ਸੇਵਾ ਤੇ ਸਿਮਰਨ ਸਿੱਖ ਧਰਮ ਦੇ ਦੋ ਬੁਨਿਆਦੀ ਪਹਿਲੂ ਹਨ, ਖ਼ਾਸ ਕਰਕੇ ਸੇਵਾ ਅਜਿਹਾ ਗੁਣ ਹੈ, ਜੋ ਕਿਸੇ ਸ਼ਖ਼ਸ ਨੂੰ ਸਮਾਜ ਸਬੰਧੀ ਪ੍ਰਤਿਬੱਧਤਾ ਪ੍ਰਗਟਾਉਣ ਤੋਂ ਇਲਾਵਾ ਮਨੁੱਖਤਾ ਨਾਲ ਸਾਂਝ ਸਥਾਪਿਤ ਕਰਨ 'ਚ ਸਹਾਈ ਹੁੰਦਾ ਹੈ। ਸੇਵਾ ਦੇ ਇਸ ਸੰਕਲਪ ਨੂੰ ਸੰਸਾਰ |ਚ ਵਸਦੇ ਲੋਕਾਂ ਤਕ ਪਹੁੰਚਾਣ ਲਈ ਹੋਂਦ 'ਚ ਆਈ ਸੰਸਥਾ ਸਿੱਖ ਕੌਂਸਲ ਆਫ ਸਕਾਟਲੈਂਡ ਪਿਛਲੇ ਲੰਬੇ ਸਮੇਂ ਤੋਂ ਸੁਹਿਰਦਤਾ ਨਾਲ ਸੇਵਾ ਕਾਰਜਾਂ ਵਿਚ ਜੁਟੀ ਹੋਈ ਹੈ।

ਸਿੱਖ ਕੌਂਸਲ ਆਫ ਸਕਾਟਲੈਂਡ ਦੇ ਉਦਮੀ ਵੀਰਾਂ ਸੁਲੱਖਣ ਸਿੰਘ, ਗੁਰਦੀਪ ਸਿੰਘ ਸਮਰਾ ਦੀ ਅਗਵਾਈ ਹੇਠ ਸੰਸਥਾ ਦੇ ਮੈਂਬਰਾਂ ਵੱਲੋਂ ਕਈ ਅਹਿਮ ਕਾਰਜ ਕੀਤੇ ਜਾ ਰਹੇ ਹਨ। ਇਹ ਸੰਸਥਾ ਭਾਰਤ ਦੇ ਵੱਖ-ਵੱਖ ਸੂਬਿਆਂ 'ਚ ਵੱਸਦੇ ਸਿਕਲੀਗਰ ਤੇ ਵਣਜਾਰਿਆਂ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਨ, ਅਨਪੜ੍ਹਤਾ ਦੇ ਹਨੇਰੇ 'ਚੋ ਕੱਢ ਕੇ ਸਮੇਂ ਦੇ ਹਾਣੀ ਬਣਾਉਣ ਤੇ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਉਣ ਤੋਂ ਇਲਾਵਾ ਭੁੱਲੇ ਵਿਸਰੇ ਗੁਰੂ ਨਾਨਕ ਨਾਮ ਲੇਵਾ ਸਿਕਲੀਗਰ ਤੇ ਵਣਜਾਰੇ ਵੀਰਾਂ ਨੂੰ ਆਪਣੇ ਕਲਾਵੇ ਵਿਚ ਲੈਣ ਲਈ ਯਤਨਸ਼ੀਲ ਹੈ।

ਸਿੱਖ ਕੌਂਸਲ ਦੇ ਉੱਦਮੀ ਗੁਰਸਿੱਖ ਵੀਰਾਂ ਨੇ ਸਿਕਲੀਗਰ ਤੇ ਵਣਜਾਰੇ ਸਿੱਖਾਂ ਦੇ ਬੱਚਿਆ ਨੂੰ ਨਿਸ਼ਕਾਮ ਰੂਪ 'ਚ ਮਿਆਰੀ ਸਿੱਖਿਆ ਦਿਵਾਉਣ ਦਾ ਬੀੜਾ ਚੁੱਕਦਿਆਂ ਹੈ। ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਆਂਧਰਾ ਪ੍ਰਦੇਸ਼ ਦੇ 250 ਬੱਚਿਆਂ ਨੂੰ ਅਡਾਪਟ ਕੀਤਾ ਹੈ। ਇਸ ਦੇ ਨਾਲ-ਨਾਲ ਸਿਕਲੀਗਰ ਤੇ ਵਣਜਾਰਿਆਂ ਨੂੰ ਮੁੜ ਪੰਥ ਦੀ ਮੂਲਧਾਰਾ ਨਾਲ ਜੋੜਨ, ਉਨ੍ਹਾਂ ਦਾ ਜੀਵਨ ਪੱਧਰ ਉੱਚਾ ਚੁੱਕਣ, ਉਨ੍ਹਾਂ ਦੇ ਬੱਚਿਆ ਨੂੰ ਉੱਚ ਪੱਧਰ ਦੀ ਸਿੱਖਿਆ ਦਿਵਾਉਣ ਵਰਗੇ ਅਹਿਮ ਕਾਰਜ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਜਾ ਰਹੇ ਹਨ। ਸੰਸਥਾ ਦਾ ਮੁੱਖ ਨਿਸ਼ਾਨਾ ਹੈ ਕਿ ਸਿਕਲੀਗਰ, ਵਣਜਾਰਿਆ, ਸਤਿਨਾਮੀਏ, ਜੌਹਰੀ, ਆਸਾਮੀ, ਬਿਹਾਰੀ, ਥਾਰੂ, ਲਾਮੇ ਸਿੰਧੀ ਤੇ ਹੋਰ ਗੁਰੂ ਨਾਨਕ ਨਾਮਲੇਵਾ ਸਿੱਖਾਂ ਨੂੰ ਗਲਵਕੜੀ ਵਿਚ ਲੈ ਕੇ ਗੁਰੂ ਸਾਹਿਬਾਨ ਵੱਲੋਂ ਲਗਾਈ ਗਈ ਸਿੱਖੀ ਦੀ ਫੁਲਵਾੜੀ ਨੂੰ ਹੋਰ ਮਹਿਕਾਇਆ ਤੇ ਵਧਾਇਆ ਜਾਵੇ ਤੇ ਕੌਮ ਦੇ ਭੁੱਲੇ ਵਿੱਸਰੇ ਵੀਰਾਂ ਨੂੰ ਗ਼ੁਰਬਤ ਭਰੀ ਜ਼ਿੰਦਗੀ 'ਚੋ ਕੱਢ ਕੇ ਸਮੇਂ ਦੇ ਹਾਣੀ ਬਣਾਇਆ ਜਾਵੇ।

