ਗੁਰੂ ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਅਸਥਾਨ ਹੈ ਸ੍ਰੀ ਮੁਕਤਸਰ ਸਾਹਿਬ। 'ਮੁਕਤ' ਦਾ ਅਰਥ ਹੈ ਬੰਧਨ ਰਹਿਤ, ਆਜ਼ਾਦ ਹੋਣਾ, ਮੁਕਤੀ ਨੂੰ ਪ੍ਰਾਪਤ ਹੋਣਾ। ਗੁਰੂ ਸਾਹਿਬ ਦੇ ਸਮੇਂ ਇਹ ਇਲਾਕਾ 'ਖਿਦਰਾਣੇ ਦੀ ਢਾਬ' ਦੇ ਨਾਂ ਨਾਲ ਮਸ਼ਹੂਰ ਸੀ।

ਇਤਿਹਾਸ ਅਨੁਸਾਰ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਜਲਾਲਾਬਾਦ ਵਿਖੇ ਤਿੰਨ ਖੱਤਰੀ ਭਰਾ ਰਹਿੰਦੇ ਸਨ। ਉਹ ਅਮੀਰ ਸਨ ਤੇ ਪਰਮਾਤਮਾ ਦੀ ਬੰਦਗੀ ਵਾਲੇ ਇਨਸਾਨ ਸਨ। ਇਨ੍ਹਾਂ ਤਿੰਨਾਂ ਦੇ ਨਾਂ ਖਿਦਰਾਣਾ, ਧਿਗਾਣਾ, ਤੇ ਰੁਪਾਣਾ ਸਨ। ਇਸ ਇਲਾਕੇ ਵਿਚ ਪਾਣੀ ਦੀ ਹਮੇਸ਼ਾ ਕਮੀ ਰਹਿੰਦੀ ਸੀ। ਰੇਤਲਾ ਇਲਾਕਾ ਹੋਣ ਕਾਰਨ ਤੇ ਪਾਣੀ ਦੀ ਥੁੜ੍ਹ ਰਹਿਣ ਕਰਕੇ ਤਿੰਨਾਂ ਭਰਾਵਾਂ ਨੇ ਤਿੰਨ ਢਾਬਾਂ ਖੁਦਵਾਈਆਂ। ਹਰ ਸਾਲ ਸਾਉਣ ਦੇ ਮਹੀਨੇ ਮੀਂਹ ਪੈਣ ਨਾਲ ਇਹ ਢਾਬਾਂ ਪਾਣੀ ਨਾਲ ਭਰ ਜਾਂਦੀਆਂ ਸਨ। ਇੱਥੇ ਇੰਨਾ ਪਾਣੀ ਜਮ੍ਹਾਂ ਹੋ ਜਾਂਦਾ ਸੀ ਕਿ ਸਾਰਾ ਸਾਲ ਆਦਮੀ ਅਤੇ ਪਸ਼ੂ-ਪੰਛੀ ਪੀਣ ਲਈ ਇਸ ਪਾਣੀ ਦੀ ਵਰਤੋਂ ਕਰਦੇ ਸਨ। ਇਨ੍ਹਾਂ ਤਿੰਨਾਂ ਢਾਬਾਂ ਦੇ ਆਲੇ-ਦੁਆਲੇ ਤਿੰਨਾਂ ਭਰਾਵਾਂ ਨੇ ਨਾਵਾਂ 'ਤੇ ਤਿੰਨ ਪਿੰਡ ਖਿਦਰਾਣਾ, ਰੁਪਾਣਾ ਤੇ ਧਿੰਗਾਣਾ ਵੱਸ ਗਏ।

ਮੁਕਤਸਰ ਦਾ ਇਤਹਾਸ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜਦਾ ਹੈ। ਇਸ ਥਾਂ ਦਸ਼ਮੇਸ਼ ਪਿਤਾ ਨੇ ਮੁਗ਼ਲ ਹਕੂਮਤ ਵਿਰੁੱਧ ਆਖ਼ਰੀ ਜੰਗ ਲੜੀ ਤੇ ਮੁਗ਼ਲ ਹਕੂਮਤ ਦੀਆਂ ਜੜ੍ਹਾਂ ਪੁੱਟ ਕੇ ਰੱਖ ਦਿੱਤੀਆਂ। ਇਸ ਪਵਿੱਤਰ ਅਸਥਾਨ 'ਤੇ ਗੁਰੂ ਜੀ ਨੇ ਆਪਣੇ ਤੋਂ ਬੇਮੁੱਖ ਹੋ ਕੇ ਗਏ ਮਾਝੇ ਦੇ ਚਾਲੀ ਸਿੰਘਾਂ ਨੂੰ ਜਨਮ-ਮਰਨ ਤੋਂ ਮੁਕਤ ਕਰ ਕੇ ਟੁੱਟੀ ਗੰਢੀ ਸੀ।

