ਮਨ ਦੀ ਬਿਰਤੀ ਵਿਲੱਖਣ ਹੈ ਅਤੇ ਇਸ ਨੂੰ ਕਾਬੂ ਕਰਨਾ ਬੇਹੱਦ ਕਠਿਨ ਹੈ। ਮਨ ਅਸੀਮਿਤ ਊਰਜਾ ਦਾ ਕੇਂਦਰ ਹੈ ਅਤੇ ਮਨ ਹੀ ਥਕਾਵਟ ਅਤੇ ਆਲਸ ਨੂੰ ਜਨਮ ਦਿੰਦਾ ਹੈ। ਮਨ ਨੂੰ ਖ਼ੁਸ਼ ਰੱਖਣਾ ਚੁਣੌਤੀਪੂਰਨ ਹੈ। ਅਸੀਂ ਇਕ ਦਿਨ ਵਿਚ ਕਿੰਨੀ ਵਾਰ ਮਨ ਨੂੰ ਕੋਸਦੇ ਹਾਂ। ਸੋ ਮਨ ਦੀ ਮੁਸਕਰਾਹਟ ਲਾਜ਼ਮੀ ਹੈ। ਜੇ ਜੀਵਨ ਦੀਆਂ ਛੋਟੀਆਂ-ਵੱਡੀਆਂ ਸਮੱਸਿਆਵਾਂ ਵਿਚ ਅਸੀਂ ਹਾਂ-ਪੱਖੀ ਨਜ਼ਰੀਆ ਰੱਖੀਏ ਤਾਂ ਸਾਰੀਆਂ ਚਿੰਤਾਵਾਂ ਦੂਰ ਹੋ ਸਕਦੀਆਂ ਹਨ। ਸਾਨੂੰ ਹਰੇਕ ਪਲ ਦਾ ਭਰਪੂਰ ਆਨੰਦ ਲੈਣਾ ਚਾਹੀਦਾ ਹੈ। ਉਲਟ ਹਾਲਾਤ ਵਿਚ ਵੀ ਸੰਜਮ ਅਤੇ ਸ਼ਾਂਤੀ ਦਾ ਪੱਲਾ ਨਹੀਂ ਛੱਡਣਾ ਚਾਹੀਦਾ। ਮੁਸਕਰਾਹਟ ਦੈਵੀ ਗੁਣ ਅਤੇ ਕੁਦਰਤ ਦਾ ਤੋਹਫਾ ਹੈ ਅਤੇ ਇਹ ਜੀਵਨ ਦੀ ਇਕ ਅਜਿਹੀ ਕਲਾ ਹੈ ਜੋ ਪਰਸਪਰ ਪ੍ਰੇਮ ਵਿਚ ਵਾਧਾ ਕਰ ਕੇ ਦੂਰੀਆਂ ਨੂੰ ਮਿਟਾਉਂਦਾ ਹੈ। ਡਗਲਸ ਹਾਰਟਨ ਨੇ ਤਾਂ ਮੁਸਕਰਾਹਟ ਨੂੰ ਮੁਫ਼ਤ ਦਾ ਇਲਾਜ ਦੱਸਿਆ ਹੈ। ਆਮ ਤੌਰ 'ਤੇ ਜੀਵਨ ਵਿਚ ਸੰਤੁਸ਼ਟੀ ਦਾ ਭਾਵ ਸਾਨੂੰ ਮੁਸਕਰਾਉਣਾ ਸਿਖਾ ਸਕਦਾ ਹੈ। ਅਕਸਰ ਲੋਭ ਅਤੇ ਨਫਰਤ ਦੇ ਵੇਗ ਵਿਚ ਅਸੀਂ ਮਨੁੱਖੀ ਸੁਭਾਅ ਦੇ ਵਿਰੁੱਧ ਕੰਮ ਕਰ ਬੈਠਦੇ ਹਾਂ। ਨਫਰਤ ਵਿਅਕਤੀ ਨੂੰ ਸ਼ੈਤਾਨ ਬਣਾ ਦਿੰਦੀ ਹੈ ਜਦਕਿ ਮੁਸਕਾਨ ਪ੍ਰੇਮ ਦਾ ਮਾਰਗ ਪਕੇਰਾ ਕਰਦੀ ਹੈ। ਮੁਸਕਰਾਹਟ ਤਣਾਅ ਦੀ ਸਭ ਤੋਂ ਕਿਫਾਇਤੀ ਦਵਾਈ ਹੈ। ਇਸ ਲਈ ਸਾਨੂੰ ਸਦਾ ਮੁਸਕਰਾਉਂਦੇ ਰਹਿਣਾ ਚਾਹੀਦਾ ਹੈ। ਇਹ ਜ਼ਿੰਦਾਦਿਲੀ ਦਾ ਪ੍ਰਤੀਕ ਹੈ ਅਤੇ ਇਸ ਦੇ ਬਿਨਾਂ ਜੀਵਨ ਰੰਗਹੀਣ ਅਤੇ ਨੀਰਸ ਹੋ ਜਾਂਦਾ ਹੈ। ਇਹ ਜੀਵਨ ਦਾ ਅਸਲੀ ਸ਼ਿੰਗਾਰ ਹੈ। ਰਵਿੰਦਰਨਾਥ ਟੈਗੋਰ ਮੁਤਾਬਕ ਸੱਚੀ ਮੁਸਕਰਾਹਟ ਹੀ ਸੁੰਦਰਤਾ ਹੈ। ਮੁਸਕਰਾਹਟ ਤਾਂ ਮਿੱਠਾ ਬੋਲਣਾ, ਸ਼ੁਕਰਗੁਜ਼ਾਰੀ, ਹਾਂ-ਪੱਖੀ ਸੋਚ ਅਤੇ ਭਾਵਨਾਤਮਕਤਾ ਦਾ ਸੰਕੇਤ ਹੈ। ਮੁਸਕਰਾਹਟ ਸੀਨੇ ਵਿਚ ਠੰਢ ਪਾ ਦਿੰਦੀ ਹੈ ਅਤੇ ਇਸ ਵਿਚ ਦਿਲਾਂ ਨੂੰ ਖਿੱਚਣ ਦੀ ਅਦਭੁਤ ਸ਼ਕਤੀ ਹੈ। ਚਾਰਲੀ ਚੈਪਲਿਨ ਨੇ ਆਪਣੇ ਦੁੱਖ ਨੂੰ ਮੁਸਕਰਾਹਟ ਦੀ ਕਲਾ ਸਦਕਾ ਦੂਰ ਕੀਤਾ ਅਤੇ ਬੇਸ਼ੁਮਾਰ ਪ੍ਰਸਿੱਧੀ ਹਾਸਲ ਕੀਤੀ। ਇਸ ਲਈ ਸਾਡਾ ਜੀਵਨ ਵੀ ਖ਼ੁਸ਼ਹਾਲ ਹੋ ਸਕਦਾ ਹੈ ਜੇ ਅਸੀਂ ਮੁਸਕਰਾਉਣਾ ਸਿੱਖ ਲਈਏ। ਵਿਗਿਆਨ ਸਾਨੂੰ ਸੋਚਣਾ ਸਿਖਾਉਂਦੀ ਹੈ ਪਰ ਪ੍ਰੇਮ ਸਾਨੂੰ ਮੁਸਕਰਾਹਟ ਦਾ ਅਹਿਸਾਸ ਕਰਵਾਉਂਦਾ ਹੈ। ਮੁਸਕਰਾਉਂਦੇ ਚਿਹਰਿਆਂ ਦੀ ਦੁਨੀਆ ਕਾਇਲ ਹੁੰਦੀ ਹੈ। ਸਾਨੂੰ ਦੁੱਖ ਅਤੇ ਪਰੇਸ਼ਾਨੀ ਵਿਚ ਮੁਸਕਰਾਹਟ ਨੂੰ ਗੁਆਚਣ ਨਹੀਂ ਦੇਣਾ ਚਾਹੀਦਾ ਕਿਉਂਕਿ ਇਹੀ ਉਹ ਚਾਬੀ ਹੈ ਜਿਸ ਨਾਲ ਕਿਸਮਤ ਦਾ ਤਾਲਾ ਖੁੱਲ੍ਹਦਾ ਹੈ।-ਦੇਵੇਂਦਰ ਰਾਜ ਸੁਥਾਰ।

Posted By: Jagjit Singh