ਜੀਵਨ ਵਿਚ ਸਫਲਤਾ, ਉੱਚ ਪੱਧਰੀ ਰਹਿਣ-ਸਹਿਣ, ਕਾਫ਼ੀ ਧਨ-ਦੌਲਤ ਦੀ ਇੱਛਾ ਜ਼ਿਆਦਾਤਰ ਲੋਕਾਂ ਦੀ ਹੁੰਦੀ ਹੈ। ਇਸ ਤਰ੍ਹਾਂ ਦੀ ਇੱਛਾ ਦਾ ਹੋਣਾ ਕੋਈ ਖ਼ਰਾਬ ਤਾਂ ਨਹੀਂ ਪਰ ਇਸ ਦੇ ਲਈ ਸਖ਼ਤ ਮਿਹਨਤ ਦੀ ਜ਼ਰੂਰਤ ਹੁੰਦੀ ਹੈ। ਆਮ ਤੌਰ 'ਤੇ ਦੇਖਣ ਵਿਚ ਆਉਂਦਾ ਹੈ ਕਿ ਜ਼ਿਆਦਾਤਰ ਲੋਕ ਇਸੇ ਮਾਮਲੇ ਵਿਚ ਅਸਫਲ ਹੋ ਜਾਂਦੇ ਹਨ। ਉਹ ਇਸ ਤਰ੍ਹਾਂ ਦੀਆਂ ਸਾਰੀਆਂ ਪ੍ਰਾਪਤੀਆਂ ਰਾਤੋ-ਰਾਤ ਹਾਸਲ ਕਰਨਾ ਚਾਹੁੰਦੇ ਹਨ। ਅਜਿਹੇ ਲੋਕ ਇਸ ਭਾਵ ਕਾਰਨ ਮਿਹਨਤ, ਸਬਰ ਦੀ ਥਾਂ ਕਾਹਲੇ ਹੋ ਕੇ ਨਾਂਹ-ਪੱਖੀ ਰਸਤਾ ਅਪਨਾਉਣ ਲੱਗਦੇ ਹਨ ਅਤੇ ਛਲ, ਕਪਟ, ਅਨੈਤਿਕ ਤਰੀਕੇ ਨਾਲ ਕੁਝ ਹਾਸਲ ਕਰ ਤਾਂ ਲੈਂਦੇ ਹਨ ਪਰ ਹੌਲੀ-ਹੌਲੀ ਉਨ੍ਹਾਂ ਵਿਚ ਇਕ ਅਨਜਾਣ ਜਿਹਾ ਭੈਅ ਵੀ ਸਮਾਉਣ ਲੱਗਦਾ ਹੈ। ਕਿਸੇ ਵੀ ਪ੍ਰਾਪਤੀ ਲਈ ਠੋਸ ਆਧਾਰ ਉਸੇ ਤਰ੍ਹਾਂ ਹੋਣਾ ਜ਼ਰੂਰੀ ਹੈ ਜਿਸ ਤਰ੍ਹਾਂ ਕਿਸੇ ਭਵਨ ਜਾਂ ਮਹਿਲ ਲਈ ਮਜ਼ਬੂਤ ਆਧਾਰ ਦੀ ਜ਼ਰੂਰਤ ਹੁੰਦੀ ਹੈ। ਜੀਵਨ ਵਿਚ ਪ੍ਰਾਪਤੀਆਂ ਲਈ ਸਬਰ ਅਤੇ ਧਰਮ ਦਾ ਰਸਤਾ ਨਹੀਂ ਛੱਡਣਾ ਚਾਹੀਦਾ। ਦੂਜਿਆਂ ਦਾ ਹਿੱਸਾ ਹੜੱਪ ਕੇ ਹਾਸਲ ਕੀਤੀਆਂ ਗਈਆਂ ਪ੍ਰਾਪਤੀਆਂ ਦੋਸ਼ਪੂਰਨ ਹੁੰਦੀਆਂ ਹਨ। ਇਸ ਨਾਲ ਪਰਿਵਾਰ ਤੋਂ ਲੈ ਕੇ ਸਮਾਜ ਤਕ ਸਭ ਵਿਚ ਕੁੜੱਤਣ ਅਤੇ ਨਫ਼ਰਤ ਵਾਲਾ ਮਾਹੌਲ ਬਣਦਾ ਹੈ। ਹਾਲਤ ਇਹ ਹੈ ਕਿ ਹਰ ਕੋਈ ਦੂਜੇ ਦਾ ਵਿਸ਼ਲੇਸ਼ਣ ਤਾਂ ਕਰ ਰਿਹਾ ਹੈ ਪਰ ਖ਼ੁਦ ਆਤਮ-ਵਿਸ਼ਲੇਸ਼ਣ 'ਤੇ ਉਸ ਦਾ ਧਿਆਨ ਨਹੀਂ ਜਾ ਰਿਹਾ। ਜੇਕਰ ਕੋਈ ਵਿਅਕਤੀ ਦੂਜੇ ਦੇ ਘਰ ਦੇ ਕੂੜੇ-ਕਰਕਟ ਦੀ ਸਫ਼ਾਈ ਕਰਦਾ ਹੈ ਤਾਂ ਉਸ ਵਿਅਕਤੀ ਦਾ ਤਾਂ ਘਰ ਸਾਫ਼ ਹੋ ਜਾਵੇਗਾ ਪਰ ਆਪਣੇ ਘਰ ਵਿਚ ਗੰਦਗੀ ਬਣੀ ਰਹੇਗੀ। ਹੋਣਾ ਤਾਂ ਇਹ ਚਾਹੀਦਾ ਹੈ ਕਿ ਹਰੇਕ ਵਿਅਕਤੀ ਆਪਣਾ ਘਰ ਸਾਫ਼ ਕਰਨ ਵਿਚ ਰੁੱਝ ਜਾਵੇ। ਇਹੀ ਗੱਲ ਆਚਰਨ ਲਈ ਵੀ ਜ਼ਰੂਰੀ ਹੈ। ਵਿਅਕਤੀ ਇਸ ਗੱਲ ਦੀ ਚਿੰਤਾ ਛੱਡ ਕੇ ਕਿ ਕੌਣ ਕਿੱਦਾਂ ਦਾ ਹੈ, ਉਹ ਆਪਣੇ ਸੁਭਾਅ ਤੇ ਆਚਰਨ ਨੂੰ ਉੱਤਮ ਬਣਾਵੇ ਤਾਂ ਉਸ ਦਾ ਹੀ ਅਕਸ ਉੱਤਮ ਹੋਵੇਗਾ ਤੇ ਉਸ ਦੀ ਪ੍ਰਸਿੱਧੀ ਵਧੇਗੀ। ਕੋਈ ਵਿਅਕਤੀ ਉੱਚ ਪ੍ਰਾਪਤੀਆਂ ਹਾਸਲ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਕੰਮ ਕਰੇ ਤਾਂ ਉਸ ਨੂੰ ਸਫਲਤਾ ਜ਼ਰੂਰ ਮਿਲੇਗੀ। ਵਿਦਵਾਨਾਂ ਨੇ ਕਿਹਾ ਹੈ ਕਿ ਕਿਸੇ ਖੇਤਰ 'ਚ ਯਤਨ ਕਰਨ 'ਤੇ ਵੀ ਮਨੋਰਥ ਪੂਰੇ ਨਹੀਂ ਹੋ ਰਹੇ ਹਨ ਤਾਂ ਜ਼ਰੂਰ ਯਤਨ ਵਿਚ ਹੀ ਕਿਤੇ ਨਾ ਕਿਤੇ ਕੋਈ ਦੋਸ਼ ਹੋਵੇਗਾ। ਵਿਅਕਤੀ ਨੂੰ ਚਾਹੀਦਾ ਹੈ ਕਿ ਉਹ ਆਪਣੇ ਯਤਨ 'ਚ ਸੁਧਾਰ ਕਰ ਕੇ ਸਫਲਤਾ ਦੇ ਮਾਰਗ 'ਤੇ ਅੱਗੇ ਵਧੇ।

-ਸਲਿਲ ਪਾਂਡੇ।

Posted By: Jagjit Singh