ਜੀਵਨ ਵਿਚ ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਥਾਈ ਪ੍ਰੇਮ ਨਾਲ ਭਰਪੂਰ ਰਹੀਏ। ਸਦੀਵੀ ਪ੍ਰੇਮ ਕੇਵਲ ਪ੍ਰਭੂ ਦਾ ਪ੍ਰੇਮ ਹੈ ਜੋ ਕਿ ਦਿੱਵਿਆ ਅਤੇ ਰੂਹਾਨੀ ਪ੍ਰੇਮ ਹੈ। ਜਦ ਅਸੀਂ ਇਸ ਸੰਸਾਰ ਵਿਚ ਦੂਜਿਆਂ ਨਾਲ ਪ੍ਰੇਮ ਕਰਦੇ ਹਾਂ ਤਾਂ ਅਸੀਂ ਇਨਸਾਨ ਦੇ ਬਾਹਰਲੇ ਰੂਪ ’ਤੇ ਹੀ ਕੇਂਦ੍ਰਿਤ ਹੁੰਦੇ ਹਾਂ ਅਤੇ ਸਾਨੂੰ ਜੋੜਨ ਵਾਲੇ ਅੰਦਰੂਨੀ ਪ੍ਰੇਮ ਨੂੰ ਭੁੱਲ ਜਾਂਦੇ ਹਾਂ। ਸੱਚਾ ਪ੍ਰੇਮ ਤਾਂ ਉਹ ਹੈ ਜਿਸ ਦਾ ਅਹਿਸਾਸ ਅਸੀਂ ਦਿਲ ਤੋਂ ਦਿਲ ਤਕ ਅਤੇ ਆਤਮਾ ਤੋਂ ਆਤਮਾ ਤਕ ਕਰਦੇ ਹਾਂ। ਬਾਹਰੀ ਰੂਪ ਤਾਂ ਇਕ ਕੱਪੜੇ ਦੇ ਸਮਾਨ ਹੈ ਜੋ ਇਨਸਾਨ ਦੇ ਅੰਦਰ ਮੌਜੂਦ ਸੱਚੇ ਪ੍ਰੇਮ ਨੂੰ ਢਕ ਦਿੰਦਾ ਹੈ।

ਮੰਨ ਲਓ ਕਿ ਤੁਹਾਡੇ ਕੋਲ ਖਾਣ ਲਈ ਕੁਝ ਅਨਾਜ ਹੈ। ਅਨਾਜ ਪਾਲਸਟਿਕ ਦੀ ਥੈਲੀ ਵਿਚ ਲਪੇਟਿਆ ਜਾ ਸਕਦਾ ਹੈ ਅਤੇ ਡੱਬੇ ਵਿਚ ਵੀ। ਅਸੀਂ ਉਸ ਥੈਲੀ ਜਾਂ ਡੱਬੇ ਨੂੰ ਨਹੀਂ ਬਲਕਿ ਉਸ ਦੇ ਅੰਦਰ ਮੌਜੂਦ ਅਨਾਜ ਨੂੰ ਖਾਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜਦ ਅਸੀਂ ਕਿਸੇ ਇਨਸਾਨ ਨੂੰ ਕਹਿੰਦੇ ਹਾਂ ਕਿ ‘ਮੈਂ ਤੁਹਾਨੂੰ ਪ੍ਰੇਮ ਕਰਦਾ ਹਾਂ’ ਤਾਂ ਅਸੀਂ ਉਸ ਵਿਅਕਤੀ ਦੇ ਸਾਰ-ਰੂਪ ਨਾਲ ਪ੍ਰੇਮ ਪ੍ਰਗਟ ਕਰ ਰਹੇ ਹੁੰਦੇ ਹਾਂ। ਜੀਵਨ ਦੌਰਾਨ ਇਨਸਾਨ ਵਿਚ ਕਿੰਨੇ ਸਾਰੇ ਬਦਲਾਅ ਆਉਂਦੇ ਹਨ!

