ਜ਼ਿੰਦਗੀ ਇਕ ਕਲਾ ਹੈ। ਜਿਸ ਨੂੰ ਜ਼ਿੰਦਗੀ ਜਿਊਣ ਦਾ ਵੱਲ ਆ ਗਿਆ, ਉਸ ਦੇ ਵਾਰੇ-ਨਿਆਰੇ ਹੋ ਜਾਂਦੇ ਹਨ। ਹਰ ਕੰਮ ਨੂੰ ਕਰਨ ਲਈ ਕੋਈ ਨਾ ਕੋਈ ਕੀਮਤ ਤਾਰਨੀ ਹੀ ਪੈਂਦੀ ਹੈ। ਹਰ ਟੀਚੇ 'ਤੇ ਪਹੁੰਚਣ ਲਈ ਮਿਹਨਤ ਕਰਨੀ ਹੀ ਪੈਂਦੀ ਹੈ। ਜੇ ਸਾਡਾ ਟੀਚਾ ਵਧੀਆ ਹੋਵੇਗਾ ਤਾਂ ਅਸੀਂ ਮੰਜ਼ਿਲ ਸਰ ਕਰ ਸਕਦੇ ਹਾਂ।

ਹਰ ਨਵੀਂ ਸਵੇਰ ਉਮੀਦ ਲੈ ਕੇ ਆਉਂਦੀ ਹੈ। ਜ਼ਿੰਦਗੀ ਦੇ ਪੈਂਡੇ 'ਤੇ ਬਹੁਤੀ ਵਾਰ ਅਸਫਲਤਾਵਾਂ ਮਿਲਦੀਆਂ ਹਨ। ਨਾਕਾਮ ਹੋਣ 'ਤੇ ਕਦੇ ਵੀ ਉਦਾਸ ਨਾ ਹੋਵੋ। ਸੋਚੋ ਕਿ ਸਫਲਤਾ ਸਾਨੂੰ ਕਿਉਂ ਨਹੀਂ ਮਿਲੀ? ਸਾਡੀ ਕਿਹੜੀ ਅਜਿਹੀ ਗ਼ਲਤੀ ਸੀ ਜਿਹੜੀ ਸਾਨੂੰ ਟੀਚੇ 'ਤੇ ਨਹੀਂ ਪੁਜਾ ਸਕੀ। ਪੂਰਾ ਮੁਲਾਂਕਣ ਕਰਨ ਮਗਰੋਂ ਮੁੜ ਸੰਘਰਸ਼ ਕਰੋ, ਫ਼ਲ ਦੀ ਇੱਛਾ ਨਾ ਰੱਖੋ। ਕਦੇ ਵੀ ਨਾ ਘਬਰਾਓ। ਅਸਫਲਤਾ ਮਨੁੱਖ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਦੀ ਹੈ।

