ਕਿਸੇ ਵੀ ਸਭਿਅਕ ਤੇ ਅਗਾਂਹਵਧੂ ਸਮਾਜ ਦੀ ਇਹ ਬੁਨਿਆਦੀ ਪਛਾਣ ਹੁੰਦੀ ਹੈ ਕਿ ਉੱਥੇ ਸਧਾਰਨ ਤੇ ਵਿਵਾਦਪੂਰਣ ਮੁੱਦਿਆਂ ਅਤੇ ਸਮੱਸਿਆਵਾਂ ਉੱਪਰ ਸਮਾਜ ਦਾ ਬੁੱਧੀਜੀਵੀ ਵਰਗ ਸੁਲਝੇ ਤੇ ਵਿਦਵਤਾ ਭਰਪੂਰ ਢੰਗ ਨਾਲ ਵਿਚਾਰਾਂ ਦੇ ਆਦਾਨ-ਪ੍ਰਦਾਨ ਰਾਹੀਂ ਕਿਸੇ ਸਰਵਪ੍ਰਵਾਨਤ ਨਤੀਜੇ ਉੱਪਰ ਪਹੁੰਚਣ ਦਾ ਯਤਨ ਕਰਦਾ ਹੈ। ਅਜਿਹੇ ਸਮਾਜ ਵਿਚ ਪੇਚੀਦਾ ਮੁੱਦਿਆਂ ਬਾਰੇ ਹੁਲੜਬਾਜ਼ ਤੇ ਗਿਆਨ ਤੋਂ ਸੱਖਣੇ ਲੋਕ ਨਿਰਣੇ ਨਹੀਂ ਲੈਂਦੇ, ਸਗੋਂ ਸਮਾਜ ਦੇ ਰੋਸ਼ਨ ਦਿਮਾਗ, ਦੂਰਅੰਦੇਸ਼ ਤੇ ਸੰਜੀਦਾ ਸੋਚ ਰੱਖਣ ਵਾਲੇ ਚਿੰਤਕ ਸਮਾਜ ਨੂੰ ਨਵੀਂ ਤੇ ਸਕਾਰਤਮਕ ਸੇਧ ਦੇਣ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ। ਅਜਿਹੇ ਸਮਾਜ ਦੀ ਕਲਪਨਾ ਤੇ ਸਿਰਜਣਾ ਦੇ ਕਾਰਜ ਨੂੰ ਨਿਭਾਉਣ ਵਿਚ ਸਿੱਖ ਧਰਮ ਦੇ ਬਾਨੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਵਡਮੁੱਲੀ ਅਤੇ ਕ੍ਰਾਂਤੀਕਾਰੀ ਭੂਮਿਕਾ ਨਿਭਾਈ ਹੈ।

ਇਕੋ-ਇਕ ਪਰਮਾਤਮਾ ਵਿਚ ਵਿਸ਼ਵਾਸ ਰੱਖਣ, ਸਭਨਾਂ ਵਿਚ ਉਸ ਇਕੋ-ਇਕ ਇਲਾਹੀ ਜੋਤ ਦੇ ਦੀਦਾਰ ਕਰਨ ਅਤੇ ਸੱਚ ਦੇ ਨਾਲੋਂ ਸੱਚਾਈ ਤੇ ਨੇਕੀ ਦੇ ਰਾਹ ਉੱਪਰ ਚੱਲਣ ਦੀ ਸਿੱਖਿਆ ਦਿੰਦੇ ਹੋਏ ਸਮਦਰਸ਼ੀ ਜਗਤ ਗੁਰੂ ਨਾਨਕ ਦੇਵ ਜੀ ਨੇ 15ਵੀਂ ਅਤੇ 16ਵੀਂ ਸਦੀ ਵਿਚ ਰਾਜਨੀਤਿਕ ਨਿਰਕੁੰਸ਼ਤਾ, ਨਸਲੀ ਵਿਤਕਰਿਆਂ, ਮਜ਼ਹਬੀ ਜਨੂੰਨ ਤੇ ਅਸਹਿਣਸ਼ੀਲਤਾ, ਸਮਾਜਿਕ ਅਨਿਆਂ ਤੇ ਆਰਥਿਕ ਲੁੱਟ ਦੇ ਖ਼ਿਲਾਫ਼ ਕ੍ਰਾਂਤੀਕਾਰੀ ਤੇ ਯੁੱਗ ਪਲਟਾਊ ਆਵਾਜ਼ ਬੁਲੰਦ ਕਰਦੇ ਹੋਏ ਮਨੁੱਖੀ ਏਕਤਾ, ਸੁਤੰਤਰਤਾ, ਸਮਾਨਤਾ, ਨਿਆਂ, ਭਰਾਤਰੀਭਾਵ, ਸ਼ਾਂਤਮਈ ਸਹਿਹੋਂਦ ਵਰਗੇ ਸਿਧਾਂਤਾਂ ਅਤੇ ਲੋਕਤੰਤਰੀ ਕਦਰਾਂ-ਕੀਮਤਾਂ 'ਤੇ ਆਧਾਰਿਤ ਸਿੱਖ ਬੌਧਿਕ ਪਰੰਪਰਾ ਦੀ ਨੀਂਹ ਰੱਖੀ।