ਸ਼ੁਰੂ ਵਿਚ ਉਸ ਦਾ ਆਕਾਰ ਇਕ ਨੰਨ੍ਹੇ ਬੱਚੇ ਦੀ ਤਰ੍ਹਾਂ ਹੁੰਦਾ ਹੈ। ਫਿਰ ਉਹ ਸਕੂਲ ਜਾਣ ਵਾਲਾ ਬੱਚਾ ਬਣਦਾ ਹੈ, ਫਿਰ ਹੌਲੀ-ਹੌਲੀ ਜਵਾਨ ਤੇ ਬਜ਼ੁਰਗ ਬਣਦਾ ਜਾਂਦਾ ਹੈ। ਅਸੀਂ ਕਿਸੇ ਵਿਅਕਤੀ ਨਾਲ ਆਪਣੇ ਜੀਵਨ ਦੇ ਸੰਪੂਰਨ ਅਰਸੇ ਦੌਰਾਨ ਪ੍ਰੇਮ ਕਰ ਸਕਦੇ ਹਾਂ, ਚਾਹੇ ਉਸ ਵਿਅਕਤੀ ਦਾ ਬਾਹਰਲਾ ਰੂਪ ਲਗਾਤਾਰ ਬਦਲ ਰਿਹਾ ਹੁੰਦਾ ਹੈ, ਉਸ ਦੀ ਉਮਰ ਲਗਾਤਾਰ ਵਧ ਰਹੀ ਹੁੰਦੀ ਹੈ। ਰਹੱਸ ਇਹ ਹੈ ਕਿ ਅਸੀਂ ਉਸ ਵਿਅਕਤੀ ਦੇ ਮੂਲ ਸਰੂਪ ਨਾਲ ਪ੍ਰੇਮ ਕਰਦੇ ਹਾਂ ਅਤੇ ਉਹ ਮੂਲ ਆਤਮਿਕ ਸਰੂਪ ਖ਼ੁਦ ਪ੍ਰੇਮ ਹੀ ਹੈ। ਸਾਡੇ ਜੀਵਨ ਦਾ ਮਕਸਦ ਹੀ ਇਹੀ ਹੈ ਕਿ ਅਸੀਂ ਆਪਣੇ ਆਤਮਿਕ ਸਰੂਪ ਦਾ ਅਨੁਭਵ ਕਰ ਸਕੀਏ ਅਤੇ ਫਿਰ ਆਪਣੀ ਆਤਮਾ ਦਾ ਮਿਲਾਪ ਉਸ ਦੇ ਸੋਮੇ ਪਰਮਾਤਮਾ ਵਿਚ ਕਰਵਾ ਦੇਈਏ। ਇਸ ਉਦੇਸ਼ ਨੂੰ ਪ੍ਰਾਪਤ ਕਰਨ ਵਿਚ ਸੰਤ ਅਤੇ ਮਹਾਪੁਰਖ ਸਾਡੀ ਸਹਾਇਤਾ ਕਰਦੇ ਹਨ। ਇਕ ਪੂਰਨ ਸੰਤ ਆਪਣੀ ਰੂਹਾਨੀ ਤਵੱਜੋ ਸਾਨੂੰ ਪ੍ਰਦਾਨ ਕਰਦਾ ਹੈ ਜਿਸ ਸਦਕਾ ਸਾਡੀ ਆਤਮਾ ਅੰਦਰੋਂ ਪ੍ਰਭੂ ਦੀ ਦਿੱਵਿਆ ਜੋਤੀ ਨਾਲ ਜੁੜਨ ਦੇ ਲਾਇਕ ਬਣ ਜਾਂਦੀ ਹੈ। ਇੰਜ ਅਸੀਂ ਆਤਮਾ ਦੇ ਦਿੱਵਿਆ ਜੋਤੀ ਨਾਲ ਜੁੜਨ ’ਤੇ ਆਪਣੇ ਸੱਚੇ ਆਤਮਿਕ ਸਰੂਪ ਦਾ ਅਹਿਸਾਸ ਕਰ ਪਾਉਂਦੇ ਹਾਂ।

-ਸੰਤ ਰਾਜਿੰਦਰ ਸਿੰਘ।

Posted By: Jagjit Singh