ਇਕ ਸੰਤ ਨੂੰ ਬੁਰੇ ਵਿਅਕਤੀ ਦੀ ਸੰਗਤ ਦਾ ਤਿਆਗ ਕਰਨਾ ਜ਼ਰੂਰੀ ਨਹੀਂ ਹੈ ਕਿਉਂਕਿ ਉਸ ਲਈ ਉਹ ਬੁਰਾ ਨਹੀਂ ਹੈ ਪਰ ਤੁਹਾਡੇ ਲਈ ਉਹ ਆਦਮੀ ਬੁਰਾ ਹੈ। ਇਸ ਲਈ ਤੁਹਾਨੂੰ ਅਜਿਹੇ ਮਨੁੱਖਾਂ ਦੀ ਸੰਗਤ ਤੋਂ ਬਚਣਾ ਚਾਹੀਦਾ ਹੈ ਜੋ ਤੁਹਾਡੇ ਲਈ ਦੁਰਜਨ ਹਨ। ਸ਼ੰਕਰਾਚਾਰੀਆ ਦਾ ਨਿਰਦੇਸ਼ ਹੈ ਕਿ ਤੁਸੀਂ ਉਨ੍ਹਾਂ ਵਿਅਕਤੀਆਂ ਦੀ ਸੰਗਤ ਤੋਂ ਦੂਰ ਰਹੋ ਜੋ ਮਾੜੇ ਖ਼ਿਆਲਾਂ ਵਾਲੇ ਹਨ, ਜਿਨ੍ਹਾਂ ਦੇ ਪਾਪ ਦਾ ਪੱਧਰ ਤੁਹਾਡੇ ਪੁੰਨ ਦੇ ਪੱਧਰ ਤੋਂ ਵੱਧ ਹੈ।

ਤੁਹਾਨੂੰ ਸਾਧੂ ਦੀ ਸੰਗਤ ਕਰਨ ਦਾ ਯਤਨ ਕਰਨਾ ਚਾਹੀਦਾ ਹੈ। ਸਾਧੂ ਕੌਣ ਹੈ? ਇਕ ਮਨੁੱਖ, ਜਿਸ ਨਾਲ ਰਹਿਣ ਸਦਕਾ ਤੁਹਾਡੀ ਨੈਤਿਕਤਾ, ਤੁਹਾਡੇ ਪੁੰਨਾਂ ਦਾ ਮਾਣ ਵੱਧਦਾ ਹੈ ਅਤੇ ਜੋ ਤੁਹਾਨੂੰ ਰੂਹਾਨੀ ਰਸਤੇ ’ਤੇ ਅੱਗੇ ਵਧਾਉਂਦਾ ਹੈ। ਉਹ ਤੁਹਾਡੇ ਲਈ ਸਾਧੂ ਹੈ।

ਤੁਸੀਂ ਸਦਾ ਪੁੰਨ ਵਾਲੇ ਕਰਮਾਂ ਵਿਚ ਰੁੱਝੇ ਰਹੋ। ਪੁੰਨ ਕੀ ਹੈ? ਪੁੰਨ ਦੀ ਵਿਆਖਿਆ ਵਿਚ ਮਹਾਰਿਸ਼ੀ ਵਿਆਸ ਨੇ ਕਿਹਾ ਹੈ-ਜਦ ਤੁਸੀਂ ਕੁਝ ਚੰਗਾ ਕਰਦੇ ਹੋ, ਜਦ ਤੁਸੀਂ ਨਿਰਸਵਾਰਥ ਭਾਵ ਨਾਲ ਸਮਾਜ ਸੇਵਾ ਕਰਦੇ ਹੋ, ਉੱਥੇ ਤੁਹਾਨੂੰ ਕੁਝ ਪ੍ਰਤੀਕਰਮ ਮਿਲਦੇ ਹਨ। ਹਰੇਕ ਕੰਮ ਦਾ ਇਕ ਸਮਾਨ ਅਤੇ ਉਲਟ ਪ੍ਰਤੀਕਰਮ ਮਿਲਦਾ ਹੈ, ਬਸ਼ਰਤੇ ਕਿ ਤਿੰਨ ਤੱਤ ਅਰਥਾਤ ਦੇਸ਼, ਕਾਲ ਅਤੇ ਪਾਤਰ ਨਾ-ਬਦਲਣਯੋਗ ਰਹਿਣ।