ਗੁਰੂ ਸਾਹਿਬ ਨੇ ਸਮਾਜ ਵਿਚ ਕਲਮ, ਵਿਦਵਤਾ, ਚਿੰਤਨ ਅਤੇ ਚਿੰਤਕ ਨੂੰ ਆਪਣੇ ਸਮੇਂ ਦੇ ਲੋੜੀਂਦੇ ਸਰੋਕਾਰਾਂ ਨਾਲ ਜੁੜਣ ਤੇ ਉਨ੍ਹਾਂ ਪਰਿਸਥਿਤੀਆਂ ਵਿਚ ਸਾਰਥਕ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕੀਤਾ। ਸਮਕਾਲੀ ਪਰਿਸਥਿਤੀਆਂ ਦੇ ਮੱਦੇਨਜ਼ਰ ਜੇ ਗਹੁ ਨਾਲ ਵੇਖਿਆ ਜਾਵੇ ਤਾਂ ਇਹ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਜਿਨ੍ਹਾਂ ਸਿਧਾਂਤਾਂ ਅਤੇ ਸੰਕਲਪਾਂ ਉੱਪਰ ਆਧਾਰਿਤ ਗੁਰੂ ਨਾਨਕ ਦੇਵ ਜੀ ਨੇ ਸਿੱਖ ਬੌਧਿਕ ਪਰੰਪਰਾ ਦੀ ਨੀਂਹ ਰੱਖੀ, ਉਹ ਸਿਧਾਂਤ ਜਾਂ ਸੰਕਲਪ ਸਾਡੀਆਂ ਮੌਜੂਦਾ ਸਮੱਸਿਆਵਾਂ ਦੇ ਹੱਲ ਲਈ ਬੇਹੱਦ ਤਰਕਸੰਗਤ ਤੇ ਸਾਰਥਕ ਹਨ। ਧਾਰਮਿਕ ਕੱਟੜਤਾ, ਨਸਲੀ ਤੇ ਸੱਭਿਆਚਾਰਕ ਵਿਤਕਰੇ, ਫ਼ਿਰਕੂ ਤਣਾਅ, ਮਨੁੱਖੀ ਅਧਿਕਾਰਾਂ ਦੀ ਉਲੰਘਣਾ, ਅਣਸੁਖਾਵੇਂ ਮਨੁੱਖੀ ਸਬੰਧ, ਦਮਨਕਾਰੀ ਢੰਗਾਂ ਨਾਲ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਪਰ ਰੋਕ ਆਦਿ ਸਮਕਾਲੀ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਗੁਰੂ ਨਾਨਕ ਸਾਹਿਬ ਵੱਲੋਂ ਸਥਾਪਿਤ ਬੌਧਿਕ ਪਰੰਪਰਾ ਦੇ ਸਰਬਵਿਆਪੀ ਸਰੋਕਾਰਾਂ ਦੀ ਸਹੀ ਨਿਸ਼ਾਨਦੇਹੀ ਕਰਨਾ ਅੱਜ ਦੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਅਜੋਕੇ ਸਮੇਂ ਵਿਚ ਗੁਰੂ ਨਾਨਕ ਦੇਵ ਜੀ ਦੀ ਅਜ਼ੀਮੋਸ਼ਾਨ ਅਜ਼ਮਤ ਨੂੰ ਸਮਝਣ ਲਈ ਸਮੁੱਚੀ ਮਨੁੱਖ ਜਾਤੀ ਨੂੰ ਭੂਗੋਲਿਕ, ਨਸਲੀ, ਭਾਸ਼ਾਈ, ਧਾਰਮਿਕ, ਜਾਤੀ ਜਾਂ ਸੱਭਿਆਚਾਰਕ ਸਮੀਕਰਨਾਂ ਦੀ ਸੰਕੀਰਣਤਾ ਤੋਂ ਮੁਕਤ ਹੋ ਕੇ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਅਤੇ ਫ਼ਲਸਫ਼ੇ ਨੂੰ ਘਰ-ਘਰ ਪਹੁੰਚਾਉਣ ਦੀ ਜ਼ਰੂਰਤ ਹੈ। ਬਦਕਿਸਮਤੀ ਨਾਲ ਗੁਰੂ ਨਾਨਕ ਸਾਹਿਬ ਦੇ ਸਰਬਵਿਆਪੀ ਤੇ ਇਲਾਹੀ ਸੰਦੇਸ਼ ਨੂੰ ਕਿਸੇ ਇਕ ਵਿਸ਼ੇਸ਼ ਖਿੱਤੇ, ਭਾਸ਼ਾ, ਸੱਭਿਆਚਾਰ ਜਾਂ ਧਾਰਮਿਕ ਸਮੂਹ ਤਕ ਮਹਿਦੂਦ ਕਰਨ ਜਾਂ ਸਮਝਣ ਦੀ ਭੁੱਲ ਕਾਰਨ ਹੀ ਅਸੀਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਸੰਸਾਰ ਦੇ ਹਰ ਹਿੱਸੇ ਤਕ ਪਹੁੰਚਾਉਣ 'ਚ ਅਸਫਲ ਰਹੇ ਹਾਂ। ਅਸੀਂ ਅਗਿਆਨਤਾ ਤੇ ਮਾਨਸਿਕ ਸੰਕਰੀਣਤਾ ਦੇ ਪ੍ਰਭਾਵ ਹੇਠ ਇਹ ਸਮਝਣ ਤੋਂ ਅਸਮਰੱਥ ਰਹੇ ਹਾਂ ਕਿ ਆਫ਼ਤਾਬ ਦੀ ਰੋਸ਼ਨੀ, ਸਮੁੰਦਰ ਦੀਆਂ ਲਹਿਰਾਂ ਤੇ ਵਹਿੰਦੀਆਂ ਪੌਣਾਂ ਦੇ ਪ੍ਰਸਾਰ ਨੂੰ ਰੋਕਣ ਦਾ ਯਤਨ ਕਰਨਾ ਆਪਣੇ ਆਪ ਵਿਚ ਇਕ ਗੁਨਾਹ-ਏ-ਅਜ਼ੀਮ ਹੁੰਦਾ ਹੈ। ਕੁਝ ਅਜਿਹਾ ਹੀ ਗੁਨਾਹ ਅਸੀਂ ਗੁਰੂ ਨਾਨਕ ਸਾਹਿਬ ਦੀ ਸਿੱਖ ਬੌਧਿਕ ਪਰੰਪਰਾ ਨੂੰ ਧਰਮ, ਭਾਸ਼ਾ, ਜਾਤ, ਰੰਗ, ਨਸਲ, ਖਿੱਤੇ ਤੇ ਫਿਰਕੇ ਨਾਲ ਜੋੜ ਕੇ ਕੀਤਾ ਹੈ।

ਕਦੇ ਬੇਧਿਆਨੀ, ਕਦੇ ਬੇਸਮਝੀ ਤੇ ਕਦੇ ਜਾਣਬੁੱਝ ਕੇ ਅਸੀਂ ਇਹ ਭੁੱਲ ਹੀ ਗਏ ਕਿ ਸੱਚੇ ਅਰਥਾਂ ਵਿਚ ਗੁਰੂ ਨਾਨਕ ਦੇਵ ਜੀ ਦਾ ਸਿੱਖ ਤਾਂ ਆਪਣੀ ਸਾਰੀ ਹਯਾਤੀ ਸੱਚ ਦੀ ਖੋਜ ਨੂੰ ਸਮਰਪਿਤ ਕਰਦਾ ਹੋਇਆ ਗੁਰੂ ਦੀ ਰਜ਼ਾ ਵਿਚ ਤੁਰਦਾ ਹੋਇਆ ਇਕ ਜਗਿਆਸੂ ਦੀ ਤਰ੍ਹਾਂ ਗਿਆਨ ਦੀਆਂ ਡੂੰਘੀਆਂ ਰਮਜ਼ਾਂ ਨੂੰ ਸਮਝਣ ਤੇ ਆਪਣੇ ਆਸ-ਪਾਸ ਦੇ ਲੋਕਾਂ ਵਿਚ ਗਿਆਨ ਵੰਡਣ ਵਿਚ ਵਿਸਮਾਦੀ ਆਨੰਦ ਭਾਲਦਾ ਹੋਇਆ, ਅਗਿਆਨਤਾ ਦੇ ਅੰਧਕਾਰ ਨੂੰ ਮਿਟਾਉਣ ਦਾ ਉਪਰਾਲਾ ਕਰਦਾ ਹੈ। ਸਾਨੂੰ ਇਹ ਯਾਦ ਹੀ ਨਹੀਂ ਰਿਹਾ ਕਿ ਗੁਰੂ ਸਾਹਿਬ ਦੇ ਦੱਸੇ ਰਾਹ ਉੱਪਰ ਚੱਲਦਾ ਹੋਇਆ ਸੱਚਾ ਸਿੱਖ ਸ਼ਬਦ ਗੁਰੂ ਨਾਲ ਜੁੜ ਕੇ, ਸੰਵਾਦ ਰਚਾਉਣ ਦੀ ਪ੍ਰਕਿਰਿਆ ਵਿਚੋਂ ਗੁਜ਼ਰ ਕੇ ਦਲੀਲ ਨਾਲ ਆਪਣਾ ਮੱਤ ਰੱਖਦਾ, ਸ਼ਾਂਤ ਚਿਤ ਹੋ ਕੇ ਦੂਸਰਿਆਂ ਦੇ ਮੱਤ ਦਾ ਸਤਿਕਾਰ ਕਰਦਾ ਹੋਇਆ ਸੁਣਦਾ, ਸਵੀਕਾਰ ਕਰਦਾ ਤੇ ਵਿਰੋਧ ਦੀ ਸੂਰਤ ਵਿਚ ਵੀ ਗੁਰਮਤਿ ਅਨੁਸਾਰ ਸ਼ਬਦ ਗੁਰੂ ਦੇ ਲੜ ਲਗ ਕੇ ਤਰਕ ਪੂਰਨ ਢੰਗ ਨਾਲ ਪੂਰੀ ਦ੍ਰਿੜਤਾ ਨਾਲ ਵਿਰੋਧੀ ਮੱਤ ਦਾ ਸਨਮਾਨ ਕਰਦੇ ਹੋਏ ਆਪਣੇ ਪੱਖ ਨੂੰ ਪੇਸ਼ ਕਰਨ ਦਾ ਯਤਨ ਕਰਦਾ ਹੈ। ਗੁਰੂ ਨਾਨਕ ਦੇਵ ਜੀ ਦਾ ਸਿੱਖ ਸਮਾਜ ਵਿਚ ਪਾਏ ਜਾਣ ਵਾਲੇ ਵਖਰੇਵਿਆਂ, ਬਹੁਲਤਾ, ਵੰਨ-ਸੁਵੰਨਤਾ ਅਤੇ ਅਨੇਕਤਾ ਨੂੰ ਦੇਖ ਕੇ ਤਿਲਮਿਲਾਉਂਦਾ ਨਹੀਂ, ਸਗੋਂ ਇਨ੍ਹਾਂ ਭਿੰਨਤਾਵਾਂ ਵਿਚ ਵੀ ਨਿਰੰਕਾਰ ਨੂੰ ਰੰਮਿਆ ਹੋਇਆ ਮਹਿਸੂਸ ਕਰਦਾ ਹੈ।

ਸਿੱਖ ਬੌਧਿਕ ਪਰੰਪਰਾ ਦਾ ਆਪਣਾ ਇਕ ਵਿਲੱਖਣ ਵਜੂਦ, ਗੌਰਵਮਈ ਪਿਛੋਕੜ ਤੇ ਸੁਨਹਿਰੀ ਸਿਧਾਂਤ ਰਹੇ ਹਨ। ਗੁਰੂ ਸਾਹਿਬ ਨੇ ਆਪਣੇ ਸਮੇਂ ਦੀਆਂ ਵੱਖ-ਵੱਖ ਗਿਆਨ ਪਰੰਪਰਾਵਾਂ ਦੇ ਨੁਮਾਇੰਦਿਆਂ ਨਾਲ ਸੰਵਾਦ ਰਚਾਇਆ, ਗਿਆਨਵਾਨ ਹੋਣ ਦਾ ਢੋਂਗ ਰਚਣ ਵਾਲਿਆਂ ਤੇ ਆਪਣੇ ਗਿਆਨ ਦੀ ਹਊਮੈ ਵਿਚ ਮਦਮਸਤ ਹੋਏ ਅਖੌਤੀ ਬ੍ਰਾਹਮਣਾਂ, ਪੰਡਿਤਾਂ, ਜੋਗੀਆਂ ਤੇ ਮੌਲਵੀਆਂ ਨੂੰ ਗਿਆਨ ਦੀ ਹਊਮੈ ਦੇ ਰਾਹ ਨੂੰ ਤਿਆਗਣ ਲਈ ਪ੍ਰੇਰਿਤ ਕੀਤਾ। ਇਤਿਹਾਸ ਗਵਾਹ ਹੈ ਕਿ ਸਿੱਖ ਗੁਰੂ ਸਾਹਿਬਾਨ ਤੇ ਉਨ੍ਹਾਂ ਦੇ ਅਨਿਨ ਸੇਵਕਾਂ ਨੇ ਸ਼ਾਂਤੀ ਦੇ ਸਮੇਂ ਸ਼ਬਦ, ਕੀਰਤਨ, ਗਿਆਨ, ਤਰਕ ਤੇ ਯੁੱਧ ਸਮੇਂ ਤਲਵਾਰ ਰਾਹੀਂ ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਲਈ ਬੇਮਿਸਾਲ ਸੰਘਰਸ਼ ਕੀਤਾ ਹੈ।

ਜੇਕਰ ਗਹੁ ਨਾਲ ਦੇਖਿਆ ਜਾਵੇ ਤਾਂ ਸਿੱਖ ਗੁਰੂ ਸਾਹਿਬਾਨ ਨੇ ਕਦੇ ਵੀ ਆਪਣੇ ਪ੍ਰਭਾਵ ਖੇਤਰ ਨੂੰ ਵਸੀਹ ਕਰਨ, ਆਪਣੀ ਹਕੂਮਤ ਸਥਾਪਤ ਕਰਨ ਜਾਂ ਕਿਸੇ ਖਿੱਤੇ ਨੂੰ ਫ਼ਤਹਿ ਕਰਨ ਜਾਂ ਕਿਸੇ ਨੂੰ ਆਪਣਾ ਧਰਮ ਬਦਲਣ ਲਈ ਮਜਬੂਰ ਕਰਨ ਲਈ ਜੰਗ ਨਹੀਂ ਲੜੀ। ਗੁਰੂ ਸਾਹਿਬਾਨ ਨੇ ਬੌਧਿਕ ਪੱਧਰ 'ਤੇ ਕਲਮ ਦੇ ਸਹਾਰੇ ਸਹਿਜ ਅਵਸਥਾ ਵਿਚ ਰਹਿਣ, ਚੜ੍ਹਦੀ ਕਲਾ ਵਿਚ ਵਿਚਰਨ ਤੇ ਸਮੇਂ ਦੀ ਵੰਗਾਰ ਦਾ ਜਵਾਬ ਦੇਣ ਦੇ ਮਕਸਦ ਨਾਲ ਇਨਸਾਨ ਨੂੰ ਆਪਣੇ ਵਿਚਾਰਾਂ ਦੀ ਸ਼ਕਤੀ ਜਾਂ ਬੌਧਿਕਤਾ ਦੇ ਸਹਾਰੇ ਵਿਰੋਧੀਆਂ ਦੇ ਹੌਸਲਿਆਂ ਨੂੰ ਪਸਤ ਕਰਨ ਦਾ ਹੁਨਰ ਸਿਖਾਇਆ। ਸਿੱਖ ਬੌਧਿਕ ਪਰੰਪਰਾ ਵਿਚ ਇਕ ਪਾਸੇ ਸਿੱਧ ਗੋਸਟਿ ਰਾਹੀਂ ਗੁਰੂ ਨਾਨਕ ਸਾਹਿਬ ਜਿੱਥੇ ਸਮਾਜ ਵਿਚ ਗਿਆਨਵਾਨ ਸਮਝੇ ਜਾਣ ਵਾਲੇ ਜੋਗੀਆਂ ਨੂੰ ਧਰਮ ਦੇ ਅਸਲ ਅਰਥ ਸਮਝਾਉਂਦੇ ਹੋਏ ਉਨ੍ਹਾਂ ਨੂੰ ਸਮਾਜ ਪ੍ਰਤੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ, ਉੱਥੇ ਦੂਸਰੇ ਪਾਸੇ ਇਸ ਬੌਧਿਕ ਪਰੰਪਰਾ ਵਿਚ ਸਾਨੂੰ ਬਾਣੀ ਅਤੇ ਬਾਣੇ ਦਾ ਸੁਮੇਲ ਵੀ ਦਿਖਾਈ ਦਿੰਦਾ ਹੈ। ਇਕ ਤਰਫ਼ ਅਸੀਂ ਜਪੁਜੀ ਸਾਹਿਬ ਤੇ ਆਨੰਦ ਸਾਹਿਬ ਦੀ ਬਾਣੀ ਰਾਹੀਂ ਸਹਿਜ ਅਵਸਥਾ ਵਿਚ ਵਿਚਰਦੇ ਹਾਂ ਤੇ ਦੂਸਰੀ ਤਰਫ਼ ਸਾਡੇ ਵਿਚ 9ਵੇਂ ਮਹੱਲੇ ਦੇ ਸਲੋਕਾਂ ਰਾਹੀਂ ਵੈਰਾਗ ਉਤਪੰਨ ਹੁੰਦਾ ਹੈ ਅਤੇ ਇਸ ਦੇ ਨਾਲ ਨਾਲ ਚੰਡੀ ਦੀ ਵਾਰ ਰਾਹੀਂ ਸਾਡੇ ਵਿਚ ਬੀਰ ਰਸ ਪੈਦਾ ਹੁੰਦਾ ਦਿਖਾਈ ਦਿੰਦਾ ਹੈ।

ਸਿੱਖ ਬੌਧਿਕ ਪਰੰਪਰਾ ਵਿਚ ਗੁਰੂ ਸਾਹਿਬਾਨ ਤੋਂ ਇਲਾਵਾ ਭਾਈ ਗੁਰਦਾਸ ਜੀ ਦਾ ਵੀ ਅਪਣਾ ਵਿਸ਼ੇਸ਼ ਸਥਾਨ ਹੈ। ਉਨ੍ਹਾਂ ਵੱਲੋਂ ਰਚੀਆਂ ਗਈਆਂ ਵਾਰਾਂ ਗੁਰਬਾਣੀ ਦੇ ਮਨੋਰਥ ਨੂੰ ਸਮਝਣ 'ਚ ਸਹਾਈ ਹੁੰਦੀਆਂ ਹਨ ਤੇ ਬਾਣੀ ਦੀਆਂ ਡੂੰਘੀਆਂ ਪਰਤਾਂ ਬਾਰੇ ਮਨੁੱਖ ਦੀ ਸਮਝ 'ਚ ਵਾਧਾ ਕਰਦੀਆਂ ਹਨ। ਜਨਮ ਸਾਖੀ ਪਰੰਪਰਾ ਰਾਹੀਂ ਸਮੁੱਚੇ ਸੰਸਾਰ ਨੂੰ ਗੁਰੂ ਸਾਹਿਬ ਦੇ ਜੀਵਨ ਤੇ ਸੰਦੇਸ਼ ਬਾਰੇ ਬੇਸ਼ਕੀਮਤੀ ਗਿਆਨ ਮੁਹੱਈਆ ਕਰਵਾਉਣ ਦਾ ਯਤਨ ਕੀਤਾ ਗਿਆ ਹੈ ਤੇ ਪੰਜਵੇਂ ਨਾਨਕ ਭਾਵ ਗੁਰੂ ਅਰਜਨ ਦੇਵ ਜੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਵੱਖ-ਵੱਖ ਧਰਮਾਂ, ਵਰਗਾਂ, ਜਾਤਾਂ-ਵਰਣਾਂ, ਕਿੱਤਿਆਂ, ਖੇਤਰਾਂ, ਭਾਸ਼ਾਵਾਂ ਨਾਲ ਸਬੰਧਤ ਭਗਤਾਂ ਤੇ ਭੱਟਾਂ ਦੀ ਬਾਣੀ ਨੂੰ ਸ਼ਾਮਲ ਕਰ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਬ ਸਾਂਝੀਵਾਲਤਾ ਦੇ ਰੂਪ 'ਚ ਪੇਸ਼ ਕਰ ਕੇ ਅਜਿਹੀ ਲਾਸਾਨੀ ਮਿਸਾਲ ਕਾਇਮ ਕੀਤੀ, ਜਿਸ ਨਾਲ ਇਹ ਮੁਕੱਦਸ ਗ੍ਰੰਥ ਸਮੁੱਚੀ ਮਨੁੱਖ ਜਾਤੀ ਲਈ ਸਾਂਝੇ ਤੌਰ 'ਤੇ ਪੂਜਨੀਕ ਗ੍ਰੰਥ ਬਣ ਜਾਂਦਾ ਹੈ। ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਵੱਲੋਂ 52 ਕਵੀਆਂ ਦੀ ਸਰਪ੍ਰਸਤੀ ਵੀ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਸਾਹਿਬ ਨੇ ਵਿਦਵਾਨ ਕਵੀਆਂ ਦੀ ਪਛਾਣ ਕਰ ਕੇ ਸਿੱਖ ਬੌਧਿਕ ਪਰੰਪਰਾ ਨੂੰ ਨਵੀਆਂ ਉਚਾਈਆਂ ਤੇ ਦਿਸ਼ਾਵਾਂ ਪ੍ਰਦਾਨ ਕੀਤੀਆਂ ਤੇ ਖ਼ੁਦ ਆਪਣੀਆਂ ਵਡਮੁੱਲੀਆਂ ਲਿਖਤਾਂ ਰਾਹੀਂ ਸਿੱਖ ਬੌਧਿਕ ਪਰੰਪਰਾ ਨੂੰ ਅਮੀਰ ਬਣਾਇਆ ਹੈ। ਉਨ੍ਹਾਂ ਨੇ ਜ਼ਫਰਨਾਮਾ ਵਰਗੀ ਬੇਮਿਸਾਲ ਕਿਰਤ ਰਾਹੀਂ ਹੈਂਕੜਬਾਜ਼ ਹੁਕਮਰਾਨ ਔਰੰਗਜ਼ੇਬ ਦੀ ਰੂਹ ਨੂੰ ਝੰਜੋੜਦਿਆਂ ਅਤੇ ਉਸ ਨੂੰ ਆਇਨਾ ਦਿਖਾਉਂਦਿਆਂ ਉਸ ਨੂੰ ਉਸ ਦੇ ਕੀਤੇ ਗੁਨਾਹਾਂ ਤੋਂ ਜਾਣੂ ਕਰਵਾਉਣ ਦਾ ਲਾਜਵਾਬ ਉਪਰਾਲਾ ਕੀਤਾ ਹੈ।

ਭਾਈ ਨੰਦ ਲਾਲ, ਭਾਈ ਸੰਤੋਖ ਸਿੰਘ ਆਦਿ ਵਿਦਵਾਨ ਸਿੱਖ ਬੌਧਿਕ ਪਰੰਪਰਾ ਦੇ ਉਹ ਚਸ਼ਮੋ-ਚਿਰਾਗ਼ ਹੋ ਨਿਬੜੇ ਜਿਨ੍ਹਾਂ ਗੁਰੂ-ਘਰ ਪ੍ਰਤੀ ਆਪਣੀ ਅਥਾਹ ਸ਼ਰਧਾ ਅਤੇ ਆਪਣੀ ਬੇਮਿਸਾਲ ਵਿਦਵਤਾ ਰਾਹੀਂ ਬੇਸ਼ਕੀਮਤੀ ਸਾਹਿਤ ਰਚਿਆ। ਵੀਹਵੀਂ ਸਦੀ ਵਿਚ ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਗਿਆਨੀ ਦਿੱਤ ਸਿੰਘ, ਸਰਦਾਰ ਕਪੂਰ ਸਿੰਘ, ਸਰਦਾਰ ਤਰਲੋਚਨ ਸਿੰਘ, ਡਾ. ਗੰਡਾ ਸਿੰਘ, ਡਾ. ਗੁਰਭਗਤ ਸਿੰਘ, ਡਾ. ਜੇਪੀਐੱਸ ਉਬਰਾਏ, ਪ੍ਰੋਫੈਸਰ ਪ੍ਰਿਥੀਪਾਲ ਸਿੰਘ ਕਪੂਰ, ਡਾ. ਕਿਰਪਾਲ ਸਿੰਘ ਆਦਿ ਮਹਾਨ ਸਿੱਖ ਵਿਦਵਾਨਾਂ ਨੇ ਸਿੱਖ ਬੌਧਿਕ ਪਰੰਪਰਾ ਨੂੰ ਅੱਗੇ ਵਧਾਉਣ ਵਿਚ ਆਪਣਾ ਭਰਪੂਰ ਯੋਗਦਾਨ ਪਾਇਆ ਹੈ।

