ਸਿੱਖ ਸੰਗਤਾਂ ਅਤੇ ਨਾਨਕ ਨਾਮ ਲੇਵਾ ਗੁਰਮੁੱਖਾਂ ਦੇ ਅਧਿਆਤਮਕ ਅਕੀਦੇ ਦੇ ਕੇਂਦਰੀ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦੀ ਸਥਾਪਤੀ ਸਦਕਾ ਅੰਮਿ੍ਰਤਸਰ ਸ਼ਹਿਰ ਸੰਸਾਰ ਪੱਧਰ ’ਤੇ ਪ੍ਰਸਿੱਧੀ ਹਾਸਲ ਕਰ ਚੁੱਕਾ ਹੈ। ਰੂਹਾਨੀਅਤ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਦੇ ਉਦੇਸ਼ ਨਾਲ ਪਧਾਰਿਆ ਹਰ ਪ੍ਰਾਣੀ ਤਨ ਅਤੇ ਮਨ ਦੀਆਂ ਤਿ੍ਰਸ਼ਨਾਵਾਂ ਦੀ ਤਿ੍ਰਪਤੀ ਨਾਲ ਮਾਨਸਿਕ ਵਿਸਮਾਦ ਗ੍ਰਹਿਣ ਕਰ ਸਰਸ਼ਾਰ ਹੁੰਦਾ ਹੈ। ਤਨ ਦੀ ਅਹਿਮ ਜ਼ਰੂਰਤ ਦੀ ਪੂਰਤੀ, ਸਰਧਾ ਭਾਵਨਾ ਨਾਲ ਤਿਆਰ ਕੀਤੇ ਅਤੇ ਨਾਮ-ਬਾਣੀ ਦੇ ਉਚਾਰਣ ਸਹਿਤ ਵਰਤਾਏ ਲੰਗਰ ਪ੍ਰਸਾਦੇ ਨਾਲ ਅਤੇ ਰੂਹਾਨੀ ਸੁਰਤ-ਬਿਰਤੀ ਦੀ ਤਿ੍ਰਪਤੀ ਪਰਮੇਸ਼ਰ ਦੇ ਨਾਮ ਵਿਚ ਰਸ-ਲੀਨ ਰਾਗੀ ਸਿੰਘਾਂ ਦੇ ਰਾਗ ਬੱਧ ਸੁਰੀਲੇ ਗੁਰਬਾਣੀ ਕੀਰਤਨ, ਗੁਰਬਾਣੀ ਉਚਾਰਣ, ਕਥਾ ਉਚਾਰਣ ਨੂੰ ਇਕਾਗਰ ਮਨ ਨਾਲ ਸਰਵਣ ਕਰਨ ਨਾਲ ਹੁੰਦੀ ਹੈ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਰਚਿਤ ਪੁਸਤਕ ‘ਸ੍ਰੀ ਹਰਿਮੰਦਰ ਸਾਹਿਬ ਦਾ ਸੁਨਹਿਰੀ ਇਤਿਹਾਸ’ ਵਿਚ ਵਰਣਿਤ ਹੈ ਕਿ ਇਸ ਪਵਿੱਤਰ ਗੁਰੂ ਨਗਰੀ ਦੀ ਪਾਵਨ ਸਰਜ਼ਮੀਨ ਨੂੰ 1559 ਬਿਕਰਮੀ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਹੋਈ, ਜਦੋਂ ਉਹ ਪਹਿਲੀ ਉਦਾਸੀ ਸਮੇਂ ਸੁਲਤਾਨਪੁਰ ਲੋਧੀ ਤੋਂ ਚੱਲ ਕੇ ਬਿਆਸ ਦਰਿਆ ਪਾਰ ਕਰ ਕੇ ਫ਼ਤਿਆਬਾਦ ਰਾਤ ਕੱਟ ਕੇ ਸੁਲਤਾਨਵਿੰਡ ਪਿੰਡ ਦੀ ਜੂਹ ਵਿਚ ਪਹੁੰਚੇ, ਜਿੱਥੇ ਹੁਣ ਅੰਮਿ੍ਰਤ-ਸਰੋਵਰ ਹੈ। ਇਥੇ ਪਾਣੀ ਦੀ ਢਾਬ ਦੇ ਕਿਨਾਰੇ ਇਕ ਰੁੱਖ ਹੇਠ ਬੈਠ ਕੇ ਪਰਮਾਤਮਾ ਦੀ ਉਸਤਤਿ ਕਰਨ ਲੱਗੇ।

ਇਸ ਤੋਂ ਬਾਅਦ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਸਮੇਤ ਇਥੇ ਠਹਿਰੇ ਅਤੇ ਕਈ ਦਿਨ ਸਿਮਰਨ ਭਜਨ ਤੇ ਕੀਰਤਨ ਦਾ ਅਨੰਦ ਮਾਣਦੇ ਰਹਿੰਦੇ ਸਨ ਕਿਉਂਕਿ ਇਹ ਜਗ੍ਹਾ ਸੁਲਤਾਨਪੁਰ ਲੋਧੀ ਤੋਂ ਕਰਤਾਰਪੁਰ ਤੇ ਕਰਤਾਰਪੁਰ ਤੋਂ ਸੁਲਤਾਨਪੁਰ ਲੋਧੀ ਨੂੰ ਜਾਂਦਿਆਂ ਰਸਤੇ ’ਚ ਪੈਂਦੀ ਸੀ ਤੇ ਗੁਰੂ ਜੀ ਬਹੁਤ ਵਾਰੀ ਬੇਬੇ ਨਾਨਕੀ ਜੀ ਨੂੰ ਮਿਲਣ ਸੁਲਤਾਨਪੁਰ ਆਉਂਦੇ ਰਹੇ ਸਨ।

ਸ੍ਰੀ ਗੁਰੂ ਅੰਗਦ ਦੇਵ ਜੀ ਜਦ ਪਹਿਲੀ ਵਾਰ ਖਡੂਰ ਸਾਹਿਬ ਤੋਂ ਚੱਲੇ ਅਤੇ ਕਰਤਾਰਪੁਰ ਅੱਪੜੇ ਤਾਂ ਉਹ ਇਸ ਰਸਤਿਓਂ ਹੀ ਗੁਜ਼ਰੇ ਸਨ। ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ, ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਅੰਗੂਠੇ ਦੇ ਇਲਾਜ ਲਈ ਇਕ ਬੂਟੀ ਲੱਭਦੇ ਇਸ ਢਾਬ ਦੇ ਕੰਢੇ ’ਤੇ ਅਪੜੇ ਸਨ, ਜਿੱਥੋਂ ਉਨ੍ਹਾਂ ਨੂੰ ਬੂਟੀ ਲੱਭੀ। ਉਪਰੋਕਤ ਪ੍ਰਮਾਣਾਂ ਤੋਂ ਸਿੱਧ ਹੈ ਕਿ ਇਹ ਅਸਥਾਨ ਸੁੰਦਰਤਾ, ਹਰਿਆਵਲ, ਏਕਾਂਤ ਤੇ ਸ਼ਾਂਤ ਵਾਤਾਵਰਨ, ਭਜਨ ਸਿਮਰਨ ਕੀਰਤਨ ਲਈ ਢੱੁਕਵਾਂ, ਰੌਲੇ-ਗੌਲੇ ਤੋਂ ਰਹਿਤ ਹੋਣ ਕਾਰਨ ਪਹਿਲੇ ਤਿੰਨ ਗੁਰੂ ਸਾਹਿਬਾਨ ਦੀ ਚਰਨ-ਛੋਹ ਨਾਲ ਪਵਿੱਤਰ ਹੋ ਚੁੱਕਾ ਸੀ। ਭਾਈ ਵੀਰ ਸਿੰਘ, ਡਾ. ਜੀਤ ਸਿੰਘ ਸੀਤਲ ਵੀ ਆਪਣੀਆਂ ਲਿਖਤਾਂ ਵਿਚ ਇਨ੍ਹਾਂ ਤੱਥਾਂ ਦੀ ਪੁਸ਼ਟੀ ਕਰਦੇ ਹਨ।

