Surya Grahan 2021 : ਸਾਲ ਦਾ ਆਖਰੀ ਸੂਰਜ ਗ੍ਰਹਿਣ ਚਾਰ ਦਸੰਬਰ ਨੂੰ ਲੱਗਣ ਜਾ ਰਿਹਾ ਹੈ। ਸੂਰਜ ਗ੍ਰਹਿਣ ਤੇ ਸ਼ਨੀ ਮੱਸਿਆ ਦਾ ਸੰਯੋਗ ਬਣ ਰਿਹਾ ਹੈ। ਇਸ ਪੂਰਨ ਗ੍ਰਹਿਣ ਦਾ ਅਸਰ ਦੱਖਣੀ ਗੋਲਾਰਦ 'ਚ ਰਹੇਗਾ। ਸੂਰਜ ਗ੍ਰਹਿਣ ਭਾਰਤ ਸਮੇਤ ਦੁਨੀਆ ਦੇ ਕਈ ਹਿੱਸਿਆਂ 'ਚ ਦਿਖਾਈ ਨਹੀਂ ਦੇਵੇਗਾ। ਅੰਟਾਰਕਟਿਕਾ, ਦੱਖਣੀ ਅਮਰੀਕਾ, ਸਾਊਥ ਅਫ਼ਰੀਕਾ ਤੇ ਆਸਟ੍ਰੇਲੀਆ 'ਚ ਦੇਖਿਆ ਜਾ ਸਕਦਾ ਹੈ।

ਆਰੀਆਭੱਟ ਪ੍ਰੀਖਣ ਵਿਗਿਆਨ ਖੋਜ ਸੰਸਥਾਨ ਨੈਨੀਤਾਲ ਦੇ ਸੀਨੀਅਰ ਸੌਰ ਵਿਗਿਆਨੀ ਤੇ ਸਾਬਕਾ ਡਾਇਰੈਕਟਰ ਡਾ. ਵਹਾਬਉਦਦੀਨ ਦਾ ਕਹਿਣਾ ਹੈ ਕਿ ਸੂਰਜ ਧਰਤੀ ਤੋਂ 109 ਗੁਣਾ ਵੱਡਾ ਹੈ। ਜਦਕਿ ਚੰਦਰਮਾ ਦਾ ਵਿਆਸ ਧਰਤੀ ਦਾ ਇਕ ਚੌਥਾਈ ਹੈ। ਇਸ ਕਾਰਨ ਸੂਰਜ ਗ੍ਰਹਿਣ ਦੌਰਾਨ ਚੰਦਰਮਾ ਦੀ ਛਾਇਆ ਧਰਤੀ ਦੇ ਸੀਮਤ ਹਿੱਸੇ ਨੂੰ ਹੀ ਢਕ ਪਾਉਂਦੀ ਹੈ। 4 ਦਸੰਬਰ ਨੂੰ ਲੱਗਣ ਜਾ ਰਹੇ ਸੂਰਜ ਗ੍ਰਹਿਣ ਦੌਰਾਨ ਪਰਛਾਵਾਂ ਧਰਤੀ ਦੇ ਦੱਖਣੀ ਗੋਲਾਰਧ ਵਾਲੇ ਹਿੱਸੇ 'ਚ ਹੀ ਪਵੇਗਾ। ਇਸ ਲਈ ਇਸ ਦਾ ਪ੍ਰਭਾਵ ਉੱਤਰੀ ਗੋਲਾਰਧ 'ਚ ਨਹੀਂ ਦੇਖਿਆ ਜਾਵੇਗਾ। ਇਹ ਗ੍ਰਹਿਣ ਭਾਰਤੀ ਸਮੇਂ ਅਨੁਸਾਰ ਸਵੇਰੇ 10:59 'ਤੇ ਸ਼ੁਰੂ ਹੋਵੇਗਾ ਤੇ ਦੁਪਹਿਰ 1:03 'ਤੇ ਆਪਣੇ ਸਿਖਰ 'ਤੇ ਪਹੁੰਚੇਗਾ। ਦੁਪਹਿਰ 3:07 ਵਜੇ ਧਰਤੀ ਗ੍ਰਹਿਣ ਦੇ ਪਰਛਾਵੇਂ ਤੋਂ ਮੁਕਤ ਹੋ ਜਾਵੇਗੀ।