ਗੁਰੂ ਜੀ ਨੇ ਹਮੇਸ਼ਾ ਹੱਕ-ਸੱਚ ਲਈ ਧਰਮ ਯੁੱਧ ਕੀਤੇ। ਇਹ ਆਖ਼ਰੀ ਲੜਾਈ ਸੀ,।ਜਦ ਗੁਰੂ ਜੀ ਨੇ ਮਾਤਾ ਗੁਜਰੀ ਜੀ ਤੇ ਸਿੰਘਾਂ ਦੇ ਕਹਿਣ 'ਤੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਤਾਂ ਉਹ ਕੀਰਤਪੁਰ, ਰੋਪੜ, ਕੋਟਲਾ ਨਿਹੰਗ, ਕਾਂਗੜ, ਦੀਨਾ ਰੁਖਾਲਾ, ਗੁਰੂਸਰ, ਭਾਈ ਭਗਤਾ, ਬਰਗਾੜੀ, ਬਹਿਬਲ, ਸਰਾਵਾਂ, ਪੱਤੋ, ਜੈਤ ਦੱਭ ਵਾਲੀ, ਮਲੂਕ ਦਾ ਕੋਟ ਤੇ ਕੋਟਕਪੂਰੇ ਪਹੁੰਚੇ। ਗੁਰੂ ਜੀ ਕੋਟਕਪੂਰੇ ਦੇ ਚੌਧਰੀ ਕਪੂਰੇ ਨੂੰ ਮਿਲੇ ਤੇ ਉਸ ਕੋਲੋਂ ਪਿੱਛਾ ਕਰ ਰਹੇ ਮੁਗ਼ਲਾਂ ਦਾ ਖ਼ਾਤਮਾ ਕਰਨ ਲਈ ਉਸ ਦਾ ਕਿਲ੍ਹਾ ਮੰਗਿਆ ਤਾਂ ਮੁਗ਼ਲਾਂ ਦੇ ਡਰ ਤੋਂ ਉਸ ਨੇ ਗੁਰੂ ਜੀ ਨੂੰ ਆਪਣਾ ਕਿਲ੍ਹਾ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਗੁਰੂ ਜੀ ਖਿਦਰਾਣੇ ਦੀ ਢਾਬ ਵੱਲ ਚੱਲ ਪਏ। ਦੂਜੇ ਪਾਸੇ ਮਾਤਾ ਭਾਗੋ ਜੀ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਗਏ ਮਾਝੇ ਦੇ ਚਾਲੀ ਸਿੰਘਾਂ ਨੂੰ ਪ੍ਰੇਰ ਕੇ ਆਪਣੀ ਅਗਵਾਈ ਵਿਚ ਇਸ ਯੁੱਧ 'ਚ ਸ਼ਾਮਲ ਹੋਣ ਲਈ ਆਪਣੇ ਪਤੀ ਤੇ ਭਰਾਵਾਂ ਸਮੇਤ ਚੱਲ ਪਏ। ਉਧਰ ਗੁਰੂ ਜੀ ਨੂੰ ਇਕ ਸਿੱਖ ਨੇ ਦੱਸਿਆ ਕਿ ਮੁਗ਼ਲ ਫ਼ੌਜਾਂ ਵਾਹੋ-ਦਾਹੀ ਨੇੜੇ ਪਹੁੰਚ ਰਹੀਆਂ ਹਨ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਮੋਰਚੇ ਸੰਭਾਲਣ ਲਈ ਕਿਹਾ। ਇੰਨੀ ਦੇਰ ਤਕ ਮਾਤਾ ਭਾਗੋ ਜੀ ਵੀ ਖਿਦਰਾਣੇ ਪਹੁੰਚ ਚੁੱਕੇ ਸਨ। ਗੁਰੂ ਜੀ ਨੇ ਉੱਚੀ ਟਿੱਬੀ ਤੋਂ ਮੋਰਚੇ ਦੀ ਕਮਾਨ ਸੰਭਾਲੀ।

