ਮਨੁੱਖੀ ਸਰੀਰ ਵਿਚ ਆਮ ਤੌਰ ’ਤੇ ਦੋ ਬਲ ਕੰਮ ਕਰਦੇ ਹਨ। ਇਕ ਸਰੀਰਕ ਬਲ ਤੇ ਦੂਜਾ ਆਤਮ ਬਲ। ਸਰੀਰਕ ਬਲ ਪੌਸ਼ਟਿਕ ਆਹਾਰ ਨਾਲ ਪੇਟ ਦੀ ਭੁੱਖ ਸ਼ਾਂਤ ਕਰ ਕੇ ਪ੍ਰਾਪਤ ਕੀਤਾ ਜਾ ਸਕਦਾ ਹੈ ਪਰ ਆਤਮਿਕ ਬਲ ਲਈ ਆਤਮਿਕ ਸੰਤੁਸ਼ਟੀ ਜ਼ਰੂਰੀ ਹੈ ਜੋ ਸੱਚ, ਸਦਾਚਾਰ ਆਦਿ ਸਾਤਵਿਕ ਗੁਣਾਂ ਤੋਂ ਪ੍ਰਾਪਤ ਹੁੰਦੀ ਹੈ। ਸ੍ਰੀਮਦਭਗਵਤ ਗੀਤਾ ਮੁਤਾਬਕ ਸੱਚ, ਅਹਿੰਸਾ, ਦਇਆ, ਦਾਨ, ਤਿਆਗ, ਇੰਦਰੀਆਂ ਦਾ ਸੰਜਮ, ਹਾਜਤ (ਪਵਿੱਤਰਤਾ), ਕੋਮਲਤਾ ਆਦਿ ਪੁਰਸ਼ ਦੀਆਂ ਦੈਵੀ ਸੰਪਤੀਆਂ ਹਨ ਜੋ ਗਿਆਨ ਪ੍ਰਕਾਸ਼ ਅਤੇ ਸੁੱਖ-ਸ਼ਾਂਤੀ ਲਈ ਜ਼ਰੂਰੀ ਹਨ। ਇਹੀ ਆਤਮ ਤੱਤ ਦੇ ਸੋਮੇ ਹੋਣ ਕਾਰਨ ਆਤਮ ਬਲ ਵਧਾਊ ਵੀ ਹਨ। ਪੁਰੂਸ਼ਾਰਥ ਸਿੱਧੀ ਦਾ ਸਭ ਤੋਂ ਵੱਡਾ ਸਾਧਨ ਇਹੀ ਆਤਮ ਬਲ ਹੈ। ਕਈ ਗੁਣਾਂ ਤੋਂ ਉਤਪੰਨ ਹੋਣ ਕਾਰਨ ਇਹ ਬੇਹੱਦ ਸ਼ਕਤੀਸ਼ਾਲੀ ਹੁੰਦਾ ਹੈ। ਇਸ ਨਾਲ ਅਸੰਭਵ ਕੰਮ ਵੀ ਸੰਭਵ ਹੋ ਜਾਂਦੇ ਹਨ। ਮਹਾਤਮਾ ਗਾਂਧੀ ਨੇ ਜੇਕਰ ਅੰਗਰੇਜ਼ਾਂ ਨਾਲ ਲੋਹਾ ਲਿਆ ਤਾਂ ਇਸ ਵਿਚ ਉਨ੍ਹਾਂ ਦਾ ਆਤਮ ਬਲ ਹੀ ਸੀ ਜਿਸ ਨੂੰ ਉਨ੍ਹਾਂ ਨੇ ਆਪਣੀਆਂ ਦੈਵੀ ਸ਼ਕਤੀਆਂ ਜ਼ਰੀਏ ਹਾਸਲ ਕੀਤਾ ਸੀ। ਮਹਾਨ ਭੌਤਿਕ ਵਿਗਿਆਨੀ ਸਟੀਫਨ ਹਾਕਿੰਗ ਨੇ ਆਤਮ ਬਲ ਨਾਲ ਹੀ ਆਪਣੀ ਗੰਭੀਰ ਬਿਮਾਰੀ ’ਤੇ ਜਿੱਤ ਪ੍ਰਾਪਤ ਕਰ ਕੇ ਡਾਕਟਰਾਂ ਦੀ ਭਵਿੱਖਬਾਣੀ ਨੂੰ ਮਿੱਥ ਜਿਹੀ ਸਿੱਧ ਕਰ ਦਿੱਤਾ ਸੀ। ਪ੍ਰੇਰਕ ਵਚਨਾਂ ਨਾਲ ਵੀ ਆਤਮ ਬਲ ਵਧਾਇਆ ਜਾ ਸਕਦਾ ਹੈ। ਮਹਾਭਾਰਤ ਦਾ ਵਿਦੁਲੋਪਾਖਯਾਨ ਇਸ ਦਾ ਸਬੂਤ ਹੈ। ਦੁਸ਼ਮਣ ਨੂੰ ਪਿੱਠ ਦਿਖਾ ਕੇ ਜੰਗ ਦੇ ਮੈਦਾਨ ਤੋਂ ਭੱਜ ਕੇ ਆਏ ਪੁੱਤਰ ਸੰਜੇ ਦੇ ਅੰਦਰ ਬਹਾਦਰੀ ਦਾ ਭਾਵ ਭਰਨ ਲਈ ਵਿਦੁਲਾ ਨੇ ਆਪਣੇ ਵਾਕ ਕੌਸ਼ਲ ਨਾਲ ਉਸ ਦਾ ਆਤਮ ਬਲ ਜਾਗਿ੍ਰਤ ਕੀਤਾ ਜਿਸ ਕਾਰਨ ਉਹ ਜੰਗ ਵਿਚ ਜੇਤੂ ਹੋ ਕੇ ਪਰਤਿਆ। ਰਾਮਾਇਣ ਵਿਚ ਜਾਮਵੰਤ ਨੇ ਆਪਣੀ ਪ੍ਰੇਰਣਾਦਾਇਕ ਬਾਣੀ ਸਦਕਾ ਦੀਨ-ਹੀਣ ਬੈਠੇ ਹਨੂੰਮਾਨ ਦੇ ਅੰਦਰ ਆਤਮ ਬਲ ਦਾ ਹੀ ਸੰਚਾਰ ਕੀਤਾ। ਕੋਰੋਨਾ ਮਹਾਮਾਰੀ ਦੇ ਇਸ ਕਾਲ ਵਿਚ ਸਭ ਪਾਸੇ ਇਮਿਊਨਿਟੀ ਵਧਾਉਣ ਦੀ ਗੱਲ ਹੋ ਰਹੀ ਹੈ। ਇਹ ਇਮਿਊਨਿਟੀ ਇਕ ਤਰ੍ਹਾਂ ਨਾਲ ਆਤਮ ਬਲ ਹੀ ਹੈ। ਇਸ ਨੂੰ ਵਧਾਉਣ ਲਈ ਡਾਕਟਰਾਂ ਦੁਆਰਾ ਯੋਗਾ, ਪ੍ਰਾਣਾਯਾਮ, ਸ਼ੁੱਧਤਾ ਅਤੇ ਸਾਤਵਿਕ ਆਹਾਰ ਕਰਨ ਦੀ ਸਲਾਹ ਦਿੱਤੀ ਜਾ ਰਹੀ ਹੈ। ਇਹ ਸਾਰੇ ਸਾਤਵਿਕ ਗੁਣ ਹਨ। ਇਨ੍ਹਾਂ ਨੂੰ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਹਿੱਸਾ ਬਣਾਓ ਅਤੇ ਆਤਮ ਬਲ ਨੂੰ ਹਾਸਲ ਕਰ ਕੇ ਸੱਚੇ ਸੰਕਲਪਾਂ ਨੂੰ ਪੂਰੇ ਕਰੋ।

-ਡਾ. ਸੱਤਿਆ ਪ੍ਰਕਾਸ਼ ਮਿਸ਼ਰ।

Posted By: Jagjit Singh