ਸੰਸਾਰ ਵਿਚ ਮਨੁੱਖ ਦਾ ਜਨਮ ਹੀ ਜਾਗਣ ਅਤੇ ਜਗਾਉਣ ਲਈ ਹੋਇਆ ਹੈ। ਆਤਮਿਕ ਲਾਟ ਜੋ ਬਲਦੀ ਹੈ, ਉਹ ਕਦੇ ਬੁਝਦੀ ਨਹੀਂ। ਇਸ ਲਈ ਸੌਣ ਦਾ ਮੌਕਾ ਹੈ ਹੀ ਨਹੀਂ। ਨੀਂਦ ਵਿਚ ਵੀ ਕੰਮ ਹੈ ਅਤੇ ਨੀਂਦ ਵੀ ਇਕ ਕਿਰਿਆ ਹੈ। ਤਾਂ ਜਾਗਿ੍ਤ ਲੋਕ ਨੀਂਦ ਨੂੰ ਕਰਤੱਵ ਸਮਝ ਕੇ ਉਸ ਨੂੰ ਕਰਦੇ ਹਨ। ਅਸਲ ਵਿਚ ਜਾਗਿ੍ਤ ਅਵਸਥਾ ਨੂੰ ਹੀ ਜੀਵਨ ਕਹਿ ਸਕਦੇ ਹਾਂ ਕਿਉਂਕਿ ਸੌਣ ਦੀ ਅਵਸਥਾ ਨੂੰ ਅਸਥਾਈ ਮੌਤ ਮੰਨਿਆ ਜਾਣਾ ਚਾਹੀਦਾ ਹੈ। ਹਰ ਮਨੁੱਖ ਲਈ ਦਿਨ ਅਤੇ ਰਾਤ, ਜਾਗਣਾ ਅਤੇ ਸੌਣਾ, ਚੇਤਨ ਅਤੇ ਅਚੇਤਨ ਦੀਆਂ ਸਥਿਤੀਆਂ ਨਿੱਤ ਆਉਂਦੀਆਂ ਹਨ। ਫਿਰ ਵੀ, ਉਹ ਕੁਝ ਸਿੱਖ ਨਹੀਂ ਪਾਉਂਦਾ। ਕੁਦਰਤ ਨੇ, ਸੂਰਜ ਅਤੇ ਚੰਦਰਮਾ ਨੇ, ਆਕਾਸ਼ ਅਤੇ ਪਤਾਲ ਨੇ ਕਰਮ ਦੇ ਚੱਕਰ ਦਾ ਵਿਧਾਨ ਬਣਾਇਆ ਹੈ ਜਿਸ ਨੂੰ ਮਨੁੱਖ ਨੂੰ ਵੀ ਆਪਣੇ ਜੀਵਨ ਵਿਚ ਉਤਾਰਨਾ ਹੀ ਹੋਵੇਗਾ। ਕੁਦਰਤ ਕਦੇ ਸੌਂਦੀ ਨਹੀਂ, ਸੂਰਜ ਕਦੇ ਠਹਿਰਦਾ ਨਹੀਂ, ਨਿਰੰਤਰ ਚੱਲਦੇ ਜਾਣਾ ਹੀ ਇਨ੍ਹਾਂ ਦਾ ਕਰਤੱਵ ਹੈ। ਮਨੁੱਖ ਇਸ ਕਰਤੱਵ ਤੋਂ ਅਲੱਗ ਨਹੀਂ ਹੈ। ਜੀਵਨ ਨੂੰ ਚੇਤਨ ਬਣਾਇਆ ਜਾਵੇ, ਜਾਗਿ੍ਰਤ ਕੀਤਾ ਜਾਵੇ, ਕਰਤੱਵਮੁਖੀ ਬਣਾਇਆ ਜਾਵੇ। ਇਸ ਨੂੰ ਕਦੇ ਕਰਤੱਵ ਤੋਂ ਬੇਮੁੱਖ ਨਹੀਂ ਰਹਿਣ ਦੇਣਾ ਚਾਹੀਦਾ। ਜ਼ਿਆਦਾਤਰ ਲੋਕ ਜਾਗਦੇ ਹੋਏ ਵੀ ਸੁੱਤੇ ਰਹਿੰਦੇ ਹਨ, ਆਪਣੇ ਕਰਤੱਵਾਂ ਦਾ ਅਹਿਸਾਸ ਨਹੀਂ ਕਰ ਪਾਉਂਦੇ। ਬਸ ਹੋਰ ਜੀਵਾਂ ਦੀ ਤਰ੍ਹਾਂ ਖਾਂਦੇ-ਪੀਂਦੇ ਹਨ, ਸਾਹ ਲੈਂਦੇ ਹਨ, ਸੌਂਦੇ-ਜਾਗਦੇ ਹਨ। ਇਹ ਸਮਝਣ ਵਿਚ ਅਸਮਰੱਥ ਰਹਿੰਦੇ ਹਨ ਕਿ ਉਹ ਮਨੁੱਖ ਹਨ। ਉਹ ਆਪਣੇ-ਆਪ ਨੂੰ ਹੋਰ ਪ੍ਰਾਣੀਆਂ ਤੋਂ ਅਲੱਗ ਨਹੀਂ ਕਰ ਪਾਉਂਦੇ ਹਨ। ਇਸ ਲਈ ਉਨ੍ਹਾਂ ਦੀ ਬਦਕਿਸਮਤੀ ਹੈ ਕਿ ਉਹ ਸਭ ਕੁਝ ਹੋ ਕੇ ਵੀ ਕੁਝ ਨਹੀਂ ਹਨ। ਉਨ੍ਹਾਂ ਵਿਚ ਜਾਗਣ ਦੀ ਸ਼ਕਤੀ ਨਹੀਂ ਰਹਿ ਗਈ, ਉਹ ਸੁੱਤੇ ਰਹਿਣ ਵਿਚ ਹੀ ਸੁੱਖ ਦਾ ਅਹਿਸਾਸ ਕਰਦੇ ਹਨ। ਉਹ ਈਸ਼ਵਰ ਤੱਤ ਦੇ ਰਹਿੰਦੇ ਹੋਏ ਵੀ ਸਰੀਰ ਦੇ ਮੋਹ ਵਿਚ ਫਸੇ ਹੋਏ ਹਨ ਅਤੇ ਸਦਾ ਇੰਜ ਹੀ ਸੁੱਤੇ ਰਹਿੰਦੇ ਹਨ ਕਿ ਕਦੇ ਜਾਗਦੇ ਹੀ ਨਹੀਂ ਹਨ। ਇਸ ਲਈ ਇੱਥੇ ਸੌਣਾ ਮਨ੍ਹਾ ਹੈ। ਇਸ ਜਗਤ ਵਿਚ ਸਾਵਧਾਨ ਹੋ ਕੇ, ਚੌਕਸ ਹੋ ਕੇ ਚੇਤਨਾਸਰੂਪ ਨੂੰ ਧਾਰਨ ਕਰਨਾ ਹੈ। ਇਸੇ ਨੂੰ ਜਾਗਿ੍ਰਤ ਅਵਸਥਾ ਕਹਿੰਦੇ ਹਨ। ਜੀਵਨ ਨੂੰ ਅੰਧਕਾਰਮਈ ਰਾਤ ਨਹੀਂ, ਚਾਨਣ ਭਰਪੂਰ ਦਿਨ ਬਣਾਉਣਾ ਜ਼ਰੂਰੀ ਹੈ। ਖ਼ੁਦ ਜਾਗਣਾ ਅਤੇ ਸੌਣ ਵਾਲਿਆਂ ਨੂੰ ਜਗਾਉਣਾ, ਇਹੀ ਧਰਮ ਦੀ ਰਾਹ ਹੈ। ਇਕ ਝੰਡਾ ਸਦਾ ‘ਜਾਗਦੇ ਰਹੋ’ ਵਾਲਾ ਲਹਿਰਾਉਂਦਾ ਰਹੇ।

-ਡਾ. ਰਾਘਵੇਂਦਰ ਸ਼ੁਕਲ

Posted By: Susheel Khanna