 'ਚ ਇਹ ਸੂਰਜ ਗ੍ਰਹਿਣ ਮੁਕੰਮਲ ਦਿਖਾਈ ਦੇਵੇਗਾ। ਇਸ ਤੋਂ ਬਾਅਦ ਸਾਲ ਦਾ ਦੂਸਰਾ ਤੇ ਆਖ਼ਰੀ ਸੂਰਜ ਗ੍ਰਹਿਣ 4 ਦਸੰਬਰ 2021 ਨੂੰ ਲੱਗੇਗਾ। ਇਹ ਗ੍ਰਹਿਣ ਭਾਰਤ 'ਚ ਨਜ਼ਰ ਆਵੇਗਾ।

ਸਾਲ 2021 ਦੇ ਚੰਦਰ ਗ੍ਰਹਿਣ

ਨਵੇਂ ਸਾਲ ਦਾ ਪਹਿਲਾ ਚੰਦਰ ਗ੍ਰਹਿਣ 26 ਮਈ 2021 ਨੂੰ ਹੈ। ਇਹ ਪੂਰਨ ਚੰਦਰ ਗ੍ਰਹਿਣ ਹੋਵੇਗਾ। ਭਾਰਤ 'ਚ ਉਪਛਾਇਆ ਚੰਦਰਗ੍ਰਹਿਣ ਦੇ ਰੂਪ 'ਚ ਦੇਖਿਆ ਜਾਵੇਗਾ, ਉੱਥੇ ਹੀ ਪੂਰਬੀ ਏਸ਼ੀਆ ਆਸਟ੍ਰੇਲੀਆ ਪ੍ਰਸ਼ਾਂਤ ਮਹਾਸਾਗਰ ਤੇ ਅਮਰੀਕਾ 'ਚ ਇਹ ਪੂਰਨ ਚੰਦਰ ਗ੍ਰਹਿਣ ਦੇ ਰੂਪ 'ਚ ਨਜ਼ਰ ਆਵੇਗਾ। ਸਾਲ ਦਾ ਆਖ਼ਰੀ ਤੇ ਦੂਸਰਾ ਚੰਦਰ ਗ੍ਰਹਿਣ 19 ਨਵੰਬਰ 2021 ਨੂੰ ਲੱਗੇਗਾ। ਭਾਰਤ 'ਚ ਇਹ 11.30 ਵਜੇ ਲੱਗੇਗਾ ਤੇ 5.30 'ਤੇ ਖ਼ਤਮ ਹੋਵੇਗਾ।

ਹਿੰਦੂ ਮਾਨਤਾਵਾਂ 'ਚ ਸੂਰਜ ਗ੍ਰਹਿਣ ਤੇ ਚੰਦਰ ਗ੍ਰਹਿਣ ਨੂੰ ਸ਼ੁਭ ਨਹੀਂ ਮੰਨਿਆ ਜਾਂਦਾ। ਇਸ ਦੌਰਾਨ ਸੂਤਕ ਕਾਲ ਦੀ ਪਾਲਣਾ ਕੀਤੀ ਜਾਂਦੀ ਹੈ। ਗ੍ਰਹਿਣ ਪੂਰਾ ਹੋਣ ਤੋਂ ਬਾਅਦ ਸ਼ੁੱਧੀਕਰਨ ਕੀਤਾ ਜਾਂਦਾ ਹੈ। ਗ੍ਰਹਿਣ ਕਾਲ 'ਚ ਲੋਕ ਭਗਵਾਨ ਦਾ ਨਾਂ ਲੈਂਦੇ ਹਨ। ਇਸੇ ਦੌਰਾਨ ਮੰਦਰਾਂ ਦੇ ਕਿਵਾੜ ਬੰਦ ਹੁੰਦੇ ਹਨ ਤੇ ਕੋਈ ਸ਼ੁੱਭ ਕਾਰਜ ਨਹੀਂ ਕੀਤਾ ਜਾਂਦਾ।

Posted By: Seema Anand