ਮਾਤਾ ਭਾਗੋ ਜੀ ਤੇ ਚਾਲੀ ਸਿੰਘਾਂ ਨੇ ਉਸ ਢਾਬ 'ਤੇ ਕਬਜ਼ਾ ਕਰ ਲਿਆ। ਵੈਰੀਆਂ ਨੂੰ ਭੁਲੇਖਾ ਪਾਉਣ ਲਈ ਨੇੜਲੀਆਂ ਝਾੜੀਆਂ 'ਤੇ ਕੱਪੜੇ ਪਾ ਕੇ ਸਿੱਖ ਫ਼ੌਜ ਦੀ ਜ਼ਿਆਦਾ ਗਿਣਤੀ ਵਿਖਾਉਣ ਲਈ ਮੋਰਚੇ ਸੰਭਾਲ ਲਏ।

ਮੁਗ਼ਲਾਂ ਨਾਲ ਯੁੱਧ ਸ਼ੁਰੂ ਹੋ ਗਿਆ। ਉੱਚੀ ਟਿੱਬੀ ਤੋਂ ਸਤਿਗੁਰੂ ਜੀ ਤੀਰਾਂ ਦੀ ਬਰਸਾਤ ਕਰ ਰਹੇ ਸਨ ਤੇ ਨਾਲ ਦੀ ਨਾਲ ਬੇਮੁੱਖ ਹੋ ਕੇ ਗਏ ਸਿੰਘਾਂ ਨੂੰ ਮੁਗ਼ਲ ਫ਼ੌਜ ਦਾ ਡਟ ਕੇ ਮੁਕਬਲਾ ਕਰਦਿਆਂ ਵੇਖ ਕੇ ਖ਼ੁਸ਼ ਹੋ ਰਹੇ ਸਨ। ਘਮਸਾਣ ਦਾ ਯੁੱਧ ਹੋਇਆ। ਮੁਗ਼ਲਾਂ ਦੇ ਪੈਰ ਉੱਖੜ ਗਏ ਤੇ ਮੁਗ਼ਲ ਫ਼ੌਜਾਂ ਮੈਦਾਨ ਛੱਡ ਕੇ ਪਿਛਾਂਹ ਹਟ ਗਈਆਂ। ਜੰਗ ਖ਼ਤਮ ਹੋਣ ਤੇ ਗੁਰੂ ਜੀ ਉੱਚੀ ਟਿੱਬੀ ਤੋਂ ਹੇਠਾਂ ਆਏ ਤੇ ਸਿੰਘਾਂ ਨੂੰ ਸ਼ਾਬਾਸ਼ ਦਿੱਤੀ, ਜ਼ਖ਼ਮੀ ਸਿੰਘਾਂ ਦੇ ਜ਼ਖ਼ਮ ਸਾਫ਼ ਕੀਤੇ ਤੇ ਕਈ ਖ਼ਿਤਾਬਾਂ ਨਾਲ ਨਿਵਾਜਿਆ। ਮਾਤਾ ਭਾਗੋ ਜੀ ਵੀ ਆਪਣੇ ਜ਼ਖ਼ਮ ਧੋ ਰਹੀ ਸੀ। ਗੁਰੂ ਜੀ ਨੇ ਮਾਤਾ ਭਾਗੋ ਜੀ ਦੇ ਜ਼ਖ਼ਮ ਸਾਫ਼ ਕਰ ਕੇ ਮਰਹਮ ਪੱਟੀ ਕੀਤੀ।

