ਜੀਵਨ ਵਿਚ ਖ਼ੁਸ਼ ਰਹਿਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸਥਾਈ ਪ੍ਰੇਮ ਨਾਲ ਭਰਪੂਰ ਰਹੀਏ। ਸਦਾ-ਸਦਾ ਦਾ ਪ੍ਰੇਮ ਕੇਵਲ ਪ੍ਰਭੂ ਦਾ ਪ੍ਰੇਮ ਹੈ ਜੋ ਕਿ ਦਿੱਵਿਆ ਅਤੇ ਰੂਹਾਨੀ ਹੈ। ਜਦ ਅਸੀਂ ਇਸ ਸੰਸਾਰ ਵਿਚ ਦੂਜਿਆਂ ਨਾਲ ਪ੍ਰੇਮ ਕਰਦੇ ਹਾਂ ਤਾਂ ਅਸੀਂ ਇਨਸਾਨ ਦੇ ਬਾਹਰੀ ਰੂਪ 'ਤੇ ਹੀ ਕੇਂਦ੍ਰਿਤ ਹੁੰਦੇ ਹਾਂ ਅਤੇ ਸਾਨੂੰ ਜੋੜਨ ਵਾਲੇ ਅੰਦਰੂਨੀ ਪ੍ਰੇਮ ਨੂੰ ਭੁੱਲ ਜਾਂਦੇ ਹਾਂ। ਸੱਚਾ ਪ੍ਰੇਮ ਤਾਂ ਉਹ ਹੈ ਜਿਸ ਦਾ ਅਹਿਸਾਸ ਅਸੀਂ ਦਿਲ ਤੋਂ ਦਿਲ ਤਕ ਅਤੇ ਆਤਮਾ ਤੋਂ ਆਤਮਾ ਤਕ ਕਰਦੇ ਹਾਂ। ਬਾਹਰੀ ਰੂਪ ਤਾਂ ਇਕ ਕੱਪੜੇ ਵਾਂਗ ਹੈ ਜੋ ਇਨਸਾਨ ਦੇ ਅੰਦਰ ਮੌਜੂਦ ਸੱਚੇ ਪ੍ਰੇਮ ਨੂੰ ਢੱਕ ਦਿੰਦਾ ਹੈ। ਮੰਨ ਲਓ ਕਿ ਤੁਹਾਡੇ ਕੋਲ ਖਾਣ ਲਈ ਕੁਝ ਅਨਾਜ ਹੈ। ਅਨਾਜ ਪਲਾਸਟਿਕ ਦੀ ਥੈਲੀ ਵਿਚ ਰੱਖੇ ਜਾ ਸਕਦੇ ਹਨ ਅਤੇ ਡੱਬੇ ਵਿਚ ਵੀ। ਅਸੀਂ ਉਸ ਥੈਲੀ ਜਾਂ ਡੱਬੇ ਨੂੰ ਨਹੀਂ ਬਲਕਿ ਉਸ ਅੰਦਰ ਮੌਜੂਦ ਅਨਾਜ ਨੂੰ ਖਾਣਾ ਚਾਹੁੰਦੇ ਹਾਂ। ਇਸੇ ਤਰ੍ਹਾਂ ਜਦ ਅਸੀਂ ਕਿਸੇ ਇਨਸਾਨ ਨੂੰ ਕਹਿੰਦੇ ਹਾਂ ਕਿ 'ਮੈਂ ਤੈਨੂੰ ਪ੍ਰੇਮ ਕਰਦਾ ਹਾਂ' ਤਾਂ ਅਸੀਂ ਉਸ ਵਿਅਕਤੀ ਦੇ ਸਾਰ-ਰੂਪ ਨਾਲ ਪ੍ਰੇਮ ਪ੍ਰਗਟ ਕਰ ਰਹੇ ਹੁੰਦੇ ਹਾਂ। ਬਾਹਰੀ ਦਿੱਖ ਜਾਂ ਸਾਡਾ ਸਰੀਰਕ ਰੂਪ ਉਹ ਨਹੀਂ ਹੈ ਜਿਸ ਨਾਲ ਅਸੀਂ ਅਸਲ ਵਿਚ ਪ੍ਰੇਮ ਕਰਦੇ ਹਾਂ। ਦਰਅਸਲ, ਅਸੀਂ ਉਸ ਵਿਅਕਤੀ ਦੇ ਸਾਰ ਨਾਲ ਪ੍ਰੇਮ ਕਰਦੇ ਹਾਂ ਜੋ ਉਸ ਦੇ ਅੰਦਰ ਮੌਜੂਦ ਹੈ। ਸਾਡੇ ਜੀਵਨ ਦਾ ਮਕਸਦ ਹੀ ਇਹੋ ਹੈ ਕਿ ਅਸੀਂ ਆਪਣੇ ਸੱਚੇ ਰੂਹਾਨੀ ਸਰੂਪ ਦਾ ਅਹਿਸਾਸ ਕਰ ਸਕੀਏ ਅਤੇ ਫਿਰ ਆਪਣੀ ਆਤਮਾ ਦਾ ਮਿਲਾਪ ਉਸ ਦੇ ਸਰੋਤ ਪਰਮਾਤਮਾ ਵਿਚ ਕਰਵਾ ਦੇਈਏ। ਜਦ ਸਾਡੀ ਆਤਮਾ ਅੰਤਰ ਵਿਚ ਪ੍ਰਭੂ ਦੀ ਦਿੱਵਿਆ ਜਯੋਤੀ ਨਾਲ ਜੁੜਨ ਦੇ ਲਾਇਕ ਬਣ ਜਾਂਦੀ ਹੈ, ਉਦੋਂ ਅਸੀਂ ਆਪਣੇ ਸੱਚੇ ਰੂਹਾਨੀ ਸਰੂਪ ਦਾ ਅਹਿਸਾਸ ਕਰ ਪਾਉਂਦੇ ਹਾਂ। ਫਿਰ ਗੁਰੂ ਦੇ ਮਾਰਗਦਰਸ਼ਨ ਵਿਚ ਨਿਰੰਤਰ ਧਿਆਨ-ਅਭਿਆਸ ਕਰਦੇ ਹੋਏ ਸਾਡੀ ਆਤਮਾ ਰੂਹਾਨੀ ਮਾਰਗ 'ਤੇ ਪ੍ਰਗਤੀ ਕਰਦੀ ਜਾਂਦੀ ਹੈ ਅਤੇ ਆਖ਼ਰਕਾਰ ਪਰਮਾਤਮਾ ਵਿਚ ਜਾ ਕੇ ਲੀਨ ਹੋ ਜਾਂਦੀ ਹੈ। ਆਓ! ਅਸੀਂ ਸਾਰੇ ਆਪਣੇ ਬਾਹਰੀ ਰੂਪ ਵੱਲੋਂ ਧਿਆਨ ਹਟਾਈਏ ਅਤੇ ਆਪਣੇ ਸੱਚੇ ਆਤਮਿਕ ਸਰੂਪ ਦਾ ਅਹਿਸਾਸ ਕਰੀਏ। ਤਦ ਹੀ ਇਸ ਮਨੁੱਖੀ ਜਾਮੇ ਵਿਚ ਆਉਣ ਦਾ ਸਾਡਾ ਮਕਸਦ ਪੂਰਨ ਹੋਵੇਗਾ ਅਤੇ ਅਸੀਂ ਹਮੇਸ਼ਾ-ਹਮੇਸ਼ਾ ਲਈ ਪ੍ਰਭੂ ਵਿਚ ਲੀਨ ਹੋਣ ਦੇ ਮਾਰਗ 'ਤੇ ਵੱਧ ਸਕਾਂਗੇ। ਚੇਤੇ ਰੱਖੋ, ਪ੍ਰਭੂ-ਭਗਤੀ ਵਿਚ ਲੀਨ ਹੋ ਕੇ ਹੀ ਹਰ ਜੀਵ-ਆਤਮਾ ਦਾ ਲੋਕ-ਪਰਲੋਕ ਸੁਧਰਦਾ ਹੈ।

-ਸੰਤ ਰਾਜਿੰਦਰ ਸਿੰਘ ਜੀ ਮਹਾਰਾਜ।

Posted By: Jagjit Singh