ਗੁਰੂ ਅਮਰਦਾਸ ਜੀ ਆਪਣੇ ਨਾਲ ਗੁਰੂ ਰਾਮਦਾਸ ਜੀ, ਬਾਬਾ ਬੁੱਢਾ ਜੀ ਅਤੇ ਮੁੱਖੀ ਸਿੱਖਾਂ ਨੂੰ ਨਾਲ ਲੈ ਕੇ ਗੋਇੰਦਵਾਲ ਤੋਂ ਚੱਲ ਕੇ ਪਿੰਡ ਤੁੰਗ, ਸੁਲਤਾਨਵਿੰਡ, ਗਿਲਵਾਲੀ ਤੇ ਗੁਮਟਾਲਾ ਚੌਹੁੰਆਂ ਪਿੰਡਾਂ ਦੇ ਦਰਮਿਆਨ ਬਿ੍ਰਛਾਂ ਦੇ ਘਣੇ ਜੰਗਲ ਵਿਚਕਾਰ ਇਕ ਨਿਰਮਲ ਜਲ ਵਾਲੀ ਢਾਬ ਦੇ ਕਿਨਾਰੇ ਆ ਕੇ ਬੈਠ ਗਏ। ਬਾਅਦ ਵਿਚ ਇਸ ਢਾਬ ਦੇ ਇਰਦ-ਗਿਰਦ ਫਿਰ ਤੁਰ ਕੇ ਸਾਰੇ ਇਲਾਕੇ ਦਾ ਸਰਵੇਖਣ ਕੀਤਾ ਅਤੇ ਗੁਰੂ ਰਾਮਦਾਸ ਜੀ ਤੇ ਬਾਬਾ ਬੁੱਢਾ ਜੀ ਨਾਲ ਸਲਾਹ-ਮਸ਼ਵਰੇ ਉਪਰੰਤ ਨਵਾਂ ਨਗਰ ਉਸਾਰਨ ਦਾ ਫ਼ੈਸਲਾ ਲਿਆ। ਕੇਸਰ ਸਿੰਘ ਛਿੱਬਰ, ਸਰੂਪ ਦਾਸ ਭੱਲਾ ਆਦਿ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜ਼ਮੀਨ ਅਕਬਰ ਬਾਦਸਾਹ ਨੇ ਗੁਰੂ ਅਮਰਦਾਸ ਜੀ ਨੂੰ ਭੇਟ ਕੀਤੀ ਸੀ। ਭਾਈ ਸੰਤੋਖ ਸਿੰਘ ਦੀ ਲਿਖਤ ਅਨੁਸਾਰ ਇਹ ਜ਼ਮੀਨ ਤੁੰਗ, ਸੁਲਤਾਨਵਿੰਡ, ਗਿਲਵਾਲੀ ਤੇ ਗੁਮਟਾਲਾ, ਇਨ੍ਹਾਂ ਚਹੁੰਆਂ ਪਿੰਡਾਂ ਦੀ ਸਾਂਝੀ ਸ਼ਾਮਲਾਟ ਸੀ, ਜੋ ਗੁਰੂ ਸਾਹਿਬਾਨ ਨੇ ਮੁੱਲ ਤਾਰ ਕੇ ਖ਼ਰੀਦੀ।

ਥਾਂ ਦੀ ਚੋਣ ਤੇ ਪ੍ਰਾਪਤੀ ਉਪਰੰਤ ਗੁਰੂ ਅਮਰਦਾਸ ਜੀ ਖ਼ੁਦ ਗੁਰੂ ਰਾਮਦਾਸ ਜੀ, ਬਾਬਾ ਬੁੱਢਾ ਜੀ ਤੇ ਹੋਰ ਮੁਖੀ ਸਿੱਖਾਂ ਨੂੰ ਨਾਲ ਲੈ ਕੇ ਨਿਯਤ ਟਿਕਾਣੇ ਤੇ ਪਹੁੰਚ ਗਏ। ਇਰਦ-ਗਿਰਦ ਦੇ ਪਿੰਡਾਂ ਦੀਆਂ ਸਰਧਾਲੂ ਸੰਗਤਾਂ ਵੀ ਪਹੁੰਚ ਗਈਆਂ। ਮਿੱਠਾ ਮੰਗਵਾ ਕੇ ਅਰਦਾਸ ਕੀਤੀ ਗਈ ਤੇ ਨਵੇਂ ਨਗਰ ਦੀ ਪਹਿਲੀ ਮੋਹੜੀ ਗੁਰੂ ਅਮਰਦਾਸ ਜੀ ਨੇ ਆਪ ਗੱਡੀ। ਸਿੰਘ ਸਾਹਿਬ ਗਿਆਨੀ ਕਿਰਪਾਲ ਸਿੰਘ ਵੱਲੋਂ ਦਰਜ ਹੈ ਕਿ ਇਹ ਜ਼ਿਕਰ ਸਭ ਤੋਂ ਪਹਿਲਾਂ ਮਹਿਮਾ ਪ੍ਰਕਾਸ ਦੇ ਲੇਖਕ ਨੇ ਕੀਤਾ ਹੈ, ਜਿਸ ਦੀ ਪੁਸ਼ਟੀ ਗਿਆਨੀ ਗਿਆਨ ਸਿੰਘ, ਸੰਤ ਦਾਸ ਛਿੱਬਰ, ਡਾ. ਜੀਤ ਸਿੰਘ ਸੀਤਲ ਨੇ ਵੀ ਆਪਣੀਆਂ ਪੁਸਤਕਾਂ ਵਿਚ ਕੀਤੀ ਹੈ।

ਸ਼ਹਿਰ ਵਸਾਉਣ ਸਮੇਂ ਪਹਿਲੀ ਮੋਹੜੀ ਗੁਰਦੁਆਰਾ ਗੁਰੂ ਕੇ ਮਹਿਲ ਵਾਲੀ ਥਾਂ ’ਤੇ ਗੱਡੀ ਗਈ ਸੀ, ਜਿੱਥੇ ਗੁਰੂ ਰਾਮਦਾਸ ਜੀ ਦੀ ਰਿਹਾਇਸ਼ ਲਈ ਪਹਿਲਾਂ ਕੱਚੇ ਅਤੇ ਬਾਅਦ ’ਚ ਪੱਕੇ ਮਕਾਨ ਦੀ ਉਸਾਰੀ ਕੀਤੀ ਗਈ। ਇਸ ਮੁਕੱਦਸ ਅਸਥਾਨ ’ਤੇ ਰਿਹਾਇਸ਼ ਤਿਆਰ ਕਰਵਾ ਕੇ ਗੁਰੂ ਰਾਮਦਾਸ ਜੀ, ਗੁਰੂ ਅਰਜਨ ਦੇਵ ਜੀ ਅਤੇ ਗੁਰੂ ਹਰਗੋਬਿੰਦ ਸਾਹਿਬ ਸਮੇਤ ਪਰਿਵਾਰ ਰਹਿੰਦੇ ਰਹੇ। ਨੌਵੇਂ ਗੁਰਦੇਵ ਗੁਰੂ ਤੇਗ ਬਹਾਦਰ ਜੀ ਦਾ ਪ੍ਰਕਾਸ਼ ਵੀ ਇਸ ਅਸਥਾਨ ’ਤੇ ਹੀ ਹੋਇਆ। ਲੋਕ ਇਸ ਨਵੇਂ ਨਗਰ ਨੂੰ ‘ਗੁਰੂ ਕਾ ਚੱਕ’ ਕਹਿਣ ਲੱਗ ਪਏ, ਗੁਰੂ ਜੀ ਨੇ ਜੁ ਵਸਾਇਆ ਸੀ। ਇਸ ਨਗਰ ਨੂੰ ਵਸਾਉਣ ਤੇ ਆਬਾਦ ਕਰਨ ਦਾ ਕਾਰਜ ਗੁਰੂ ਰਾਮਦਾਸ ਜੀ ਦੀ ਦੇਖ-ਰੇਖ ਹੇਠ ਹੋਇਆ। ਡਾ. ਗੰਡਾ ਸਿੰਘ ਤੇ ਪਿ੍ਰੰਸੀਪਲ ਤੇਜਾ ਸਿੰਘ ਅਨੁਸਾਰ ਗੁਰੂ ਰਾਮਦਾਸ ਜੀ ਨੇ ਸਰੋਵਰ ਪੁਟਵਾਇਆ ਅਤੇੇ ਅੰਮਿ੍ਰਤਸਰ ਸਹਿਰ ਦੀ ਨੀਂਹ ਰੱਖੀ। ਗੁਰੂ ਜੀ ਨੇ 