ਇਹ ਮੰਨ ਕੇ ਚੱਲੋ ਕਿ ਜੇ ਕੋਈ ਮੁਸੀਬਤ ਆਈ ਹੈ ਤਾਂ ਉਸ ਦਾ ਹੱਲ ਵੀ ਜ਼ਰੂਰ ਹੋਵੇਗਾ। ਰੁੱਖਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ। ਪਤਝੜ ਵਿਚ ਉਨ੍ਹਾਂ ਦੇ ਪੱਤੇ ਝੜ ਜਾਂਦੇ ਹਨ ਅਤੇ ਉਹ ਨਵੇਂ ਪੱਤੇ ਆਉਣ ਦੀ ਆਸ ਰੱਖਦੇ ਹਨ।ਤਾਂ ਜੋ ਰਾਹਗੀਰਾਂ ਨੂੰ ਛਾਂ ਦੇ ਸਕਣ। ਸਾਨੂੰ ਮਹਾਨ ਵਿਅਕਤੀਆਂ ਦੇ ਕੰਮ ਦੇ ਤੌਰ-ਤਰੀਕਿਆਂ ਤੋਂ ਪ੍ਰੇਰਨਾ ਲੈਂਦੇ ਰਹਿਣਾ ਚਾਹੀਦਾ ਹੈ। ਨਾਲ ਹੀ ਇਹ ਵੀ ਸਮਝਣਾ ਚਾਹੀਦਾ ਹੈ ਕਿ ਉਨ੍ਹਾਂ 'ਚ ਆਖ਼ਰ ਕਿਹੜਾ ਗੁਣ ਸੀ ਜਿਹੜਾ ਉਨ੍ਹਾਂ ਨੂੰ ਹੋਰਾਂ ਨਾਲੋਂ ਵੱਖਰਾ ਬਣਾਉਂਦਾ ਸੀ। ਕੋਈ ਵੀ ਇਨਸਾਨ ਜਨਮ ਤੋਂ ਸਫਲਤਾ ਦੀ ਗਾਰੰਟੀ ਲੈ ਕੇ ਪੈਦਾ ਨਹੀਂ ਹੁੰਦਾ ਸਗੋਂ ਆਪਣੇ ਕੰਮ ਨੂੰ ਬਿਹਤਰੀਨ ਢੰਗ ਨਾਲ ਕਰਨ ਸਦਕਾ ਸਿਖ਼ਰ 'ਤੇ ਪੁੱਜਦਾ ਹੈ।

ਗ਼ਲਤੀਆਂ ਤੋਂ ਸਿੱਖੋ। ਸਾਨੂੰ ਆਪਣੀ ਕਾਬਲੀਅਤ ਦਾ ਪੂਰਾ ਇਸਤੇਮਾਲ ਕਰਨਾ ਚਾਹੀਦਾ ਹੈ। ਸਮਾਜ 'ਚ ਅਜਿਹੇ ਲੋਕ ਵੀ ਮਿਲ ਜਾਂਦੇ ਹਨ ਜਿਨ੍ਹਾਂ ਕੋਲ ਜ਼ਿਆਦਾ ਸਰੋਤ ਨਾ ਹੋਣ ਦੇ ਬਾਵਜੂਦ ਉਨ੍ਹਾਂ ਨੇ ਮੰਜ਼ਿਲਾਂ ਸਰ ਕੀਤੀਆਂ। ਇਬਰਾਹੀਮ ਲਿੰਕਨ ਦਾ ਬਚਪਨ ਭਾਵੇਂ ਗ਼ਰੀਬੀ ਵਿਚ ਬੀਤਿਆ ਸੀ ਪਰ ਆਪਣੇ ਗੁਣਾਂ ਸਦਕਾ ਉਹ ਅਮਰੀਕਾ ਦੇ ਰਾਸ਼ਟਰਪਤੀ ਬਣ ਗਏ ਸਨ।

ਮਨੁੱਖ ਦੀ ਸੰਗਤ ਚੰਗੀ ਹੋਣੀ ਚਾਹੀਦੀ ਹੈ। ਚੰਗੇ ਲੋਕਾਂ ਨੂੰ ਦੋਸਤ ਬਣਾਓ ਜੋ ਅਸਫਲਤਾਵਾਂ ਦੇ ਦੌਰ 'ਚ ਤੁਹਾਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਤ ਕਰਨ। ਸਫਲਤਾ ਲਈ ਜ਼ਿੰਦਗੀ 'ਚ ਸਿਰੜ ਦਾ ਦਾਮਨ ਕਦੇ ਨਾ ਛੱਡੋ। ਚੇਤੇ ਰੱਖੋ, ਜੋ ਲੋਕ ਲਾਪਰਵਾਹੀ ਅਤੇ ਕਾਹਲ ਕਰਦੇ ਹਨ, ਉਨ੍ਹਾਂ ਦੇ ਜੀਵਨ ਵਿਚ ਸਫਲਤਾ ਦੀ ਸੰਭਾਵਨਾ ਕਾਫ਼ੀ ਘੱਟ ਜਾਂਦੀ ਹੈ।

-ਸੰਜੀਵ ਸਿੰਘ ਸੈਣੀ, ਮੋਹਾਲੀ।

Posted By: Sunil Thapa