ਸਾਲ 2022 'ਚ ਲੱਗਣਗੇ ਚਾਰ ਗ੍ਰਹਿਣ

ਸਾਲ 2022 ਵਿੱਚ ਚਾਰ ਗ੍ਰਹਿਣ ਲੱਗਣਗੇ। ਦੋ ਸੂਰਜ ਗ੍ਰਹਿਣ ਤੇ ਦੋ ਚੰਦਰ ਗ੍ਰਹਿਣ। 30 ਅਪ੍ਰੈਲ ਨੂੰ ਅੰਸ਼ਕ ਸੂਰਜ ਗ੍ਰਹਿਣ ਤੇ 15 ਮਈ ਨੂੰ ਪੂਰਨ ਚੰਦਰ ਗ੍ਰਹਿਣ ਹੋਵੇਗਾ। ਦੂਜਾ ਸੂਰਜ ਗ੍ਰਹਿਣ 25 ਅਕਤੂਬਰ ਨੂੰ ਅੰਸ਼ਕ ਰਹੇਗਾ। 7 ਨਵੰਬਰ ਨੂੰ ਪੂਰਨ ਚੰਦਰ ਗ੍ਰਹਿਣ ਲੱਗੇਗਾ।

ਗ੍ਰਹਿਣ ਦੇਖਣ ਲਈ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

1. ਗਰਭਵਤੀ ਔਰਤਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣਾ ਚਾਹੀਦਾ। ਗ੍ਰਹਿਣ ਦੀ ਰੌਸ਼ਨੀ ਬੱਚੇ ਦੀ ਸਿਹਤ ਲਈ ਠੀਕ ਨਹੀਂ ਹੁੰਦੀ।

2. ਗ੍ਰਹਿਣ ਦੌਰਾਨ ਗਰਭਵਤੀ ਔਰਤਾਂ ਨੂੰ ਸੂਈ 'ਚ ਧਾਗਾ ਨਹੀਂ ਪਾਉਣਾ ਚਾਹੀਦਾ।

3. ਗ੍ਰਹਿਣ ਖਤਮ ਹੋਣ ਤੋਂ ਬਾਅਦ ਇਸ਼ਨਾਨ ਕਰੋ।

4. ਗ੍ਰਹਿਣ ਨੂੰ ਖੁੱਲ੍ਹੀਆਂ ਅੱਖਾਂ ਨਾਲ ਨਾ ਦੇਖੋ। ਇਸ ਨੂੰ ਦੂਰਬੀਨ ਜਾਂ ਐਨਕਾਂ ਰਾਹੀਂ ਦੇਖਿਆ ਜਾਣਾ ਚਾਹੀਦਾ ਹੈ।

5. ਗ੍ਰਹਿਣ ਦੌਰਾਨ ਭੋਜਨ ਨਾ ਕਰੋ। ਜੇਕਰ ਕੋਈ ਵਿਕਲਪ ਨਹੀਂ ਹੈ ਤਾਂ ਤੁਲਸੀ ਦੀਆਂ ਪੱਤੀਆਂ ਨੂੰ ਖਾਣੇ ਦੇ ਪਕਵਾਨਾਂ ਵਿੱਚ ਰੱਖੋ।

6. ਗ੍ਰਹਿਣ ਤੋਂ ਬਾਅਦ ਭੋਜਨ ਤੇ ਕੱਪੜੇ ਦਾਨ ਕਰਨਾ ਸ਼ੁਭ ਮੰਨਿਆ ਜਾਂਦਾ ਹੈ।

ਡਿਸਕਲੇਮਰ

ਇਸ ਲੇਖ ਵਿਚ ਦਿੱਤੀ ਗਈ ਜਾਣਕਾਰੀ/ਸਮੱਗਰੀ/ਗਣਨ ਦੀ ਪ੍ਰਮਾਣਿਕਤਾ ਜਾਂ ਭਰੋਸੇਯੋਗਤਾ ਦੀ ਗਾਰੰਟੀ ਨਹੀਂ ਹੈ। ਸੂਚਨਾ ਦੇ ਵੱਖ-ਵੱਖ ਮਾਧਿਅਮਾਂ/ਜੋਤਸ਼ੀਆਂ/ਪੰਚਾਂਗ/ਪ੍ਰਵਚਨਾਂ/ਧਾਰਮਿਕ ਮਾਨਤਾਵਾਂ/ਧਰਮ ਗ੍ਰੰਥਾਂ ਤੋਂ ਇਕੱਤਰ ਕਰ ਕੇ ਇਹ ਜਾਣਕਾਰੀ ਤੁਹਾਡੇ ਤਕ ਪਹੁੰਚਾਈ ਗਈ ਹੈ। ਸਾਡਾ ਉਦੇਸ਼ ਸਿਰਫ਼ ਸੂਚਨਾ ਪਹੁੰਚਾਉਣਾ ਹੈ, ਪਾਠਕ ਜਾਂ ਵਰਤੋਂਕਾਰ ਇਸ ਨੂੰ ਸਿਰਫ਼ ਸੂਚਨਾ ਸਮਝਣ। ਇਸ ਤੋਂ ਇਲਾਵਾ ਇਸ ਦੀ ਕਿਸੇ ਵੀ ਤਰ੍ਹਾਂ ਦੀ ਵਰਤੋਂ ਦੀ ਜ਼ਿੰਮੇਵਾਰੀ ਖ਼ੁਦ ਪਾਠਕ ਦੀ ਹੋਵੇਗੀ।

Posted By: Seema Anand