ਮਹਾਨ ਕੋਸ਼ ਦੇ ਲੇਖਕ ਭਾਈ ਕਾਨ੍ਹ ਸਿੰਘ ਨਾਭਾ ਇਸ ਜੰਗ ਦਾ ਜ਼ਿਕਰ ਕਰਦੇ ਹਨ ਕਿ 'ਵੈਸਾਖ ਸੰਮਤ 1762 ਵਿਚ ਸਰਹਿੰਦ ਦਾ ਸੂਬਾ ਵਜ਼ੀਰ ਖ਼ਾਂ ਜਦ ਸ੍ਰੀ ਗੁਰੂ ਗੋਬਿੰਦ ਸਾਹਿਬ ਜੀ ਦਾ ਤਾਕੁਬ ਕਰਦਾ ਮਾਲਵੇ ਆਇਆ, ਤਦ ਸਿੰਘਾਂ ਨੇ ਇਸ ਤਾਲ 'ਤੇ ਕਬਜ਼ਾ ਕਰ ਕੇ ਵੈਰੀ ਦਾ ਮੁਕਾਬਲਾ ਕੀਤਾ। ਸਭ ਤੋਂ ਪਹਿਲਾਂਮਾਈ ਭਾਗੋ ਅਰ ਉਸ ਦੇ ਸਾਥੀ ਸਿੰਘਾਂ ਦਾ ਸ਼ਾਹੀ ਫ਼ੌਜ ਨਾਲ ਟਾਕਰਾ ਹੋਇਆ ਅਰ ਵੱਡੀ ਵੀਰਤਾ ਨਾਲ ਸ਼ਹੀਦੀ ਪਾਈ। ਭਾਈ ਮਹਾ ਸਿੰਘ ਨੇ ਦਸਮੇਸ਼ ਪਿਤਾ ਤੋਂ ਬੇਦਾਵਾ ਪੱਤਰ ਚਾਕ ਕਰਵਾ ਕੇ ਇੱਥੇ ਟੁੱਟੀ ਸਿੱਖੀ ਗੰਢੀ ਹੈ। ਕਲਗੀਧਰ ਨੇ ਸ਼ਹੀਦ ਸਿੰਘਾਂ ਨੂੰ 'ਮੁਕਤ ਪਦਵੀ' ਬਖ਼ਸ਼ ਕੇ ਤਾਲ ਦਾ ਨਾਂ 'ਮੁਕਤਸਰ' ਰੱਖਿਆ ਅਤੇ ਆਪਣੇ ਹੱਥੀਂ ਸ਼ਹੀਦਾਂ ਦੇ ਦੇਹ ਸਸਕਾਰੇ। ਗੁਰਦੁਆਰਾ ਸ਼ਹੀਦ ਗੰਜ ਤਾਲ ਦੇ ਕਿਨਾਰੇ ਵਿਦਯਮਾਨ ਹੈ। ਲੋਹੜੀ ਤੋਂ ਅਗਲੇ ਦਿਨ ਮੱਘਰ ਦੀ ਸੰਗਰਾਂਦ ਵਾਲੇ ਦਿਨ ਮਾਘੀ ਦੇ ਪਵਿੱਤਰ ਤਿਉਹਾਰ 'ਤੇ ਚਾਲੀ ਮੁਕਤਿਆਂ ਨੂੰ ਯਾਦ ਕੀਤਾ ਜਾਂਦਾ ਹੈ।'

ਜੰਗ ਦੀ ਸਮਾਪਤੀ ਤੋਂ ਬਾਅਦ ਜਦ ਕਲਗੀਧਰ ਪਾਤਸ਼ਾਹ ਨੇ ਮੈਦਾਨ-ਏ-ਜੰਗ ਵਿਚ ਆ ਕੇ ਸ਼ਹੀਦ ਸਿੰਘਾਂ ਦੇ ਸਰੀਰ ਉਠਵਾਏ ਤਦ ਮਹਾ ਸਿੰਘ ਜੀ ਦੇ ਪ੍ਰਾਣ ਚੱਲ ਰਹੇ ਸਨ। ਦਸ਼ਮੇਸ਼ ਜੀ ਨੇ ਆਪਣੇ ਰੁਮਾਲ ਨਾਲ ਮਹਾ ਸਿੰਘ ਦਾ ਮੁੱਖ ਸਾਫ਼ ਕੀਤਾ ਤੇ ਜਲ ਛਕਾਇਆ, ਤਦ ਮਹਾ ਸਿੰਘ ਜੀ ਦੀ ਮੂਰਛਾ ਖੁੱਲ੍ਹੀ ਤਾਂ ਕਲਗੀਧਰ ਜੀ ਨੇ ਫੁਰਮਾਇਆ, ''ਵਰ ਮੰਗੋ।'' ਮਹਾ ਸਿੰਘ ਨੇ ਅਰਜ਼ ਗੁਜ਼ਾਰੀ ਕਿ ''ਜੇ ਆਪ ਤੁੱਠੇ ਹੋ, ਤਾਂ ਸੰਗਤ ਦਾ 'ਬੇਦਾਵਾ ਪੱਤਰ' ਪਾੜ ਕੇ ਟੁੱਟੀ ਗੰਢੋ, ਹੋਰ ਕੋਈ ਵਾਸਨਾ ਨਹੀਂ।'' ਜਗਤ ਗੁਰੂ ਨੇ ਧੰਨ ਬੇਦਾਵਾ ਪੱਤਰ ਮਹਾ ਸਿੰਘ ਨੂੰ ਦਿਖਾ ਕੇ ਚਾਕ ਕਰ ਦਿੱਤਾ। ਮਹਾ ਸਿੰਘ ਜੀ ਗੁਰੂ ਜੀ ਦਾ ਦਰਸ਼ਨ ਕਰਦੇ ਹੋਏ ਗੁਰਪੁਰੀ ਨੂੰ ਪਧਾਰੇ। ਕਲਗੀਧਰ ਪਾਤਸ਼ਾਹ ਨੇ ਆਪਣੇ ਹੱਥੀਂ ਇਨ੍ਹਾਂ ਮੁਕਤੇ ਵੀਰਾਂ ਦਾ ਸਸਕਾਰ ਕੀਤਾ। ਇਸ ਅਸਥਾਨ 'ਤੇ ਅੱਜ ਇਨ੍ਹਾਂ ਚਾਲੀ ਸਿੰਘਾਂ ਦੀ ਯਾਦ ਵਿਚ ਗੁਰਦੁਆਰਾ ਸ਼ਹੀਦਗੰਜ ਸੁਸ਼ੋਭਿਤ ਹੈ।

