ਇਹ ਸਮੁੱਚਾ ਸੰਸਾਰ ਅਤੇ ਇਸ ਦੀਆਂ ਨਾਸ਼ਵਾਨ ਪ੍ਰਾਪਤੀਆਂ ਨੀਰ (ਪਾਣੀ ਦੀ ਤਰ੍ਹਾਂ) ਹਨ ਅਤੇ ਪ੍ਰਭੂ ਦਾ ਨਾਮ-ਸਿਮਰਨ ਖੀਰ (ਦੁੱਧ) ਦੀ ਤਰ੍ਹਾਂ। ਦੋਵੇਂ ਇੰਨੇ ਘੁਲ-ਮਿਲ ਗਏ ਹਨ ਕਿ ਕੌਣ ਕਿੰਨਾ ਮੌਲਿਕ ਅਤੇ ਕੌਣ ਕਿੰਨਾ ਫ਼ਰਜ਼ੀ, ਕੌਣ ਕਿੰਨਾ ਮਹੱਤਵਪੂਰਨ ਹੈ ਅਤੇ ਕੌਣ ਕਿੰਨਾ ਘੱਟ ਅਹਿਮ, ਇਸ ਦਾ ਅਨੁਮਾਨ ਲਗਾਉਣਾ ਔਖਾ ਹੈ। ਖੀਰ ਨੀਰ ਦੀ ਹੋਂਦ ਨੂੰ ਨਕਾਰਨ ਲਈ ਦ੍ਰਿੜ੍ਹ-ਸੰਕਲਪ ਹੈ ਅਤੇ ਨੀਰ ਖੀਰ ਦੀ ਹੋਂਦ ਨੂੰ। ਨੀਰ ਖੀਰ ਨੂੰ ਆਪਣੇ ਵਰਗੀ ਬਣਾਉਣ ਦਾ ਦਾਅਵਾ ਕਰਦਾ ਹੈ ਜਦਕਿ ਖੀਰ ਆਪਣੀ ਸ੍ਰੇਸ਼ਟਤਾ ਦਾ ਐਲਾਨ ਕਰਦੀ ਹੈ। ਇਸ ਨਾਲ ਮਿਲਣ ਤੋਂ ਪਹਿਲਾਂ ਨੀਰ, ਨੀਰ ਦੀ ਤਰ੍ਹਾਂ ਸੀ ਪਰ ਹੁਣ ਨੀਰ ਖੀਰ ਦੀ ਤਰ੍ਹਾਂ ਹੋ ਗਿਆ ਹੈ। ਖੀਰ ਵਿਚ ਨੀਰ ਮਿਲਣ ਨਾਲ ਉਹ ਪੂਰੀ ਤਰ੍ਹਾਂ ਮੌਲਿਕ ਕਿੱਥੇ ਰਿਹਾ, ਪਰ ਇਸ ਸਭ ਦਾ ਹੱਲ ਉਦੋਂ ਹੀ ਸੰਭਵ ਹੈ ਜਦ ਨੀਰ-ਖੀਰ ਵਿਵੇਕੀ ਰਾਜਹੰਸ ਰੂਪੀ ਗੁਰੂ ਆਪਣੀ ਪਾਰਖੂ ਨਜ਼ਰ ਨਾਲ ਦੁੱਧ (ਖੀਰ) ਦਾ ਦੁੱਧ ਅਤੇ ਪਾਣੀ (ਨੀਰ) ਦਾ ਪਾਣੀ ਕਰ ਕੇ ਇਸ ਦਾ ਢੁੱਕਵਾਂ ਫ਼ੈਸਲਾ ਕਰਦੇ ਹਨ। ਸੰਸਾਰ ਵਿਚ ਲੋਭ, ਮੋਹ ਅਤੇ ਵਿਸ਼ਾ-ਵਾਸਨਾਵਾਂ ਦੇ ਜੰਗਲ ਵਿਚ ਫਸੇ ਵਿਅਕਤੀ ਅਗਿਆਨਤਾ ਕਾਰਨ ਖ਼ੁਦ ਦੇ ਕੰਮ ਨੂੰ ਸਭ ਤੋਂ ਉੱਤਮ ਮੰਨਣ ਵਿਚ ਹੀ ਆਪਣੀ ਮੁਹਾਰਤ ਮੰਨਦੇ ਚਲੇ ਜਾਂਦੇ ਹਨ ਅਤੇ ਪ੍ਰਭੂ ਸਿਮਰਨ ਵਰਗੇ ਮੁੱਲਵਾਨ ਵਿਸ਼ੇ ਨੂੰ ਮਹੱਤਵਹੀਣ ਕਰਾਰ ਦੇਣ ਵਿਚ ਸੁੱਖ ਦਾ ਅਹਿਸਾਸ ਕਰਦੇ ਹਨ। ਪ੍ਰਭੂ ਦੀ ਕਿਰਪਾ ਨਾਲ ਹੀ ਦੁਰਲਭ ਜੀਵਨ ਪ੍ਰਾਪਤ ਹੁੰਦਾ ਹੈ। ਅਤਿਅੰਤ ਸ਼ਾਂਤ ਅਤੇ ਸਬਰ ਵਾਲੇ ਬਣ ਕੇ ਕਠੋਰ ਪ੍ਰੀਖਣ ਕਾਲ ਬੀਤਣ ਦੇ ਉਪਰੰਤ ਖ਼ੁਦ ਹੀ ਆਨੰਦ-ਕਾਲ ਸਾਧਕ ਦੀ ਉਡੀਕ ਲਈ ਉਤਸੁਕ ਰਹਿੰਦਾ ਹੈ। ਨੀਰ-ਖੀਰ ਵਿਵੇਕੀ ਈਸ਼ਵਰ ਰੂਪੀ ਰਾਜਹੰਸ ਦੇ ਨਿਰਣੇ ਆਉਣ ਤਕ ਗਿਆਨ ਅਤੇ ਭਗਤੀ ਦੇ ਮਾਰਗ ਵੱਲ ਮੁੜਿਆ ਜਗਿਆਸੂ ਸਾਧਕ ਬੜੇ ਆਰਾਮ ਨਾਲ ਆਪਣੇ ਸਾਧਨਾ ਦੇ ਰਾਹ 'ਤੇ ਨਿਰੰਤਰ ਅੱਗੇ ਵੱਧਦੇ ਰਹਿਣ। ਕੋਰੋਨਾ ਦਾ ਬੁਰਾ ਕਾਲ ਵੀ ਇਵੇਂ ਹੀ ਪ੍ਰਭਾਵਹੀਣ ਹੋ ਕੇ ਨਿਕਲ ਜਾਵੇਗਾ। ਸਰੀਰਕ ਦੂਰੀ, ਸਬਰ ਅਤੇ ਅਨੁਸ਼ਾਸਨ ਦਾ ਸਬੂਤ ਦੇ ਕੇ ਅਤੇ ਨਿਯਮਾਂ ਦੀ ਪਾਲਣਾ ਕਰ ਕੇ ਹੀ ਇਸ 'ਤੇ ਜਿੱਤ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਗੱਲ ਨੂੰ ਬਿਲਕੁਲ ਨਕਾਰਿਆ ਨਹੀਂ ਜਾ ਸਕਦਾ ਕਿ ਪ੍ਰਭੂ ਦੀ ਸੱਤਾ ਸਰਬਉੱਚ ਹੈ। ਪ੍ਰਭੂ ਦਾ ਤਰਸ ਅਤੇ ਅਸੀਸ ਹੀ ਮਨੁੱਖ ਨੂੰ ਜੀਵਨ ਦੀਆਂ ਕਦਰਾਂ-ਕੀਮਤਾਂ ਦੇ ਸਿਖ਼ਰ ਤਕ ਪਹੁੰਚਾਉਣ ਦੀ ਸਮਰੱਥਾ, ਤਾਕਤ ਅਤੇ ਰਸਤਾ ਮੁਹੱਈਆ ਕਰਵਾ ਸਕਦੀ ਹੈ। -ਪ੍ਰੋ. ਦਿਨੇਸ਼ ਚਮੋਲਾ 'ਸ਼ੈਲੇਸ਼'।

Posted By: Jagjit Singh