ਜੇਕਰ ਤੁਸੀਂ ਕੁਝ ਚੰਗਾ ਕਰਦੇ ਹੋ ਤਾਂ ਸੁਭਾਵਿਕ ਤੌਰ ’ਤੇ ਤੁਹਾਨੂੰ ਉੱਥੇ ਇਕ ਚੰਗਾ ਪ੍ਰਤੀਕਰਮ ਪ੍ਰਾਪਤ ਹੋਵੇਗਾ। ਜਦ ਕਿਤੇ ਤੁਸੀਂ ਕਿਸੇ ਮਨੁੱਖ ਦੀ ਸੇਵਾ ਕਰਦੇ ਹੋ ਅਤੇ ਖ਼ਾਸ ਤੌਰ ’ਤੇ ਨਿਰਸਵਾਰਥ ਸੇਵਾ ਤਦ ਉਸ ਦੇ ਪ੍ਰਤੀਕਰਮ ਵਜੋਂ ਤੁਸੀਂ ਕੁਝ ਹਾਸਲ ਕਰੋਗੇ। ਤੁਸੀਂ ਚਾਹੋ ਜਾਂ ਨਾ, ਪਰ ਉਸ ਦਾ ਪ੍ਰਤੀਕਰਮ ਪ੍ਰਾਪਤ ਹੋਵੇਗਾ ਅਤੇ ਉਸ ਦੇ ਫ਼ਲ ਨੂੰ ਪੁੰਨ ਕਿਹਾ ਜਾਂਦਾ ਹੈ। ਓਥੇ ਹੀ ਜੇਕਰ ਤੁਸੀਂ ਕੁਝ ਬੁਰਾ ਕੀਤਾ, ਕਿਸੇ ਨੂੰ ਨੁਕਸਾਨ ਪਹੁੰਚਾਇਆ ਜਾਂ ਕਰਮ ਦੁਆਰਾ ਦੁਰਗਤੀ ਤਕ ਪਹੁੰਚਾਇਆ ਤਾਂ ਇਸ ਨੂੰ ਪਾਪ ਕਿਹਾ ਜਾਂਦਾ ਹੈ। ਇਸ ਲਈ ਤੁਸੀਂ ਪੁੰਨ ਵਾਲੇ ਕੰਮਾਂ ਵਿਚ ਦਿਨ-ਰਾਤ ਰੁੱਝੇ ਰਹੋ।

ਹੁਣ ਕੋਈ ਕਹਿ ਸਕਦਾ ਹੈ ਕਿ ਦਿਨ ਦੇ ਸਮੇਂ ਪੁੰਨ ਦਾ ਕੰਮ ਕੀਤਾ ਜਾ ਸਕਦਾ ਹੈ ਪਰ ਰਾਤ ਨੂੰ ਸੌਂਦੇ ਸਮੇਂ ਪੁੰਨ ਕਰਮ ਕਿਸ ਤਰ੍ਹਾਂ ਕੀਤਾ ਜਾ ਸਕਦਾ ਹੈ? ਇਸ ਦਾ ਉੱਤਰ ਹੈ ਕਿ ਰਾਤ ਨੂੰ ਸੌਂਦੇ ਸਮੇਂ ਪੁੰਨ ਕਰਮ ਕਰਨ ਲਈ ਤੁਹਾਨੂੰ ਮਾਨਸਿਕ ਰੂਹਾਨੀ ਸ਼ਕਤੀ ਦੀ ਜ਼ਰੂਰਤ ਹੁੰਦੀ ਹੈ। ਉਹ ਸ਼ਕਤੀ ਤੁਹਾਨੂੰ ਧਿਆਨ ਅਤੇ ਜਪ ਜ਼ਰੀਏ ਹੀ ਪ੍ਰਾਪਤ ਹੋ ਸਕਦੀ ਹੈ। ਇਸ ਸ਼ਕਤੀ ਤੋਂ ਬਿਨਾਂ ਤੁਹਾਡਾ ਕੰਮ ਨਹੀਂ ਚੱਲਣਾ। ਇਸੇ ਲਈ ਤਾਂ ਅਕਸਰ ਮਹਾਤਮਾ ਧਿਆਨ ਅਤੇ ਜਪ ਦੀ ਲੋੜ ’ਤੇ ਜ਼ਿਆਦਾ ਜ਼ੋਰ ਦਿੰਦੇ ਹਨ।

-ਸ੍ਰੀਸ੍ਰੀ ਆਨੰਦਮੂਰਤੀ।

Posted By: Jagjit Singh