Surya Grahan : ਇਸ ਸਾਲ ਦਾ ਪਹਿਲਾ ਸੂਰਜ ਗ੍ਰਹਿਣ 10 ਜੂਨ ਨੂੰ ਲੱਗਣ ਜਾ ਰਿਹਾ ਹੈ। ਜੋਤਿਸ਼ ਅਨੁਸਾਰ ਸੂਰਜ ਗ੍ਰਹਿਣ ਦੁਪਹਿਰੇ 1.42 ਮਿੰਟ ਤੋਂ ਸ਼ਾਮ ਦੇ 6.41 ਮਿੰਟ ਤਕ ਰਹੇਗਾ। ਵਲਯਾਕਾਰ ਸੂਰਜ ਗ੍ਰਹਿਣ ਉਦੋਂ ਹੁੰਦਾ ਹੈ ਜਦੋਂ ਚੰਦਰਮਾ ਸੂਰਜ ਦੇ 97% ਵਿਚਕਾਰਲੇ ਹਿੱਸੇ ਨੂੰ ਢੱਕ ਲੈਂਦਾ ਹੈ ਤੇ ਸਿਰਫ਼ ਉਸ ਦੇ ਕਿਨਾਰੇ ਹੀ ਪ੍ਰਕਾਸ਼ਮਾਨ ਰਹਿੰਦੇ ਹਨ।

ਕਿਵੇਂ ਲਗਦਾ ਹੈ ਸੂਰਜ ਗ੍ਰਹਿਣ (Solar eclipse)

ਭੌਤਿਕ ਵਿਗਿਆਨ ਅਨੁਸਾਰ ਜਦੋਂ ਚੰਦਰਮਾ ਸੂਰਜ ਤੇ ਧਰਤੀ ਦੇ ਵਿਚਕਾਰ ਆ ਜਾਂਦਾ ਹੈ ਤਾਂ ਸੂਰਜ ਦਾ ਬਿੰਬ ਚੰਦਰਮਾ ਦੇ ਪਿੱਛੇ ਕੁਝ ਸਮੇਂ ਲਈ ਢੱਕ ਜਾਂਦਾ ਹੈ, ਇਸ ਘਟਨਾ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ। ਆਸਾਨ ਭਾਸ਼ਾ 'ਚ ਸਮਝਿਆ ਜਾਵੇ ਤਾਂ ਇਹ ਅਸੀਂ ਸਾਰੇ ਜਾਣਦੇ ਹਾਂ ਕਿ ਧਰਤੀ ਸੂਰਜ ਦੀ ਪਰਿਕਰਮਾ ਕਰਦੀ ਹੈ। ਉੱਥੇ ਹੀ ਚੰਦਰਮਾ ਧਰਤੀ ਦੀ ਪਰਿਕਰਮਾ ਕਰਦਾ ਹੈ। ਇਸ ਦੌਰਾਨ ਕਦੀ-ਕਦਾਈਂ ਸੂਰਜ ਤੇ ਧਰਤੀ ਵਿਚਕਾਰ ਚੰਦਰਮਾ ਆ ਜਾਂਦਾ ਹੈ। ਇਸ ਨਾਲ ਚੰਦਰਮਾ ਸੂਰਜ ਦੀ ਕੁਝ ਰੋਸ਼ਨੀ ਰੋਕ ਲੈਂਦਾ ਹੈ। ਇਸ ਨੂੰ ਸੂਰਜ ਗ੍ਰਹਿਣ ਕਿਹਾ ਜਾਂਦਾ ਹੈ।

ਸੂਰਜ ਗ੍ਰਹਿਣ ਦਾ ਧਾਰਮਿਕ ਕਾਰਨ (Religious Aspect of Solar Eclipse)

ਪੌਰਾਣਿਕ ਮਾਨਤਾਵਾਂ ਅਨੁਸਾਰ, ਸਮੁੰਦਰ ਮੰਥਨ ਦੌਰਾਨ ਜਦੋਂ ਅੰਮ੍ਰਿਤ ਪੀਣ ਲਈ ਦੇਵਤਿਆਂ ਤੇ ਦਾਨਵਾਂ ਵਿਚਕਾਰ ਵਿਵਾਦ ਹੋ ਰਿਹਾ ਸੀ ਤਾਂ ਉਦੋਂ ਇਸ ਨੂੰ ਸੁਲਝਾਉਣ ਲਈ ਭਗਵਾਨ ਵਿਸ਼ਨੂੰ ਨੇ ਮੋਹਿਨੀ ਦਾ ਰੂਪ ਧਾਰਨ ਕੀਤਾ ਜਿਸ ਨੂੰ ਦੇਖ ਕੇ ਦੇਵਤੇ ਤੇ ਦਾਨਵ ਦੋਵੇਂ ਮੋਹਿਤ ਹੋ ਗਏ। ਉਦੋਂ ਵਿਸ਼ਨੂੰ ਜੀ ਨੇ ਦੇਵਤਿਆਂ ਤੇ ਦਾਨਵਾਂ ਨੂੰ ਅਲੱਗ-ਅਲੱਗ ਬਿਠਾਇਆ। ਇਸ ਦੌਰਾਨ ਇਕ ਦਾਨਵ ਨੂੰ ਇਸ ਚਾਲ 'ਤੇ ਸ਼ੱਕ ਹੋਣ ਲੱਗਿਆ। ਉਹ ਦਾਨਵ ਦੇਵਤਿਆਂ ਦੀ ਲਾਈਨ ਵਿਚ ਸਭ ਤੋਂ ਅੱਗੇ ਬੈਠ ਗਿਆ ਤੇ ਅੰਮ੍ਰਿਤ ਪਾਨ ਕਰਨ ਲੱਗਾ।

