ਅਮਰੀਕਾ ਦੀ ਪ੍ਰਥਮ ਮਹਿਲਾ ਰਹੀ ਮਿਸ਼ੇਲ ਓਬਾਮਾ ਨੇ ਇਕ ਵਾਰ ਕਿਹਾ ਵੀ ਸੀ ਕਿ ਜ਼ਿੰਦਗੀ ਹਮੇਸ਼ਾ ਸੁਵਿਧਾਜਨਕ ਨਹੀਂ ਹੁੰਦੀ, ਨਾ ਹੀ ਇੱਕੋ ਵਾਰ ਸਾਰੀਆਂ ਸਮੱਸਿਆਵਾਂ ਹੱਲ ਹੋ ਸਕਦੀਆਂ ਹਨ। ਇਤਿਹਾਸ ਗਵਾਹ ਹੈ ਕਿ ਹੌਸਲਾ ਦੂਜਿਆਂ ਨੂੰ ਪ੍ਰੇਰਿਤ ਕਰਦਾ ਹੈ ਅਤੇ ਉਮੀਦ ਜ਼ਿੰਦਗੀ ਵਿਚ ਆਪਣਾ ਰਸਤਾ ਖ਼ੁਦ ਤਲਾਸ਼ ਲੈਂਦੀ ਹੈ। ਦਰਅਸਲ, ਸਮੱਸਿਆ ਜਿੰਨੀ ਵੱਡੀ ਹੁੰਦੀ ਹੈ ਓਨੀ ਵੱਡੀ ਜਗ੍ਹਾ ਉਸ ਨੂੰ ਅਸੀਂ ਆਪਣੇ ਮਨ ਵਿਚ ਦੇ ਦਿੰਦੇ ਹਾਂ। ਇਕ ਦਿੱਕਤ ਇਹ ਵੀ ਹੈ ਕਿ ਸਾਨੂੰ ਬੁਰੀਆਂ ਗੱਲਾਂ ਪਹਿਲਾਂ ਦਿਖਾਈ ਦਿੰਦੀਆਂ ਹਨ, ਚੰਗੀਆਂ ਬਾਅਦ ਵਿਚ। ਹਰ ਜੇਤੂ ਕੋਲ ਚੁਣੌਤੀਆਂ ਨਾਲ ਨਜਿੱਠਣ ਦੀ ਇਕ ਕਹਾਣੀ ਹੁੰਦੀ ਹੈ। ਡਰ ਉਨ੍ਹਾਂ ਨੂੰ ਵੀ ਲੱਗਦਾ ਹੈ ਪਰ ਉਹ ਉਸ ਦਾ ਮੁਕਾਬਲਾ ਕਰਨਾ ਸਿੱਖ ਲੈਂਦੇ ਹਨ। ਸਾਡੇ ਸਾਹਮਣੇ ਅਜਿਹੀ ਸਥਿਤੀ ਆ ਗਈ ਹੈ ਤਾਂ ਉਸ ਤੋਂ ਭੱਜਣ ਦੀ ਥਾਂ ਆਪਣੇ ਅੰਦਰ ਝਾਕੋ, ਸੰਜਮ, ਅਨੁਸ਼ਾਸਨ ਅਤੇ ਸੁਚੱਜੀ ਸੋਚਣੀ ਦਾ ਸਬੂਤ ਦਿੰਦੇ ਹੋਏ ਸਮੱਸਿਆ ਦੇ ਮੂਲ ਨੂੰ ਸਮਾਪਤ ਕਰਨ ਦੀ ਦਿਸ਼ਾ ਵਿਚ ਅੱਗੇ ਵਧੋ। ਅੰਗਰੇਜ਼ੀ ਦੇ ਮਸ਼ਹੂਰ ਕਵੀ ਵਿਲੀਅਮ ਵਰਡਜ਼ਵਰਥ ਨੇ ਆਪਣੀ ਇਕ ਕਵਿਤਾ ਵਿਚ ਵੱਡੇ ਪਤੇ ਦੀ ਗੱਲ ਕਹੀ ਹੈ, ''ਅਸੀਂ ਦੁਨੀਆ ਵਿਚ ਇੰਨੇ ਡੁੱਬੇ ਹੋਏ ਹਾਂ ਕਿ ਕੁਦਰਤ ਤੋਂ ਕੁਝ ਵੀ ਗ੍ਰਹਿਣ ਨਹੀਂ ਕਰਦੇ, ਉਸ ਕੁਦਰਤ ਤੋਂ ਜੋ ਸਾਡੀ ਆਪਣੀ ਹੈ। ਨੜਿੰਨਵੇਂ ਦੇ ਫੇਰ ਵਿਚ ਦੁਨੀਆ ਦੇ ਲੈਣ-ਦੇਣ ਵਿਚ ਆਪਣੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦੇ ਹਾਂ।'' ਹਰ ਇਕ ਸਦੀ ਵਿਚ ਕਿਸੇ ਨਾ ਕਿਸੇ ਮਹਾਮਾਰੀ ਨੇ ਇਨਸਾਨੀ ਜੀਵਨ ਨੂੰ ਸੰਕਟ ਵਿਚ ਪਾਇਆ ਹੈ। ਪਲੇਗ ਦਾ ਇਤਿਹਾਸ ਸਾਡੇ ਸਾਹਮਣੇ ਹੈ। ਪੰਦਰਵੀਂ ਸਦੀ ਦੇ ਅੱਧ ਵਿਚ ਆਈ ਬਲੈਕ ਡੈੱਥ ਦੀ ਬਿਮਾਰੀ ਨੇ ਯੂਰਪ ਦਾ ਨਕਸ਼ਾ ਬਦਲ ਦਿੱਤਾ ਪਰ ਉਸ ਸਮੇਂ ਹਨੇਰਿਆਂ ਵਿਚਾਲੇ ਰੌਸ਼ਨੀ ਦੀ ਤਲਾਸ਼ ਹੋਈ। ਅਨੇਕਾਂ ਸਮਾਜਿਕ-ਆਰਥਿਕ ਅਤੇ ਜੀਵਨ-ਸ਼ੈਲੀ ਸਬੰਧੀ ਤਬਦੀਲੀਆਂ ਹੋਈਆਂ, ਸੋਚਣ-ਸਮਝਣ ਅਤੇ ਸ਼ਾਸਨ ਵਿਵਸਥਾਵਾਂ ਦੇ ਤਰੀਕੇ ਵੱਧ ਜਮਹੂਰੀ, ਵਿਗਿਆਨਕ ਅਤੇ ਕਦਰਾਂ-ਕੀਮਤਾਂ 'ਤੇ ਆਧਾਰਿਤ ਦੱਸੇ ਗਏ। ਕੀ ਅਸੀਂ ਕੋਰੋਨਾ ਮਹਾਮਾਰੀ ਦੇ ਸਾਹਮਣੇ ਖੜ੍ਹੇ ਵਿਸ਼ਵ ਨੂੰ ਬਚਾਉਣ ਲਈ ਇਕ ਮਨੁੱਖੀ ਅਰਥਚਾਰੇ, ਸਾਦਗੀ, ਸੰਜਮਈ ਜੀਵਨਸ਼ੈਲੀ, ਕੁਦਰਤੀ ਜੀਵਨ ਵੱਲ ਨਹੀਂ ਵੱਧ ਸਕਦੇ? ਮੁਸ਼ਕਲ ਹੈ ਤਾਂ ਆਪਣੇ ਬੀਤੇ ਕੱਲ੍ਹ ਤੋਂ ਬਾਹਰ ਨਿਕਲਣਾ, ਇਹ ਸੋਚਣਾ ਕਿ ਆਉਣ ਵਾਲਾ ਕੱਲ੍ਹ ਵੀ ਅੱਜ ਵਰਗਾ ਹੀ ਹੋਵੇਗਾ। ਜਦੋਂ ਇਨਸਾਨ ਹਾਂ-ਪੱਖੀ ਬਣ ਜਾਂਦਾ ਹੈ ਤਾਂ ਉਹ ਅੱਧ ਤੋਂ ਵੱਧ ਸਮੱਸਿਆਵਾਂ ਤੋਂ ਐਵੇਂ ਹੀ ਪਾਰ ਪਾ ਜਾਂਦਾ ਹੈ।

-ਲਲਿਤ ਗਰਗ।

Posted By: Susheel Khanna