ਸੁਖਵਿੰਦਰ ਸਰਮਾਲ, ਹੁਸ਼ਿਆਰਪੁਰ/ ਹਿਮਾਚਲ ਪ੍ਰਦੇਸ਼ : ਆਉਂਦੀ 17 ਅਕਤੂਬਰ ਤੋਂ ਸ਼ੁਰੂ ਹੋ ਰਹੇ ਚਿੰਤਪੁਰਨੀ ਨਰਾਤਿਆਂ ਦੇ ਮੇਲਿਆਂ ਦੌਰਾਨ ਨਿੱਜੀ ਲੰਗਰ ਲਾਉਣ 'ਤੇ ਪੂਰਨ ਪਾਬੰਦੀ ਰਹੇਗੀ। ਚਿੰਤਪੁਰਨੀ ਮੰਦਰ 'ਚ 17 ਤੋਂ 24 ਅਕਤੂਬਰ ਤਕ ਮਨਾਏ ਜਾਣ ਵਾਲੇ ਅੱਸੂ ਨਰਾਤੇ ਮੇਲਾ ਦੌਰਾਨ ਜ਼ਿਲ੍ਹੇ 'ਚ ਧਾਰਾ 144 ਲਾਗੂ ਰਹੇਗੀ।

ਮੰਦਰ ਕਮਿਸ਼ਨਰ ਤੇ ਡਿਪਟੀ ਕਮਿਸ਼ਨਰ ਊਨਾ ਸੰਦੀਪ ਕੁਮਾਰ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਵਿਡ-19 ਵਾਇਰਸ ਦੇ ਮੱਦੇਨਜ਼ਰ ਜ਼ਿਲ੍ਹਾ ਪ੍ਰਸ਼ਾਸਨ ਊਨਾ ਨੇ ਉਪਰੋਕਤ ਫ਼ੈਸਲਾ ਲਿਆ ਹੈ। ਡਿਪਟੀ ਕਮਿਸ਼ਨਰ ਨੇ ਲੰਗਰ ਲਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਤੋਂ ਸਹਿਯੋਗ ਦੀ ਆਸ ਕਰਦਿਆਂ ਕਿਹਾ ਕਿ ਸ਼ਰਧਾਲੂਆਂ ਨੂੰ ਕੋਰੋਨਾ ਵਾਇਰਸ ਤੋਂ ਬਚਾਉਣ ਲਈ ਲੰਗਰ ਨਾ ਲਾਉਣ ਤੇ ਪ੍ਰਸ਼ਾਸਨ ਦੀ ਮਦਦ ਕਰਨ। ਉਨ੍ਹਾਂ ਕਿਹਾ ਕਿ ਨਰਾਤਿਆਂ ਦੇ ਮੌਕੇ ਮੰਦਰ ਕੰਪਲੈਕਸ 'ਚ ਹਵਨ ਕਰਵਾਉਣਾ ਤੇ ਕੰਜਕ ਪੂਜਾ 'ਤੇ ਵੀ ਪੂਰੀ ਤਰ੍ਹਾਂ ਪਾਬੰਦੀ ਰਹੇਗੀ।

ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਕਿਹਾ ਕਿ ਮੇਲਿਆਂ ਦੌਰਾਨ ਸ਼ਰਧਾਲੂਆਂ ਦੇ ਪ੍ਰਸਾਦ, ਨਾਰੀਅਲ ਅਤੇ ਝੰਡਾ ਆਦਿ ਚੜਾਉਣ ਤੋਂ ਇਲਾਵਾ ਢੋਲ-ਨਗਾਰੇ, ਲਾਊਡ ਸਪੀਕਰ ਅਤੇ ਚਿਮਟਾ ਆਦਿ ਵਜਾਉਣ 'ਤੇ ਵੀ ਪਾਬੰਦੀ ਰਹੇਗੀ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸ਼ਰਧਾਲੂ ਸਵੇਰੇ 5 ਤੋਂ ਰਾਤ 11 ਵਜੇ ਤਕ ਹੀ ਦਰਸ਼ਨ ਕਰ ਸਕਣਗੇ ਤੇ ਦਰਸ਼ਨ ਕਰਨ ਲਈ ਸ਼ਰਧਾਲੂਆਂ ਨੂੰ ਦਰਸ਼ਨ ਪਰਚੀ ਏਡੀਬੀ ਭਵਨ, ਸ਼ੰਭੂ ਬੈਰੀਅਰ, ਏਡੀਬੀ ਪਾਰਕਿੰਗ ਅਤੇ ਐੱਮਆਰਸੀ ਪਾਰਕਿੰਗ ਤੋਂ ਪ੍ਰਾਪਤ ਹੋ ਸਕਣਗੇ। ਇਸ ਤੋਂ ਇਲਾਵਾ ਕੋਵਿਡ-19 ਵਾਇਰਸ ਦੀ ਰੋਕਥਾਮ ਲਈ ਹਰ ਸ਼ਰਧਾਲੂ ਦੀ ਥਰਮਲ ਸਕੈਨਿੰਗ ਕੀਤੀ ਜਾਵੇਗੀ। ਉਨ੍ਹਾਂ ਨੇ ਸ਼ਰਧਾਲੂਆਂ ਨੂੰ ਅਪੀਲ ਕੀਤੀ ਕਿ ਉਹ ਮੰਦਰ 'ਚ ਢੋਆ-ਢੁਆਈ ਵਾਲੇ ਵਾਹਨਾਂ 'ਚ ਨਾ ਆ ਕੇ ਬੱਸਾਂ ਰਾਹੀਂ ਹੀ ਆਉਣ। ਉਨ੍ਹਾਂ ਕਿਹਾ ਕਿ ਮੰਦਰ ਪ੍ਰਸ਼ਾਸਨ ਵਲੋਂ ਪਾਰਕਿੰਗ ਦੀ ਵਿਵਸਥਾ ਕੀਤੀ ਜਾਵੇਗੀ ਤੇ ਸ਼ਰਧਾਲੂ ਸਿਰਫ ਚੁਣੀਆਂ ਹੋਈਆਂ ਥਾਵਾਂ 'ਤੇ ਹੀ ਆਪਣੇ ਵਾਹਨ ਪਾਰਕ ਕਰਨ।

ਉਨ੍ਹਾਂ ਨੇ ਮੰਦਰ 'ਚ ਆਉਣ ਵਾਲੇ ਸ਼ਰਧਾਲੂਆਂ ਨੂੰ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਇਕ ਦੂਜੇ ਤੋਂ ਬਣਦੀ ਦੂਰੀ (ਸੋਸ਼ਲ ਡਿਸਟੈਂਸਿੰਗ) ਅਤੇ ਸਹੀ ਢੰਗ ਨਾਲ ਮਾਸਕ ਪਾਉਣ ਦਾ ਖਾਸ ਧਿਆਨ ਰੱਖਿਆ ਜਾਵੇ।

Posted By: Amita Verma