ਇਸ ਮਿਸ਼ਨ ਦੀ ਪ੍ਰਾਪਤੀ ਹਿੱਤ ਸਿੱਖ ਕੌਂਸਲ ਆਫ ਸਕਾਟਲੈਂਡ ਵੱਲੋਂ ਮੱਧ ਪ੍ਰਦੇਸ਼ ਦੀਆਂ ਬਸਤੀਆਂ ਤੇ ਪਾਚੋਰੀ, ਖਕਨਾਰ, ਮਲਕਾਪੁਰ, ਖਰਗੋਨ, ਕਾਜਲਪੁਰਾ, ਸਿੰਗਨੂਰ ਆਦਿ ਪਿੰਡਾਂ ਤੋਂ 350 ਬੱਚਿਆ ਨੂੰ ਅਪਣਾ ਕੇ ਉਨ੍ਹਾਂ ਨੂੰ ਪਹਿਲੀ ਕਲਾਸ ਤੋਂ ਲੈ ਕੇ ਕਾਲਜ ਪੱਧਰ ਤਕ ਦੀ ਵਿੱਦਿਆ ਦਿਵਾਉਣ ਦਾ ਕਾਰਜ ਆਰੰਭਿਆ ਗਿਆ ਹੈ।

ਕੌਂਸਲ ਵੱਲੋਂ ਜਲਦੀ ਹੀ 100 ਹੋਰ ਬੱਚਿਆਂ ਨੂੰ ਵੀ ਮਿਆਰੀ ਵਿੱਦਿਆ ਦਿਵਾਉਣ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਸਿਕਲੀਗਰਾਂ ਦੀਆਂ ਬੱਚੀਆਂ ਨੂੰ ਸਿਲਾਈ-ਕਢਾਈ ਦੀ ਸਿਖਲਾਈ ਦੇਣ ਲਈ ਕੌਂਸਲ ਵੱਲੋਂ ਪਡਾਂਲੀ, ਬੜਵਾਹਾ ਤੇ ਪੰਡੂਰਨਾ ਵਿਖੇ ਖੋਲ੍ਹੇ ਗਏ ਤਿੰਨ ਸਿਲਾਈ ਸੈਂਟਰਾਂ ਦਾ ਵੀ ਵਿਸਥਾਰ ਕੀਤਾ ਗਿਆ ਹੈ। ਕੌਂਸਲ ਵੱਲੋਂ ਸਮੂਹ ਸਿੱਖ ਸੰਗਤਾ, ਸੰਸਥਾਵਾਂ ਤੇ ਜੱਥੇਬੰਦੀਆ ਨੂੰ ਗ਼ੁਰਬਤ ਭਰੀ ਜ਼ਿੰਦਗੀ ਬਸਰ ਕਰ ਰਹੇ ਇਨ੍ਹਾਂ ਸਿੱਖਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਲਈ ਇਕਜੁਟ ਹੋ ਕੇ ਹੰਭਲਾ ਮਾਰਨ ਦੀ ਅਪੀਲ ਕੀਤੀ ਹੈ। ਸੰਸਥਾ ਦਾ ਮੰਨਣਾ ਹੈ ਕਿ ਸਿੱਖ ਧਰਮ ਦੇ ਮੋਢੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਉਣ ਵਾਲਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣਾ ਤਦ ਹੀ ਸਾਰਥਕ ਸਿੱਧ ਹੋ ਸਕਦਾ ਹੈ ਜੇ ਅਸੀਂ ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਣ 'ਚ ਫਖ਼ਰ ਮਹਿਸੂਸ ਕਰਨ ਵਾਲੇ ਸਿਕਲੀਗਰਾਂ, ਵਣਜਾਰਿਆ ਤੇ ਹੋਰ ਗੁਰੂ ਨਾਨਕ ਨਾਮ ਲੇਵਾ ਕਬੀਲਿਆਂ ਦੇ ਵਿਅਕਤੀਆਂ ਨੂੰ ਆਪਣੇ ਕਲਾਵੇ 'ਚ ਲੈ ਕੇ ਸੱਚੇ ਦਿਲੋਂ ਉਨ੍ਹਾਂ ਦੀ ਮਦਦ ਕਰ ਸਕੀਏ।

- ਆਰਐੱਸ ਖ਼ਾਲਸਾ

84372-00728

Posted By: Harjinder Sodhi