ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖੀ ਦੇ ਸਵੈਮਾਣ ਤੇ ਆਤਮ ਨਿਰਭਰਤਾ ਦਾ ਜ਼ਾਮਨ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਸਿੱਖ ਧਰਮ, ਸਿੱਖ ਸਰੋਕਾਰਾਂ, ਸਿੱਖ ਜਥੇਬੰਦਕ ਤੇ ਸਿੱਖ ਰਾਜਨੀਤਕ ਨੀਤੀਆਂ ਦੀ ਕੇਂਦਰੀ ਸੰਸਥਾ ਵਜੋਂ ਮਾਨਤਾ ਰੱਖਦਾ ਹੈ। ਅਕਾਲ ਤਖ਼ਤ ਸਾਹਿਬ ਇਕ ਸੰਪੂਰਨ ਤੇ ਪ੍ਰਭੂਸੱਤਾ ਸੰਪੰਨ ਸਿੱਖ ਸੰਸਥਾ ਹੈ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਸ਼ਖ਼ਸੀ ਜੀਵਨ ਉੱਤੇ ਹੀ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸਰਬਉੱਚਤਾ ਤੇ ਮਾਣ ਮਰਯਾਦਾ ਟਿਕੀ ਹੈ।

19ਵੀਂ ਸਦੀ ਵਿਚ ਅਕਾਲੀ ਫੂਲਾ ਸਿੰਘ ਨੂੰ ਇਤਿਹਾਸ 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਸਭ ਤੋਂ ਸ਼ਕਤੀਸ਼ਾਲੀ ਤੇ ਆਦਰਸ਼ ਜਥੇਦਾਰ ਮੰਨਿਆ ਜਾਂਦਾ ਹੈ। ਸਿੱਖਾਂ 'ਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਕਿੰਨੀ ਸਰਬਉੱਚਤਾ ਤੇ ਸਤਿਕਾਰ ਹੈ, ਇਸ ਦੀ ਗਵਾਹੀ ਫ਼ਕੀਰ ਸਈਅਦ ਵਹੀਦੁਦੀਨ ਆਪਣੀ ਕਿਤਾਬ 'ਦਿ ਰੀਅਲ ਰਣਜੀਤ ਸਿੰਘ' ਵਿਚ ਇੰਜ ਭਰਦਾ ਹੈ, 'ਇਕ ਦਿਨ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਅਕਾਲੀ ਫੂਲਾ ਸਿੰਘ ਆਪਣੇ ਬੁੰਗੇ 'ਤੇ ਖੜ੍ਹੇ ਸਨ ਤਾਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਹਾਥੀ 'ਤੇ ਸਵਾਰ ਹੋ ਕੇ ਉੱਥੋਂ ਲੰਘ ਰਿਹਾ ਸੀ। ਅਕਾਲੀ ਫੂਲਾ ਸਿੰਘ ਨੇ ਆਵਾਜ਼ ਮਾਰ ਕੇ ਕਿਹਾ, 'ਓਏ ਕਾਣਿਆ, ਆਹ ਝੋਟਾ ਤੈਨੂੰ ਕੀਹਨੇ ਦਿੱਤਾ?' ਮਹਾਰਾਜਾ ਰਣਜੀਤ ਸਿੰਘ ਹਾਥੀ ਤੋਂ ਉਤਰਿਆ ਤੇ ਹੱਥ ਜੋੜ ਕੇ ਮੁਸਕਰਾਉਂਦਾ ਹੋਇਆ ਅਕਾਲੀ ਫੂਲਾ ਸਿੰਘ ਨੂੰ ਕਹਿਣ ਲੱਗਾ, 'ਪਾਤਸ਼ਾਹੋ, ਇਹ ਤੁਹਾਡਾ ਹੀ ਦਿੱਤਾ ਤੋਹਫ਼ਾ ਹੈ।'

ਇਤਿਹਾਸ 'ਚ ਜਥੇਦਾਰ ਊਧਮ ਸਿੰਘ ਨਾਗੋਕੇ, ਜਥੇਦਾਰ ਅੱਛਰ ਸਿੰਘ, ਜਥੇਦਾਰ ਸਾਧੂ ਸਿੰਘ ਭੌਰਾ, ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਤੇ ਭਾਈ ਰਣਜੀਤ ਸਿੰਘ ਵਰਗੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੂਰਅੰਦੇਸ਼ੀ, ਸਿਆਣਪ ਤੇ ਦਲੇਰੀ ਕਰਕੇ ਜਾਣੇ ਜਾਂਦੇ ਹਨ। ਦੂਜੇ ਪਾਸੇ 1919 ਵਿਚ ਜੱਲ੍ਹਿਆਂਵਾਲਾ ਬਾਗ਼ ਸਾਕੇ ਦੇ ਦੋਸ਼ੀ ਜਨਰਲ ਅਡਵਾਇਰ ਨੂੰ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਸਰਬਰਾਹ ਅਰੂੜ ਸਿੰਘ ਵੱਲੋਂ ਸਿਰੋਪਾਓ ਦਿੱਤੇ ਜਾਣ ਨੂੰ ਇਤਿਹਾਸ ਦੇ ਕਾਲੇ ਅਧਿਆਇ ਵਜੋਂ ਚੇਤੇ ਕੀਤਾ ਜਾਂਦਾ ਹੈ। ਪੰਥ ਦੇ ਰੋਹ ਕਾਰਨ ਗਿਆਨੀ ਅਰੂੜ ਸਿੰਘ ਨੂੰ ਆਪਣਾ ਅਹੁਦਾ ਛੱਡ ਕੇ ਭੱਜਣਾ ਪਿਆ ਸੀ। ਇਸੇ ਤਰ੍ਹਾਂ ਪਿਛਲੇ ਕੁਝ ਅਰਸੇ ਤੋਂ ਅਕਾਲ ਤਖ਼ਤ ਸਾਹਿਬ ਤੋਂ ਲਏ ਜਾਂਦੇ ਫ਼ੈਸਲਿਆਂ ਬਾਰੇ ਆਮ ਪ੍ਰਭਾਵ ਬਣਿਆ ਹੈ ਕਿ ਇਹ ਫ਼ੈਸਲੇ ਅਕਾਲੀ ਦਲ ਦੇ ਪ੍ਰਭਾਵ ਹੇਠ ਲਏ ਜਾਂਦੇ ਹਨ। ਸਤੰਬਰ 2015 'ਚ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਚੁੱਪ-ਚਪੀਤੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਨਕਲ ਕਰਨ ਦੇ ਦੋਸ਼ ਤੋਂ ਮਾਫ਼ੀ ਦੇਣ ਦੇ ਫ਼ੈਸਲੇ ਨੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਭਰੋਸੇਯੋਗਤਾ, ਨਿਰਪੱਖਤਾ, ਸੁਤੰਤਰਤਾ ਤੇ ਮਾਣ-ਸਨਮਾਨ ਨੂੰ ਸੱਟ ਮਾਰੀ। ਬੇਸ਼ੱਕ ਬਾਅਦ 'ਚ ਵਿਰੋਧ ਕਾਰਨ ਜਥੇਦਾਰਾਂ ਨੇ ਡੇਰਾ ਮੁਖੀ ਨੂੰ ਮਾਫ਼ ਕਰਨ ਦਾ ਫ਼ੈਸਲਾ ਰੱਦ ਕਰ ਦਿੱਤਾ ਸੀ।

18 ਸਤੰਬਰ 2020 ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਇਤਿਹਾਸਕ ਜਾਹੋ-ਜਲਾਲ ਵੇਖਣ ਨੂੰ ਮਿਲਿਆ। ਅਕਾਲ ਤਖ਼ਤ ਸਾਹਿਬ ਦੀ ਫ਼ਸੀਲ 'ਤੇ ਪੰਜ ਸਿੰਘ ਸਾਹਿਬਾਨ ਪੰਥਕ ਫ਼ੈਸਲੇ ਕਰਨ ਲਈ ਖੜ੍ਹੇ ਸਨ ਤੇ ਹੇਠਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਮੇਤ ਸਮੁੱਚੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਗਲ਼ 'ਚ ਪੱਲਾ ਪਾ ਕੇ ਹੱਥ ਜੋੜ ਕੇ ਖੜ੍ਹੇ ਸਨ। ਸੰਗਤ ਉਤਸੁਕਤਾ ਨਾਲ ਪੰਥਕ ਕਚਹਿਰੀ ਦੀ ਕਾਰਵਾਈ ਵੇਖ ਰਹੀ ਸੀ ਜਦਕਿ ਪਿਛਲੇ ਦੋ ਦਹਾਕਿਆਂ ਦੌਰਾਨ ਪੰਥਕ ਮਸਲਿਆਂ ਦੇ ਫ਼ੈਸਲੇ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਅੰਦਰ ਹੀ ਕੀਤੇ ਜਾਣ ਦੀ ਪਿਰਤ ਪੈ ਗਈ ਸੀ।

ਕੁਝ ਸਾਲ ਪਹਿਲਾਂ ਜਦੋਂ ਸਾਬਕਾ ਜਥੇਦਾਰ ਪ੍ਰੋ. ਦਰਸ਼ਨ ਸਿੰਘ ਨੂੰ ਅੰਮ੍ਰਿਤ ਦੀਆਂ ਬਾਣੀਆਂ 'ਤੇ ਕਿੰਤੂ ਕਰਨ ਲਈ ਅਕਾਲ ਤਖ਼ਤ ਸਾਹਿਬ ਦੇ ਤਤਕਾਲੀ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਤਲਬ ਕੀਤਾ ਸੀ ਤਾਂ ਉਹ ਸਕੱਤਰੇਤ ਦੇ ਕਮਰੇ 'ਚ ਪੇਸ਼ ਹੋਣ ਨੂੰ ਸਿੱਖ ਰਹੁ-ਰੀਤਾਂ ਦੇ ਉਲਟ ਦੱਸਦਿਆਂ ਅਕਾਲ ਤਖ਼ਤ ਸਾਹਿਬ ਵਿਖੇ ਹਾਜ਼ਰ ਹੋ ਕੇ ਪਰਤ ਗਏ ਸਨ। ਗਿਆਨੀ ਹਰਪ੍ਰੀਤ ਸਿੰਘ ਵੀ ਭਾਵੇਂ ਉਸੇ ਪ੍ਰਣਾਲੀ ਰਾਹੀਂ ਚੁਣੇ ਗਏ ਜਥੇਦਾਰ ਹਨ, ਜਿਸ ਪ੍ਰਣਾਲੀ ਰਾਹੀਂ ਗਿਆਨੀ ਪੂਰਨ ਸਿੰਘ, ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਤੇ ਗਿਆਨੀ ਗੁਰਬਚਨ ਸਿੰਘ ਚੁਣੇ ਗਏ ਸਨ ਪਰ ਸਿੱਖ ਸੰਸਥਾਵਾਂ ਨੂੰ ਦਰਪੇਸ਼ ਚੁਣੌਤੀਆਂ, ਸਮੱਸਿਆਵਾਂ ਤੇ ਨਾਸਾਜ਼ ਹਾਲਾਤ ਨੂੰ ਸਾਜ਼ਗਾਰ ਬਣਾ ਕੇ ਗਿਆਨੀ ਹਰਪ੍ਰੀਤ ਸਿੰਘ ਕਾਫ਼ੀ ਹੱਦ ਤਕ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੰਸਥਾ ਨੂੰ ਇਤਿਹਾਸਕ ਤੇ ਸੁਤੰਤਰ ਪ੍ਰਸੰਗ 'ਚ ਲਿਆਉਣ ਲਈ ਯਤਨਸ਼ੀਲ ਦਿਖਾਈ ਦੇ ਰਹੇ ਹਨ। ਉਨ੍ਹਾਂ ਦੀ ਤਾਜ਼ਾ ਕਾਰਗੁਜ਼ਾਰੀ ਨੂੰ ਵੇਖਿਆ ਜਾਵੇ ਤਾਂ ਇਤਿਹਾਸ 'ਚ ਮਾਸਟਰ ਤਾਰਾ ਸਿੰਘ ਤੋਂ ਬਾਅਦ ਦੂਜੀ ਵਾਰ ਹੈ ਜਦੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਪ੍ਰਧਾਨ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਗਲ਼ 'ਚ ਪੱਲਾ ਪਾ ਕੇ ਗੁਨਹਗਾਰ ਬਣ ਖੜ੍ਹਾ ਦੇਖਿਆ ਗਿਆ। ਪੰਜਾਬੀ ਸੂਬੇ ਲਈ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਅਰਦਾਸ ਕਰ ਕੇ ਰੱਖਿਆ ਹੋਇਆ ਮਰਨ ਵਰਤ ਭੰਗ ਕਰ ਕੇ ਅਰਦਾਸ ਦੀ ਮਹੱਤਤਾ ਨੂੰ ਹਾਨੀ ਪਹੁੰਚਾਉਣ ਦੇ ਦੋਸ਼ 'ਚ 1961 ਵਿਚ ਕਮੇਟੀ ਦੇ ਤਤਕਾਲੀ ਪ੍ਰਧਾਨ ਮਾਸਟਰ ਤਾਰਾ ਸਿੰਘ ਨੂੰ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਤਲਬ ਕਰਕੇ ਤਨਖ਼ਾਹ (ਧਾਰਮਿਕ ਸਜ਼ਾ) ਲਗਾਈ ਗਈ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 328 ਪਾਵਨ ਸਰੂਪਾਂ ਦੇ ਮਾਮਲੇ 'ਚ ਸ਼੍ਰੋਮਣੀ ਕਮੇਟੀ ਦੇ 2016 ਦੇ ਅਤੇ ਮੌਜੂਦਾ ਪ੍ਰਧਾਨ ਤੇ ਕਾਰਜਕਾਰਨੀ ਕਮੇਟੀ ਨੂੰ ਅਕਾਲ ਤਖ਼ਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਵੱਲੋਂ ਕੀਤੇ ਹੁਕਮਾਂ ਦੀ ਵਿਆਖਿਆ ਭਵਿੱਖਮੁਖੀ ਸਿੱਖ ਰਾਜਨੀਤੀ ਦੇ ਅਮਲ 'ਚੋਂ ਨਜ਼ਰ ਆਉਣੀ ਸੁਭਾਵਿਕ ਹੈ। ਕਮੇਟੀ ਦੀ ਸਮੁੱਚੀ ਕਾਰਜਕਾਰਨੀ ਕਮੇਟੀ ਇਤਿਹਾਸ 'ਚ ਪਹਿਲੀ ਵਾਰ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਆਦੇਸ਼ ਸੁਣਨ ਵਾਸਤੇ ਖੜ੍ਹੀ ਵੇਖਣ ਨੂੰ ਮਿਲੀ। ਇਹ ਕਾਰਜਕਾਰਨੀ ਕਮੇਟੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਨਿਯੁਕਤੀ ਕਰਦੀ ਹੈ ਪਰ ਜਿਸ ਤਰੀਕੇ ਨਾਲ ਅਕਾਲ ਤਖ਼ਤ ਸਾਹਿਬ ਤੋਂ ਕਾਰਜਕਾਰਨੀ ਕਮੇਟੀ ਨੂੰ ਤਨਖ਼ਾਹ ਲਗਾਈ ਗਈ, ਉਸ ਤੋਂ ਸਾਬਤ ਹੋਇਆ ਕਿ ਜਿਸ ਤਰ੍ਹਾਂ ਦੁਨਿਆਵੀ ਅਦਾਲਤਾਂ ਦੇ ਜੱਜਾਂ ਨੂੰ ਚੁਣਦੀ ਭਾਵੇਂ 'ਜਿਊਰੀ' ਹੀ ਹੈ ਪਰ ਅਹੁਦੇ 'ਤੇ ਬੈਠਣ ਤੋਂ ਬਾਅਦ ਸਰਵਉੱਚ ਜੱਜ ਹੀ ਹੁੰਦਾ ਹੈ, ਇਸੇ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਸੰਸਥਾ ਸਰਵਉੱਚ ਹੈ।