ਮੌਜੂਦਾ ਸਮੇਂ ਵਿਚ ਸਿੱਖ ਜਗਤ ਨੂੰ ਇਹ ਤੱਥ ਜਲਦ ਤੋਂ ਜਲਦ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਗਿਆਨ ਤੇ ਵਿਗਿਆਨ ਦੇ ਇਸ ਯੁੱਗ ਵਿਚ ਕਿਸੇ ਚੁਰਾਹੇ ਤੇ ਨੰਗੀਆਂ ਤਲਵਾਰਾਂ ਲਹਿਰਾਉਂਦੇ ਹੋਏ ਨਾ ਤਾਂ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲਣਗੇ ਤੇ ਨਾ ਹੀ ਸਾਡੀਆਂ ਸਮੱਸਿਆਵਾਂ ਦੇ ਕੋਈ ਸਦੀਵੀ ਹੱਲ ਨਿਕਲਣਗੇ। ਇਤਿਹਾਸ ਗਵਾਹ ਹੈ ਕਿ ਅਤੀਤ ਵਿਚ ਵਕਤ ਦੇ ਸੀਨੇ ਉੱਪਰ ਅਸੀਂ ਬੇਅੰਤ ਸ਼ਹਾਦਤਾਂ ਦੇ ਕੇ ਤਲਵਾਰ ਦੀ ਧਾਰ ਨਾਲ ਆਪਣੀ ਬਹਾਦਰੀ ਦੀ ਗੌਰਵਸ਼ਾਲੀ ਗਾਥਾ ਲਿਖੀ ਹੈ ਤੇ ਸੰਸਾਰ ਵਿਚ ਖ਼ੁਦ ਨੂੰ ਇਕ ਦਲੇਰ ਤੇ ਅਣਖੀ ਕੌਮ ਦੇ ਤੌਰ 'ਤੇ ਸਥਾਪਤ ਕਰਨ ਦਾ ਮਾਣ ਹਾਸਲ ਕੀਤਾ ਹੈ। ਲੇਕਿਨ ਅੱਜ ਦੇ ਇਸ ਯੁੱਗ ਵਿਚ ਸਿੱਖ ਕੇਵਲ ਤਲਵਾਰ ਦੇ ਹੀ ਧਨੀ ਨਹੀਂ ਸਗੋਂ ਗਿਆਨ ਦੇ ਵੀ ਧਨੀ ਹਨ, ਇਹ ਵਿਚਾਰ ਉਸ ਸਮੇਂ ਹੀ ਹਕੀਕਤ ਬਣੇਗਾ ਜਦੋਂ ਗੁਰੂ ਨਾਨਕ ਨਾਮ ਲੇਵਾ ਸਿੱਖ ਗੁਰੂ ਨਾਨਕ ਸਾਹਿਬ ਦੀ ਬੌਧਿਕ ਪਰੰਪਰਾ ਦਾ ਸੱਚਾ ਧਾਰਨੀ ਬਣ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਸਿੱਖਿਆਵਾਂ ਤੇ ਫ਼ਿਲਾਸਫ਼ੀ ਦੀਆਂ ਰੂਹਾਨੀ ਪਰਤਾਂ ਨੂੰ ਫਰੋਲਣ ਦੇ ਨਾਲ-ਨਾਲ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਦਾ ਸਮਾਜਿਕ, ਆਰਥਿਕ, ਰਾਜਨੀਤਕ, ਮਨੋਵਿਗਿਆਨਕ ਤੇ ਵਿਗਿਆਨਕ ਪੱਖਾਂ ਤੋਂ ਅਧਿਐਨ ਕਰੇਗਾ।

ਅੱਜ ਲੋੜ ਹੈ ਕਿ ਚਉਰ, ਛਤਰ ਤੇ ਤਖ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਜਿਹੇ ਢੰਗ ਨਾਲ ਡੂੰਘੇ ਅਧਿਐਨ ਦੀ ਕਿ ਜਿਸ ਦੇ ਫਲਸਰੂਪ ਸਾਡੇ ਦੁਨਿਆਵੀ ਤੇ ਰੂਹਾਨੀ ਸਰੋਕਾਰਾਂ ਦੀ ਪੂਰਤੀ ਹੋਵੇ ਅਤੇ ਗੁਰੂ ਨਾਨਕ ਸਾਹਿਬ ਦੇ ਸਰਬਵਿਆਪੀ ਸੰਦੇਸ਼ ਦੇ ਪ੍ਰਕਾਸ਼ ਨੂੰ ਵਿਸ਼ਵ ਦੇ ਹਰ ਖੇਤਰ ਵਿਚ ਫੈਲਾਇਆ ਜਾ ਸਕੇ। ਅਜਿਹਾ ਉਸ ਸਮੇਂ ਹੀ ਸੰਭਵ ਹੋ ਸਕੇਗਾ ਜਦੋਂ ਗੁਰੂ ਨਾਨਕ ਦੇਵ ਜੀ ਦਾ ਸਿੱਖ ਮਾਂ ਦੀ ਕੁੱਖ ਤੋਂ ਚਿਤਾ ਦੀ ਸੇਜ ਤਕ ਆਪਣੀ ਬਿਰਤੀ ਨੂੰ ਇਕਾਗਰ ਚਿੱਤ ਹੋ ਕੇ ਨਿਰੰਤਰ ਗਿਆਨ ਹਾਸਲ ਕਰਨ ਵੱਲ ਸੇਧਿਤ ਕਰੇਗਾ।

ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਗੁਰੂ ਨਾਨਕ ਨਾਮ ਲੇਵਾ ਹਰ ਸਿੱਖ ਨੂੰ ਇਕ ਜਗਿਆਸੂ ਦੀ ਤਰ੍ਹਾਂ ਆਪਣੇ ਅੰਦਰ ਗਿਆਨ ਹਾਸਲ ਕਰਨ ਦੀ ਜਗਿਆਸਾ ਨੂੰ ਹਰ ਪਲ ਜ਼ਿੰਦਾ ਰੱਖਣ ਦੇ ਨਾਲ ਸੰਸਾਰ ਵਿਚ ਬੌਧਿਕ ਖੇਤਰ 'ਚ ਪੈਦਾ ਹੋ ਰਹੇ ਨਵੇਂ ਰੁਝਾਨ, ਆ ਰਹੀਆਂ ਨਵੀਆਂ ਤਬਦੀਲੀਆਂ ਤੇ ਮਨੁੱਖ ਜਾਤੀ ਨੂੰ ਦਰਪੇਸ਼ ਬੁਨਿਆਦੀ ਸਮੱਸਿਆਵਾਂ ਨੂੰ ਸਮਝਣ ਦੇ ਲਈ ਆਪਣੇ ਅੰਦਰ ਗਿਆਨ ਦੀ ਜਗਿਆਸਾ ਨੂੰ ਪ੍ਰਬਲ ਕਰਨ ਉੱਪਰ ਧਿਆਨ ਕੇਂਦਰਿਤ ਕਰਨਾ ਪਵੇਗਾ। ਆਉਣ ਵਾਲੀਆਂ ਨਸਲਾਂ ਨੂੰ ਸਿੱਖ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਬਾਰੇ ਦੱਸਣ ਲਈ ਸਿੱਖ ਬੁੱਧੀਜੀਵੀਆਂ ਨੂੰ ਆਪਸੀ ਮਤਭੇਦ ਭੁਲਾ ਕੇ ਸੰਗਤੀ ਰੂਪ ਵਿਚ ਇਕਤ੍ਰਿਤ ਹੋ ਕੇ ਸ਼ਬਦ ਗੁਰੂ ਦੇ ਡੂੰਘੇ ਭੇਦਾਂ ਨੂੰ ਸਮਝਣ ਦੀ ਜ਼ਰੂਰਤ ਹੈ। ਆਪਸੀ ਵਾਦ-ਵਿਵਾਦ, ਦੂਸ਼ਣਬਾਜ਼ੀ, ਧੜੇਬੰਦੀ ਤੇ ਆਪਣੇ ਉੱਪਰ ਨਿਯੰਤਰਣ ਗੁਆ ਕੇ ਵਿਰੋਧੀ ਮੱਤ ਨੂੰ ਬਹੁਬਲ ਨਾਲ ਰੱਦ ਕਰਨ ਦੀ ਥਾਂ ਸਿੱਖ ਬੌਧਿਕ ਪਰੰਪਰਾ ਦੇ ਅਜੋਕੇ ਅਲੰਬਰਦਾਰਾਂ ਨੂੰ ਹਰ ਵਕਤ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਤੇ ਸਰੋਕਾਰਾਂ ਨੂੰ ਆਪਣੀ ਸੋਚ ਦੇ ਕੇਂਦਰ ਵਿਚ ਰੱਖਣ ਦੀ ਬੇਹੱਦ ਲੋੜ ਹੈ।

ਸਿੱਖ ਕੇਵਲ ਅਪਣੇ ਕਕਾਰਾਂ ਤੇ ਨਿਵੇਕਲੇ ਸਰੂਪ ਤੋਂ ਹੀ ਨਾ ਪਛਾਣਿਆ ਜਾਵੇ ਬਲਕਿ ਉਸ ਵੱਲੋਂ ਲਿਖਿਆ ਤੇ ਮੁੱਖੋਂ ਨਿਕਲਿਆ ਗਿਆਨ ਭਰਪੂਰ ਇਕ ਵਾਕ ਹੀ ਇਹ ਪ੍ਰਗਟ ਕਰੇ ਕਿ ਉਹ ਗੁਰੂ ਨਾਨਕ ਦੇਵ ਜੀ ਦੀ ਬੌਧਿਕ ਪਰੰਪਰਾ ਦਾ ਵੀ ਸਰਬੋਤਮ ਪ੍ਰਤੀਨਿੱਧੀ ਹੈ।

- ਡਾ. ਅਰਵਿੰਦਰ ਸਿੰਘ

94630-62603

Posted By: Harjinder Sodhi