ਜਦੋਂ ਤੋਂ ਅਸੀਂ ਦੁਨੀਆ ਵਿਚ ਆਏ ਹਾਂ, ਅਸੀਂ ਆਪਣੇ ਸਰੀਰ ਅਤੇ ਮਨ ਨਾਲ ਹੀ ਪਛਾਣੇ ਜਾਂਦੇ ਹਾਂ। ਅਸੀਂ ਖ਼ੁਦ ਨੂੰ ਉਸ ਨਾਂ ਨਾਲ ਜਾਣਦੇ ਹਾਂ ਜੋ ਸਾਡੇ ਮਾਤਾ-ਪਿਤਾ ਨੇ ਸਾਨੂੰ ਦਿੱਤਾ ਹੈ। ਅਸੀਂ ਉਸ ਧਰਮ ਨਾਲ ਪਛਾਣੇ ਜਾਂਦੇ ਹਾਂ ਜਿਸ ਵਿਚ ਸਾਡੇ ਮਾਤਾ-ਪਿਤਾ ਵਿਸ਼ਵਾਸ ਕਰਦੇ ਹਨ।

ਅਧਿਆਤਮਕ ਏਕਤਾ ਇਕ ਅਜਿਹਾ ਟੀਚਾ ਹੈ ਜਿਸ ਲਈ ਪਰਮਾਤਮਾ ਨੇ ਮਨੁੱਖ ਨੂੰ ਬਣਾਇਆ ਅਤੇ ਉਸ ਵਿਚ ਪ੍ਰਾਣ ਪਾ ਕੇ ਉਸ ਨੂੰ ਜੀਵਨ ਦਿੱਤਾ ਹੈ। ਇਹ ਟੀਚਾ ਉਹ ਹੈ ਜਿਸ ਲਈ ਰੂਹਾਂ ਨੂੰ ਇਸ ਸੰਸਾਰ ਵਿਚ ਭੇਜਿਆ ਗਿਆ ਹੈ। ਸਾਰੇ ਧਰਮਾਂ ਨੇ ਆਤਮਾ ਦੀ ਹੋਂਦ ਨੂੰ ਸਵੀਕਾਰਿਆ ਹੈ। ਆਤਮਾ ਪਰਮਾਤਮਾ ਦਾ ਅੰਸ਼ ਹੈ ਅਤੇ ਸਾਨੂੰ ਜੀਵਨ ਦੇ ਰਹੀ ਹੈ। ਕਈ ਧਰਮ ਸ਼ਾਸਤਰਾਂ ਵਿਚ ਪਰਮਾਤਮਾ ਨੂੰ ਪ੍ਰੇਮ, ਚੇਤਨਾ ਅਤੇ ਪਰਮ ਆਨੰਦ ਦਾ ਮਹਾਸਾਗਰ ਦੱਸਿਆ ਗਿਆ ਹੈ। ਜੇ ਅਸੀਂ ਆਪਣੇ-ਆਪ ਨੂੰ ਅਧਿਆਤਮਕ ਨਜ਼ਰੀਏ ਨਾਲ ਦੇਖੀਏ ਤਾਂ ਪਤਾ ਲੱਗੇਗਾ ਕਿ ਅਸੀਂ ਆਤਮਿਕ ਤੌਰ ’ਤੇ ਪਰਮਾਤਮਾ ਦੇ ਮਹਾਨ, ਅਨੰਤ ਅਤੇ ਅਸੀਮ ਸਾਗਰ ਵਿਚ ਇਕ-ਦੂਜੇ ਨਾਲ ਜੁੜੇ ਹੋਏ ਹਾਂ।
ਜਦੋਂ ਤੋਂ ਅਸੀਂ ਦੁਨੀਆ ਵਿਚ ਆਏ ਹਾਂ, ਅਸੀਂ ਆਪਣੇ ਸਰੀਰ ਅਤੇ ਮਨ ਨਾਲ ਹੀ ਪਛਾਣੇ ਜਾਂਦੇ ਹਾਂ। ਅਸੀਂ ਖ਼ੁਦ ਨੂੰ ਉਸ ਨਾਂ ਨਾਲ ਜਾਣਦੇ ਹਾਂ ਜੋ ਸਾਡੇ ਮਾਤਾ-ਪਿਤਾ ਨੇ ਸਾਨੂੰ ਦਿੱਤਾ ਹੈ। ਅਸੀਂ ਉਸ ਧਰਮ ਨਾਲ ਪਛਾਣੇ ਜਾਂਦੇ ਹਾਂ ਜਿਸ ਵਿਚ ਸਾਡੇ ਮਾਤਾ-ਪਿਤਾ ਵਿਸ਼ਵਾਸ ਕਰਦੇ ਹਨ। ਅਸੀਂ ਖ਼ੁਦ ਨੂੰ ਉਸ ਦੇਸ਼ ਦਾ ਸਮਝਦੇ ਹਾਂ, ਜਿੱਥੇ ਸਰੀਰਕ ਰੂਪ ਵਿਚ ਅਸੀਂ ਰਹਿੰਦੇ ਹਾਂ। ਜਿੰਨਾ ਜ਼ਿਆਦਾ ਅਸੀਂ ਇਨ੍ਹਾਂ ਬਾਹਰਲੇ ਨਾਵਾਂ ਨਾਲ ਜਾਣੇ ਜਾਂਦੇ ਹਾਂ, ਓਨਾ ਹੀ ਜ਼ਿਆਦਾ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਅਸੀਂ ਪਰਮਾਤਮਾ ਦੇ ਅੰਸ਼ ਹਾਂ। ਜੇ ਅਸੀਂ ਹਰ ਧਰਮ ਦਾ ਡੂੰਘਾਈ ਨਾਲ ਅਧਿਐਨ ਕਰਾਂਗੇ ਅਤੇ ਸੰਤਾਂ-ਮਹਾਤਮਾਵਾਂ ਦੀਆਂ ਸਿੱਖਿਆਵਾਂ ਨੂੰ ਸਮਝਾਂਗੇ ਤਾਂ ਅਸੀਂ ਦੇਖਾਂਗੇ ਕਿ ਸਾਰੇ ਧਰਮ ਪ੍ਰੇਮ, ਸ਼ਾਂਤੀ ਅਤੇ ਏਕਤਾ ਦਾ ਹੀ ਪਾਠ ਸਿਖਾਉਂਦੇ ਹਨ। ਸਭ ਸੰਤ-ਮਹਾਤਮਾ ਮਨੁੱਖਤਾ ਦਾ ਮਾਰਗਦਰਸ਼ਨ ਕਰਦੇ ਆਏ ਹਨ ਤਾਂ ਕਿ ਅਸੀਂ ਆਪਣੀ ਰੂਹਾਨੀ ਏਕਤਾ ਨੂੰ ਜਾਣ ਸਕੀਏ। ਹਰ ਧਰਮ ਵਿਚ ਇਹ ਦੇਖਿਆ ਜਾਂਦਾ ਹੈ ਕਿ ਪਰਮਾਤਮਾ ਕੋਲ ਵਾਪਸ ਜਾਣ ਦਾ ਤਰੀਕਾ ਆਪਣੇ ਅੰਦਰ ਉਸ ਦੀ ਸ਼ਕਤੀ ਨਾਲ ਜੁੜਨਾ ਹੀ ਹੈ।
ਜਦੋਂ ਅਸੀਂ ਆਪਣੇ ਅੰਦਰ ਪਰਮਾਤਮਾ ਦੀ ਜੋਤ ਨਾਲ ਜੁੜਦੇ ਹਾਂ ਤਾਂ ਉਸ ਦੇ ਦਿੱਵਿਆ-ਪ੍ਰੇਮ ਨੂੰ ਪ੍ਰਾਪਤ ਕਰਦੇ ਹਾਂ। ਫਿਰ ਅਸੀਂ ਉਸ ਦੀ ਜੋਤ ਸਾਰੇ ਮਨੁੱਖਾਂ, ਪ੍ਰਾਣੀਆਂ ਅਤੇ ਪੂਰੀ ਸ੍ਰਿਸ਼ਟੀ ਵਿਚ ਦੇਖਦੇ ਹਾਂ। ਤਦ ਅਸੀਂ ਆਪਣੀ ਬੁਨਿਆਦੀ ਏਕਤਾ ਨੂੰ ਜਾਣ ਲੈਂਦੇ ਹਾਂ ਅਤੇ ਸਭ ਨਾਲ ਪ੍ਰੇਮ ਕਰਨ ਲੱਗਦੇ ਹਾਂ। ਜਦੋਂ ਅਸੀਂ ਪਰਮਾਤਮਾ ਦੀ ਜੋਤ ਨੂੰ ਹਰ ਪ੍ਰਾਣੀ, ਫੁੱਲਾਂ ਅਤੇ ਸ੍ਰਿਸ਼ਟੀ ਦੇ ਕਣ-ਕਣ ਵਿਚ ਦੇਖਦੇ ਹਾਂ ਤਦ ਅਸੀਂ ਰੂਹਾਨੀ ਏਕਤਾ ਨੂੰ ਜਾਣ ਲੈਂਦੇ ਹਾਂ। ਅਸੀਂ ਦੂਜਿਆਂ ਦਾ ਖ਼ਿਆਲ ਰੱਖਣਾ ਅਤੇ ਭਲਾ ਕਰਨਾ ਸ਼ੁਰੂ ਕਰ ਦਿੰਦੇ ਹਾਂ। ਜੇ ਅਸੀਂ ਅਸਲ ਵਿਚ ਆਪਣੇ ਧਰਮ ਦੇ ਪੈਰੋਕਾਰ ਬਣਨਾ ਚਾਹੁੰਦੇ ਹਾਂ ਤਾਂ ਸਾਨੂੰ ਪੂਰੀ ਮਨੁੱਖਤਾ ਨੂੰ ਪਰਮਾਤਮਾ ਦੇ ਇਕ ਹੀ ਪਰਿਵਾਰ ਦਾ ਮੈਂਬਰ ਮੰਨ ਕੇ ਮਿਲ ਕੇ ਬੈਠਣਾ ਚਾਹੀਦਾ ਹੈ।
-ਸੰਤ ਰਾਜਿੰਦਰ ਸਿੰਘ