ਪਾਵਨ ਸਰੂਪਾਂ ਦੇ ਮਾਮਲੇ 'ਚ ਲਗਾਈ ਗਈ ਤਨਖ਼ਾਹ ਨੂੰ ਲੈ ਕੇ ਕੁਝ ਸਿੱਖਾਂ ਨੇ ਅਸੰਤੁਸ਼ਟੀ ਵੀ ਪ੍ਰਗਟਾਈ ਹੈ ਕਿ ਗੁਰਬਾਣੀ ਪੜ੍ਹਨੀ, ਝਾੜੂ ਮਾਰਨਾ ਜਾਂ ਸੇਵਾ ਕਰਨੀ ਕਿਸ ਤਰੀਕੇ ਦੀ ਸਜ਼ਾ ਹੈ, ਜੋ ਸੁਣਾਈ ਗਈ ਹੈ? 'ਸਿੱਖ ਤਵਾਰੀਖ਼ ਵਿਚ ਅਕਾਲ ਤਖ਼ਤ ਸਾਹਿਬ ਦਾ ਰੋਲ' ਨਾਂ ਦੀ ਕਿਤਾਬ ਦੇ ਪੰਨਾ ਨੰਬਰ 38 ਉੱਪਰ ਦਰਜ ਹੈ, ''ਲੱਗੀ ਤਨਖ਼ਾਹ ਨੂੰ ਸਿੱਖ ਸਜ਼ਾ/ਜੁਰਮਾਨਾ ਨਹੀਂ ਮੰਨਦਾ। ਸਿੱਖ ਵਾਸਤੇ ਅਜਿਹਾ ਸੋਚਣਾ ਵੀ ਗੁਨਾਹ ਹੈ। ਸਿੱਖ ਨੂੰ ਤਨਖ਼ਾਹ ਨੀਵਾਂ ਦਿਖਾਉਣ, ਡਰਾਉਣ, ਦੁੱਖ ਦੇਣ ਵਾਸਤੇ ਨਹੀਂ ਲਾਈ ਜਾਂਦੀ। ਇਹ ਉਸ ਦੇ ਗੁਨਾਹ ਧੋ ਕੇ, ਉਸ ਵਿਚ ਸਿੱਖੀ ਦੀ ਪਰਪੱਕਤਾ ਪੈਦਾ ਕਰਨ ਤੇ ਉਸ ਵਿਚ ਚੜ੍ਹਦੀ ਕਲਾ ਦਾ ਅਹਿਸਾਸ ਵਧਾਉਣ ਵਾਸਤੇ ਇਕ ਤੋਹਫ਼ਾ ਹੁੰਦੀ ਹੈ।''

ਸਮਰਪਣ ਤੇ ਤੌਬਾ ਤੋਂ ਵੱਡੀ ਕੋਈ ਸਜ਼ਾ ਨਹੀਂ

ਸਿੱਖ ਮਰਯਾਦਾ ਦੀ ਉਲੰਘਣਾ ਦੇ ਦੋਸ਼ 'ਚ ਮਹਾਰਾਜਾ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁਖ ਇਮਲੀ ਦੇ ਰੁੱਖ ਨਾਲ ਬੰਨ੍ਹ ਕੇ ਅਕਾਲੀ ਫੂਲਾ ਸਿੰਘ ਵੱਲੋਂ ਕੋਰੜੇ ਮਾਰਨ ਦੀ ਸਜ਼ਾ ਸੁਣਾਉਣੀ, ਉਪਰੰਤ ਮਹਾਰਾਜੇ ਦੀ ਨਿਮਰਤਾ ਤੇ ਸੰਗਤ ਦੀ ਬੇਨਤੀ 'ਤੇ ਰਣਜੀਤ ਸਿੰਘ ਨੂੰ ਮਾਫ਼ ਕਰਨਾ ਵੀ ਇਹੀ ਦਰਸਾਉਂਦਾ ਹੈ ਕਿ ਸਮਰਪਣ ਤੇ ਤੌਬਾ ਤੋਂ ਵੱਡੀ ਕੋਈ ਸਜ਼ਾ ਨਹੀਂ ਹੈ।

ਦੁਨਿਆਵੀ ਕਾਨੂੰਨ ਦੀ ਗੱਲ ਵੀ ਕੀਤੀ ਜਾਵੇ ਤਾਂ ਸਜ਼ਾ ਦਾ ਮਕਸਦ ਖ਼ੂਨ ਦਾ ਬਦਲਾ ਖ਼ੂਨ ਨਹੀਂ ਹੁੰਦਾ ਬਲਕਿ ਕਿਸੇ ਅਪਰਾਧੀ ਨੂੰ ਸੁਧਾਰ ਕੇ ਉਸ ਨੂੰ ਚੰਗਾ ਸਬਕ ਦੇਣਾ ਅਤੇ ਸਮਾਜ 'ਚ ਹੋਰਨਾਂ ਅੰਦਰ ਵੀ ਕਾਨੂੰਨ ਦਾ ਭੈਅ ਤੇ ਭਰੋਸਾ ਪੈਦਾ ਕਰਨਾ ਹੁੰਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਪਰਾਧ ਕਰਨ ਦਾ ਹੀਆ ਨਾ ਕਰੇ। ਇਸੇ ਤਰ੍ਹਾਂ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਿੱਖ ਨੂੰ ਤਲਬ ਕੀਤਾ ਜਾਂਦਾ ਹੈ ਜਾਂ ਤਨਖ਼ਾਹ ਲਗਾਈ ਜਾਂਦੀ ਹੈ ਤਾਂ ਕਿ ਜਿੱਥੇ ਗੁਨਹਗਾਰ ਦੀ ਜ਼ਮੀਰ ਆਪਣੇ ਕੀਤੇ 'ਤੇ ਪਛਤਾਵਾ ਕਰਦੀ ਹੈ ਉੱਥੇ ਸੰਗਤ ਦੇ ਅੰਦਰ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਪੰਥਕ ਰਹੁ-ਰੀਤਾਂ ਪ੍ਰਤੀ ਸਤਿਕਾਰ ਤੇ ਭੈਅ-ਭਾਵਨਾ ਪੈਦਾ ਹੁੰਦੀ ਹੈ

- ਤਲਵਿੰਦਰ ਸਿੰਘ ਬੁੱਟਰ

98780-70008

Posted By: Harjinder Sodhi