ਚਾਲੀ ਮੁਕਤੇ

ਇਸ ਜੰਗ ਵਿਚ ਜੋ ਚਾਲੀ ਸਿੰਘ ਸ਼ਹੀਦ ਹੋਏ ਸਨ ਉਨ੍ਹਾਂ ਚਾਲੀ ਮੁਕਤਿਆਂ ਦੇ ਨਾਂ ਇਸ ਪ੍ਰਕਾਰ ਹਨ : ਸਮੀਰ ਸਿੰਘ, ਸਾਧੂ ਸਿੰਘ, ਸਰਜਾ ਸਿੰਘ, ਸੁਹੇਲ ਸਿੰਘ, ਸੁਲਤਾਨ ਸਿੰਘ, ਸੋਭਾ ਸਿੰਘ, ਸੰਤ ਸਿੰਘ, ਹਰਸ਼ਾ ਸਿੰਘ, ਹਰੀ ਸਿੰਘ, ਕਰਨ ਸਿੰਘ, ਕਰਮ ਸਿੰਘ, ਕਾਲਾ ਸਿੰਘ, ਮੈਯਾ ਸਿੰਘ, ਕੀਰਤ ਸਿੰਘ, ਕ੍ਰਿਪਾਲ ਸਿੰਘ, ਖ਼ੁਸ਼ਹਾਲ ਸਿੰਘ, ਗੁਲਾਬ ਸਿੰਘ, ਗੰਗਾ ਸਿੰਘ, ਗੰਡਾ ਸਿੰਘ, ਘਰਬਾਰਾ ਸਿੰਘ, ਚੰਬਾ ਸਿੰਘ, ਜਾਦੋ ਸਿੰਘ, ਜੋਗਾ ਸਿੰਘ, ਜੰਗ ਸਿੰਘ, ਦਿਆਲ ਸਿੰਘ, ਦਰਬਾਰਾ ਸਿੰਘ, ਦਿਲਬਾਗ ਸਿੰਘ, ਧਰਮ ਸਿੰਘ, ਧੰਨਾ ਸਿੰਘ, ਨਿਹਾਲ ਸਿੰਘ, ਨਿਧਾਨ ਸਿੰਘ, ਬੂੜ ਸਿੰਘ, ਭਾਗ ਸਿੰਘ, ਭੋਲਾ ਸਿੰਘ, ਭੰਗਾ ਸਿੰਘ, ਮਹਾ ਸਿੰਘ, ਮੱਜਾ ਸਿੰਘ, ਮਾਨ ਸਿੰਘ, ਰਾਇ ਸਿੰਘ ਤੇ ਲਛਮਣ ਸਿੰਘ।

J ਧਰਮਿੰਦਰ ਸਿੰਘ ਚੱਬਾ

Posted By: Harjinder Sodhi