52 ਜੁਦਾ-ਜੁਦਾ ਕੰਮ ਧੰਦਿਆਂ ਵਾਲੇ ਲੋਕਾਂ ਨੂੰ ਇਥੇ ਰਹਿਣ ਲਈ ਤੇ ਗੁਰੂ ਜੀ ਦੀ ਮੰਡੀ ਵਿਚ, ਜਿਸ ਨੂੰ ‘ਗੁਰੂ ਕਾ ਬਾਜ਼ਾਰ’ ਕਹਿੰਦੇ ਸਨ, ਆਪਣੇ ਕਾਰੋਬਾਰ ਖੋਲ੍ਹਣ ਲਈ ਸੱਦਿਆ। ਗੁਰੂ ਰਾਮਦਾਸ ਜੀ ਦੇ ਸੇਵਕ ਭਾਈ ਸਾਲ੍ਹੋ, ਚੰਦਰ ਭਾਨ ਅਤੇ ਗੁਰੀਆ ਜੀ ਨੇ ਇਨ੍ਹਾਂ ਕਾਰੋਬਾਰੀਆਂ ਨੂੰ ਪੱਟੀ, ਕਸੂਰ ਅਤੇ ਕਲਾਨੌਰ ਆਦਿ ਥਾਵਾਂ ਤੋਂ ਲਿਆ ਕੇ

ਇਥੇ ਵਸਾਇਆ।

ਗੁਰ ਪ੍ਰਤਾਪ ਸੂਰਜ ਅਨੁਸਾਰ ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਆਗਿਆ ਅਨੁਸਾਰ ਬਾਬਾ ਬੁੱਢਾ ਜੀ ਨੂੰ ਨਾਲ ਲੈ ਕੇ ਟਾਹਲੀ ਦੇ ਬਿ੍ਰਖ ਦੇ ਨਜ਼ਦੀਕ ਸੰਤੋਖਸਰ ਸਰੋਵਰ ਦਾ ਟਿਕਾਣਾ ਨਿਸਚਤ ਕਰ ਕੇ ਗੁਰੂ ਰਾਮਦਾਸ ਜੀ ਨੇ ਕਹੀ ਦਾ ਪਹਿਲਾ ਟੱਕ ਆਪਣੇ ਹੱਥੀਂ ਲਾਇਆ ਤੇ ਸੰਗਤ ਨੇ ਕਾਰ ਸੇਵਾ ਅਰੰਭ ਕਰ ਦਿੱਤੀ। ਅੰਮਿ੍ਰਤਸਰ ਦੇ ਪੰਜਾਂ ਇਤਿਹਾਸਕ ਸਰੋਵਰਾਂ ਵਿੱਚੋਂ ਸੰਤੋਖਸਰ ਸਭ ਤੋਂ ਪੁਰਾਣਾ ਤੇ ਪਹਿਲਾ ਸਰੋਵਰ ਹੈ। ਇਹ ਸਰੋਵਰ ਅਜੇ ਅਧੂਰਾ ਹੀ ਸੀ ਕਿ ਗੁਰੂ ਰਾਮਦਾਸ ਜੀ ਅਤੇ ਬਾਬਾ ਬੁੱਢਾ ਜੀ ਸਮੇਤ ਸਾਰੇ ਮੁਖੀ ਸਿੱਖਾਂ ਨੂੰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਬੁਲਾ ਲਿਆ। ਦੂਜੀ ਵਾਰ ਜਦ ਗੁਰੂ ਰਾਮਦਾਸ ਜੀ ਵਾਪਸ ਆਏ ਤਾਂ ਅੰਮਿਤਸਰ ਸਰੋਵਰ ਦੀ ਕਾਰ ਸੇਵਾ ਆਰੰਭ ਕੀਤੀ ਤੇ ਨਗਰ ਨਿਰਮਾਣ ਦੇ ਕਾਰਜ ਵੀ ਚੱਲ ਰਹੇ ਸਨ, ਜਿਸ ਕਾਰਨ ਗੁਰੂ ਰਾਮਦਾਸ ਜੀ ਦੇ ਸਮੇਂ ਅੰਮਿ੍ਰਤ ਸਰੋਵਰ ਅਧੂਰਾ ਹੀ ਰਿਹਾ। ਫਿਰ ਗੁਰੂ ਅਰਜਨ ਦੇਵ ਜੀ ਨੇ 1641 ਬਿਕਰਮੀ ਵਿਚ ਨਵੇਂ ਸਿਰੇ ਤੋਂ ਕਾਰ ਸੇਵਾ ਆਰੰਭ ਕਰਵਾ ਕੇ ਪੌੜੀਆਂ ਤੇ ਪਰਿਕਰਮਾ ਪੱਕੀਆਂ ਬਣਵਾਈਆਂ। ਇਹ ਕਾਰਜ 1643 ਬਿਕਰਮੀ ’ਚ ਸੰਪੂਰਨ ਹੋਇਆ।

ਗੁਰੂ ਅਰਜਨ ਦੇਵ ਜੀ ਨੇ ਅੰਮਿ੍ਰਤਸਰ ਸਹਿਰ ਨੂੰ ਵਸਾਉਣ, ਵਧਾਉਣ, ਫੈਲਾਉਣ ਤੇ ਸੁੰਦਰ ਬਣਾਉਣ ਵੱਲ ਧਿਆਨ ਦਿੱਤਾ। ਅੰਮਿ੍ਰਤ ਸਰੋਵਰ ਅਤੇ ਸੰਤੋਖਸਰ ਸਰੋਵਰਾਂ ਦੀਆਂ ਪਰਿਕਰਮਾ ਤੇ ਪੌੜੀਆਂ ਪੱਕੀਆਂ ਬਣਵਾਈਆਂ। ਰਾਮਸਰ ਸਰੋਵਰ ਵੀ ਪੰਜਵੇਂ ਪਾਤਸਾਹ ਨੇ ਤਿਆਰ ਕਰਵਾਇਆ। ਗੁਰੂ ਅਰਜਨ ਦੇਵ ਜੀ ਨੇ ਅੰਮਿ੍ਰਤ ਸਰੋਵਰ ਦੇ ਵਿਚਕਾਰ ਸਾਈਂ ਮੀਆਂ ਮੀਰ ਜੀ ਪਾਸੋਂ ਨੀਂਹ ਰਖਵਾ ਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਨਿਰਮਾਣ ਕਰਵਾ ਕੇ ਜੁਗੋ-ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਸੰਪੂਰਨ ਕਰ ਕੇ ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਪਹਿਲਾ ਪ੍ਰਕਾਸ ਬਾਬਾ ਬੁੱਢਾ ਜੀ ਪਾਸੋਂ ਕਰਵਾਇਆ। ਸ੍ਰੀ ਹਰਿਮੰਦਰ ਸਾਹਿਬ ਦੇ ਅੰਦਰ ਗੁਰਬਾਣੀ ਦੇ ਕੀਰਤਨ ਦਾ ਪ੍ਰਵਾਅ ਜਾਰੀ ਕਰ ਕੇ ਇਸ ਪਵਿੱਤਰ ਸ਼ਹਿਰ ਨੂੰ ਸਿੱਖ ਕੌਮ ਦਾ ਧਾਰਮਿਕ ਕੇਂਦਰ ਬਣਾਉਣ ਦਾ ਕਾਰਜ ਸਿਰੇ ਚਾੜ੍ਹਿਆ। ਇਸ ਨਾਲ ਸ਼ਹਿਰ ਦੀ ਵਸੋਂ, ਵਪਾਰ, ਉਦਯੋਗ ਤੇ ਕਾਰੋਬਾਰ ’ਚ ਭਾਰੀ ਵਾਧਾ ਹੋਇਆ।

