ਮਸ਼ਹੂਰ ਦਾਰਸ਼ਨਿਕ ਸੁਕਰਾਤ ਦਾ ਜਨਮ ਯੂਨਾਨ ਦੀ ਰਾਜਧਾਨੀ ਏਥਨਜ਼ 'ਚ ਹੋਇਆ ਸੀ। ਉਸ ਦੀ ਜੀਵਨਸ਼ੈਲੀ ਅਦਭੁਤ ਸੀ। ਉਸ ਦੇ ਜੀਵਨ ਨਾਲ ਜੁੜੀ ਇਕ ਘਟਨਾ ਹੈ, ਜਿਸ ਦੇ ਤੱਥ ਬੇਹੱਦ ਪ੍ਰੇਰਨਾਦਾਇਕ ਹਨ। ਇਕ ਵਾਰ ਉਸ ਕੋਲ ਇਕ ਵਿਅਕਤੀ ਨਿਰਾਸ਼ ਹੋ ਕੇ ਆਇਆ। ਉਸ ਨੇ ਬੜੀ ਹਲੀਮੀ ਨਾਲ ਸੁਕਰਾਤ ਨੂੰ ਪ੍ਰਾਰਥਨਾ ਕੀਤੀ, 'ਮੈਂ ਜੀਵਨ ਦੀਆਂ ਅਸਫ਼ਲਤਾਵਾਂ ਤੋਂ ਪਰੇਸ਼ਾਨ ਹੋ ਗਿਆ ਹਾਂ। ਮੈਂ ਆਪਣੇ ਜੀਵਨ ਵਿਚ ਜੋ ਵੀ ਸੁਪਨੇ ਦੇਖੇ, ਉਹ ਕਦੇ ਪੂਰੇ ਨਹੀਂ ਹੋਏ। ਤੁਹਾਡੀ ਬੜੀ ਕਿਰਪਾ ਹੋਵੇਗੀ ਜੇ ਤੁਸੀਂ ਮੈਨੂੰ ਜੀਵਨ ਵਿਚ ਸਫ਼ਲ ਹੋਣ ਲਈ ਕੋਈ ਗੁਰਮੰਤਰ ਦੇ ਦਿਓ।' ਸੁਕਰਾਤ ਥੋੜ੍ਹੀ ਦੇਰ ਮੌਨ ਰਿਹਾ ਤੇ ਫਿਰ ਆਪਣੀ ਜਗ੍ਹਾ ਤੋਂ ਉੱਠਿਆ ਅਤੇ ਉਸ ਵਿਅਕਤੀ ਨੂੰ ਇਕ ਨਦੀ ਦੇ ਕੰਢੇ ਲੈ ਆਇਆ। ਦੇਖਦੇ-ਦੇਖਦੇ ਉਹ ਦੋਵੇਂ ਨਦੀ ਵਿਚ ਚੱਲਣ ਲੱਗੇ ਅਤੇ ਆਖ਼ਰਕਾਰ ਨਦੀ ਦੇ ਅੱਧ ਵਿਚ ਆ ਗਏ। ਹੈਰਤ ਉਦੋਂ ਹੋਈ ਜਦ ਸੁਕਰਾਤ ਉਸ ਵਿਅਕਤੀ ਦਾ ਸਿਰ ਫੜ ਕੇ ਉਸ ਨੂੰ ਨਦੀ ਵਿਚ ਡੋਬਣ ਲੱਗੇ। ਇਸ ਕੋਸ਼ਿਸ਼ 'ਚ ਹਰ ਵਾਰ ਉਹ ਵਿਅਕਤੀ ਸਾਹ ਲੈਣ ਲਈ ਤੜਫਦਾ ਤੇ ਸਿਰ ਪਾਣੀ ਵਿਚੋਂ ਬਾਹਰ ਕੱਢਣ ਦੀਆਂ ਸ਼ਿੱਦਤ ਨਾਲ ਕੋਸ਼ਿਸ਼ਾਂ ਕਰਦਾ ਪਰ ਹਰ ਕੋਸ਼ਿਸ਼ ਦੇ ਨਾਲ ਸੁਕਰਾਤ ਉਸ ਦਾ ਸਿਰ ਓਨੀ ਹੀ ਤੀਬਰਤਾ ਨਾਲ ਨਦੀ ਵਿਚ ਡੁਬੋ ਦਿੰਦਾ। ਸੁਕਰਾਤ ਉਸ ਨੂੰ ਨਦੀ ਤੋਂ ਬਾਹਰ ਲੈ ਆਇਆ। ਬਾਹਰ ਆ ਕੇ ਉਸ ਵਿਅਕਤੀ ਨੇ ਖੁੱਲ੍ਹੀ ਹਵਾ ਵਿਚ ਸੁੱਖ ਦਾ ਸਾਹ ਲਿਆ ਅਤੇ ਗੁੱਸੇ ਭਰੇ ਲਹਿਜ਼ੇ ਵਿਚ ਪੁੱਛਿਆ, 'ਤੁਸੀਂ ਇਹ ਕੀ ਕਰ ਰਹੇ ਸੀ? ਇੰਜ ਤਾਂ ਮੇਰੀ ਜਾਨ ਚਲੀ ਜਾਂਦੀ। ਇਸ ਵਿਚ ਸਫ਼ਲ ਹੋਣ ਦਾ ਕਿਹੜਾ ਗੁਰਮੰਤਰ ਲੁਕਿਆ ਹੋਇਆ ਹੈ?' ਸੁਕਰਾਤ ਨੇ ਹਲੀਮੀ ਨਾਲ ਸਮਝਾਇਆ, 'ਜਦ ਨਦੀ ਦੇ ਅੱਧ ਵਿਚ ਮੈਂ ਤੁਹਾਡਾ ਸਿਰ ਪਾਣੀ ਵਿਚ ਡੁਬੋ ਰਿਹਾ ਸੀ ਤਾਂ ਤੁਹਾਨੂੰ ਸਭ ਤੋਂ ਵੱਧ ਕਿਸ ਦੀ ਜ਼ਰੂਰਤ ਮਹਿਸੂਸ ਹੋ ਰਹੀ ਸੀ?' 'ਸਾਹ ਦੇ ਲਈ ਹਵਾ ਦੀ' ਵਿਅਕਤੀ ਨੇ ਜਵਾਬ ਦਿੱਤਾ। ਸੁਕਰਾਤ ਨੇ ਕਿਹਾ, 'ਸਫ਼ਲਤਾ ਲਈ ਇਹੋ ਗੁਰਮੰਤਰ ਹੈ। ਜੀਵਨ 'ਚ ਦੇਖੇ ਗਏ ਸੁਪਨੇ ਨੂੰ ਸਾਕਾਰ ਕਰਨ ਲਈ ਤੁਹਾਨੂੰ ਉਸੇ ਤਰ੍ਹਾਂ ਬੇਚੈਨ ਹੋਣਾ ਚਾਹੀਦਾ ਹੈ ਜਿਵੇਂ ਨਦੀ ਦੇ ਅੱਧ 'ਚ ਤੁਸੀਂ ਸਾਹ ਹਾਸਲ ਕਰਨ ਲਈ ਬੇਚੈਨ ਸੀ। ਸਫ਼ਲ ਹੋਣ ਲਈ ਇਹੋ ਤੜਫ ਸਫ਼ਲਤਾ ਦਾ ਸਦਾਬਹਾਰ ਗੁਰਮੰਤਰ ਹੈ।' ਸਫ਼ਲ ਹੋਣ ਲਈ ਜਦ ਤੁਹਾਡਾ ਮਨ ਬੇਚੈਨ ਰਹਿਣ ਲੱਗੇ, ਤੁਹਾਨੂੰ ਟੀਚੇ ਤੋਂ ਇਲਾਵਾ ਕੁਝ ਵੀ ਦਿਖਾਈ ਨਾ ਦੇਵੇ ਤਾਂ ਇਹ ਮੰਨ ਕੇ ਚੱਲੋ ਕਿ ਤੁਸੀਂ ਜੀਵਨ 'ਚ ਸਫ਼ਲਤਾ ਦੀਆਂ ਪੌੜੀਆਂ ਚੜ੍ਹ ਰਹੇ ਹੋ।

-ਸ੍ਰੀਪ੍ਰਕਾਸ਼ ਸ਼ਰਮਾ।

Posted By: Jagjit Singh