ਪਰ ਚੰਦਰਮਾ ਤੇ ਸੂਰਜ ਨੇ ਉਸ ਅਸੁਰ ਨੂੰ ਅਜਿਹਾ ਕਰਦੇ ਦੇਖ ਲਿਆ ਤੇ ਇਸ ਗੱਲ ਦੀ ਜਾਣਕਾਰੀ ਭਗਵਾਨ ਵਿਸ਼ਨੂੰ ਜੀ ਨੂੰ ਦਿੱਤੀ। ਇਹ ਜਾਣਨ ਤੋਂ ਬਾਅਦ ਵਿਸ਼ਨੂੰ ਜੀ ਨੇ ਆਪਣੇ ਸੁਦਰਸ਼ਨ ਚੱਕਰ ਨਾਲ ਉਸ ਅਸੁਰ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ, ਪਰ ਉਹ ਅੰਮ੍ਰਿਤ ਪਾਨ ਕਰ ਚੁੱਕਾ ਸੀ ਜਿਸ ਕਾਰਨ ਉਸ ਦੀ ਮੌਤ ਨਹੀਂ ਹੋਈ। ਇਸ ਅਸੁਰ ਦੇ ਸਿਰ ਵਾਲਾ ਹਿੱਸਾ ਰਾਹੂ ਤੇ ਧੜ ਵਾਲਾ ਹਿੱਸਾ ਕੇਤੂ ਦੇ ਨਾਂ ਨਾਲ ਜਾਣਿਆ ਗਿਆ। ਉਸ ਦੀ ਇਹ ਦਸ਼ਾ ਸੂਰਜ ਤੇ ਚੰਦਰਮਾ ਕਾਰਨ ਹੋਈ ਸੀ ਅਜਿਹੇ ਵਿਚ ਰਾਹੂ-ਕੇਤੂ ਨੇ ਦੋਵਾਂ ਨੂੰ ਆਪਣਾ ਦੁਸ਼ਮਣ ਮੰਨਿਆ। ਰਾਹੂ-ਕੇਤੂ ਪੁੰਨਿਆ ਵਾਲੇ ਦਿਨ ਚੰਦਰਮਾ ਤੇ ਮੱਸਿਆ ਵਾਲੇ ਦਿਨ ਸੂਰਜ ਨੂੰ ਖਾਣ ਦੀ ਕੋਸ਼ਿਸ਼ ਕਰਦੇ ਹਨ। ਜਦੋਂ ਉਹ ਸਫਲ ਨਹੀਂ ਹੁੰਦੇ ਤਾਂ ਇਸੇ ਨੂੰ ਗ੍ਰਹਿਣ ਕਿਹਾ ਜਾਂਦਾ ਹੈ। ਧਾਰਮਿਕ ਮਾਨਤਾ ਅਨੁਸਾਰ ਰਾਹੂ ਤੇ ਕੇਤੂ ਕਾਰਨ ਹੀ ਚੰਦਰ ਗ੍ਰਹਿਣ ਦੀ ਵੀ ਘਟਨਾ ਘਟਦੀ ਹੈ।


ਡਿਸਕਲੇਮਰ

ਇਸ ਲੇਖ ਵਿਚ ਸ਼ਾਮਲ ਕਿਸੇ ਵੀ ਜਾਣਕਾਰੀ/ਸਮੱਗਰੀ/ਗਣਨਾ ਦੀ ਸਟੀਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਗ/ਪ੍ਰਵਚਨਾਂ/ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਮਹਿਜ਼ ਸੂਚਨਾ ਪਹੁੰਚਾਉਣਾ ਹੈ, ਇਸ ਦੇ ਵਰਤੋਂਕਾਰ ਇਸ ਨੂੰ ਮਹਿਜ਼ ਜਾਣਕਾਰੀ ਸਮਝਣ। ਇਸ ਤੋਂ ਇਲਾਵਾ ਕਿਸੇ ਵੀ ਪ੍ਰਯੋਗ ਦੀ ਜ਼ਿੰਮੇਵਾਰੀ ਖ਼ੁਦ ਵਰਤੋਂਕਾਰ ਦੀ ਹੀ ਹੋਵੇਗੀ।


Posted By: Seema Anand