ਛੇਵੇਂ ਪਾਤਸਾਹ ਗੁਰੂ ਹਰਿਗੋਬਿੰਦ ਸਾਹਿਬ ਦੇ ਸਮੇਂ ਕੌਲਸਰ ਤੇ ਬਿਬੇਕਸਰ ਦੋ ਨਵੇਂ ਸਰੋਵਰ ਰਚੇ ਗਏ। ਸ੍ਰੀ ਅਕਾਲ ਤਖ਼ਤ ਸਾਹਿਬ ਦੀ ਉਸਾਰੀ ਅਤੇ ਮੀਰੀ-ਪੀਰੀ ਦੀਆਂ ਦੋ ਤਲਵਾਰਾਂ ਪਹਿਨ ਕੇ ਸਿੱਖ ਕੌਮ ਨੂੰ ਜ਼ੁਲਮ ਦੇ ਟਾਕਰੇ ਲਈ ਤਿਆਰ ਕੀਤਾ। 1691 ਬਿਕਰਮੀ ’ਚ ਲੜੀ ਗਈ ਅੰਮਿ੍ਰਤਸਰ ਦੀ ਜੰਗ ਤੋਂ ਬਾਅਦ ਗੁਰੂ ਹਰਿਗੋਬਿੰਦ ਸਾਹਿਬ ਕਰਤਾਰਪੁਰ ਚਲੇ ਗਏ, ਜਿੱਥੋਂ ਚਾਰ ਸਾਲ ਪਿੱਛੋਂ ਛੇਵੇਂ ਗੁਰੂ ਕੀਰਤਪੁਰ ਸਾਹਿਬ ਚਲੇ ਗਏ। ਉਨ੍ਹਾਂ ਦੇ ਅੰਮਿ੍ਰਤਸਰ ਤੋਂ ਜਾਣ ਉਪਰੰਤ ਦਿੱਲੀ ਦੇ ਹੁਕਮਰਾਨਾਂ ਦੀ ਮਦਦ ਨਾਲ ਪਹਿਲਾਂ ਮਿਹਰਵਾਨ ਅਤੇ ਉਸ ਤੋਂ ਪਿੱਛੋਂ ਉਸ ਦੇ ਪੁੱਤਰ ਹਰਿ ਜੀ ਨੇ ਹਰਿਮੰਦਰ ਸਾਹਿਬ ਦੇ ਪ੍ਰਬੰਧ ’ਤੇ ਕਬਜ਼ਾ ਕਰ ਲਿਆ। 1791 ਬਿਕਰਮੀ ਵਿਚ ਭਾਈ ਮਨੀ ਸਿੰਘ ਜੀ ਦੀ ਸਹੀਦੀ ਤੋਂ ਬਾਅਦ ਤੁਰਕਾਂ ਨੇ ਸ੍ਰੀ ਹਰਿਮੰਦਰ ਸਾਹਿਬ ਉੱਪਰ ਵੀ ਕਬਜ਼ਾ ਕਰ ਲਿਆ। ਮੱਸਾ ਰੰਘੜ ਵਰਗੇ ਦੁਸਟਾਂ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਹੱਦੋਂ ਵੱਧ ਬੇਹੁਰਮਤੀ ਕੀਤੀ, ਜਿਸ ਨੂੰ ਭਾਈ ਸੁੱਖਾ ਸਿੰਘ ਤੇ ਭਾਈ ਮਹਿਤਾਬ ਸਿੰਘ ਨੇ ਸੋਧਾ ਲਾ ਕੇ ਜਹੰਨੁਮ ਪਹੁੰਚਾਇਆ। 1819 ਬਿਕਰਮੀ ਵਿਚ ਅਹਿਮਦ ਸਾਹ ਅਬਦਾਲੀ ਨੇ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਬਰੂਦ ਨਾਲ ਉਡਾ ਕੇ ਸਰੋਵਰ ਨੂੰ ਮਿੱਟੀ ਨਾਲ ਭਰਵਾ ਦਿੱਤਾ।

ਬਾਅਦ ਵਿਚ ਜਦੋਂ ਸਿੰਘਾਂ ਨੇ ਜ਼ੋਰ ਫੜਿਆ ਤਾਂ ਖ਼ਾਲਸਾ ਦਲ ਨੇ ਤੁਰਕਾਂ ਨੂੰ ਕੱਢ ਕੇ ਅੰਮਿ੍ਰਤਸਰ ਸਹਿਰ ’ਤੇ ਕਬਜ਼ਾ ਕੀਤਾ। ਸੁਲਤਾਨ-ਉਲ-ਕੌਮ ਸ. ਜੱਸਾ ਸਿੰਘ ਆਹਲੂਵਾਲੀਆ ਦੀ ਅਗਵਾਈ ਹੇਠ ਸ੍ਰੀ ਦੇਸ ਰਾਜ ਵਾਸੀ ਸੁਰ ਸਿੰਘ ਦੀ ਨਿਗਰਾਨੀ ਹੇਠ ਪਹਿਲੀਆਂ ਨੀਹਾਂ ਉੱਪਰ ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਦੁਬਾਰਾ ਉਸਾਰਿਆ ਗਿਆ। ਮਹਾਰਾਜਾ ਰਣਜੀਤ ਸਿੰਘ ਦਾ ਖ਼ਾਲਸਾ ਰਾਜ ਸਥਾਪਿਤ ਹੋਣ ਉਪਰੰਤ ਅੰਮਿ੍ਰਤਸਰ ਵਿਚ ਰੌਣਕਾਂ ਬਹਾਲ ਹੋ ਗਈਆਂ, ਕਾਰੋਬਾਰ, ਵਪਾਰ ਵਧਿਆ ਤੇ ਸ਼ਹਿਰ ਦੀ ਤਰੱਕੀ ਹੋਈ। ਸ੍ਰੀ ਹਰਿਮੰਦਰ ਸਾਹਿਬ ਦੀ ਇਮਾਰਤ ਨੂੰ ਸੋਨੇ ਤੇ ਸੰਗਮਰਮਰ ਨਾਲ ਸਜਾਇਆ ਗਿਆ। ਸ਼ਹਿਰ ਦੀ ਸੁਰੱਖਿਆ ਲਈ ਮਜ਼ਬੂਤ ਚਾਰਦੀਵਾਰੀ ਅਤੇ ਬਾਰਾਂ ਦਰਵਾਜ਼ੇ ਉਸਾਰੇ, ਜਿਨ੍ਹਾਂ ਨੂੰ ਫਿਰੰਗੀ ਸਰਕਾਰ ਨੇ ਢਾਹ ਕੇ ਨਵੇਂ ਸਿਰਿਉਂ ਉਸਾਰਿਆ।

ਜਲ੍ਹਿਆਂਵਾਲਾ ਬਾਗ਼, ਦੁਰਗਿਆਣਾ ਮੰਦਰ, ਰਾਮ ਤੀਰਥ ਮੰਦਰ, ਕਿਲ੍ਹਾ ਗੋਬਿੰਦਗੜ੍ਹ, ਖ਼ਾਲਸਾ ਕਾਲਜ, ਜੰਗੀ ਯਾਦਗਾਰ, ਸਾਡਾ ਪਿੰਡ, ਕੰਪਨੀ ਬਾਗ਼, ਨਾਮਧਾਰੀ ਸ਼ਹੀਦੀ ਬੋਹੜ, ਮਹਾਰਾਜਾ ਰਣਜੀਤ ਸਿੰਘ ਪੈਨੋਰਮਾ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਹਵਾਈ ਅੱਡਾ, ਪਾਰਟੀਸ਼ਨ ਮਿਊਜ਼ੀਅਮ ਆਦਿ ਗੁਰੂ ਨਗਰੀ ਦੇ ਮਹੱਤਵਪੂਰਨ ਤੇ ਵੇਖਣਯੋਗ ਅਸਥਾਨ ਹਨ। ਵਰਤਮਾਨ ਸਮੇਂ ਰੋਜਾਨਾ ਇਕ ਤੋਂ ਡੇਢ ਲੱਖ ਅਤੇ ਗੁਰਪੁਰਬ ਮੌਕੇ ਕਰੀਬ ਦੋ ਲੱਖ ਸਰਧਾਲੂ ਸ੍ਰੀ ਹਰਿਮੰਦਰ ਸਾਹਿਬ ਵਿਖੇ ਹਾਜ਼ਰੀ ਭਰਦੇ ਹਨ।

- ਪਿ੍ਰੰ. ਕੁਲਵੰਤ ਸਿੰਘ ਅਣਖੀ

Posted By: Harjinder Sodhi