ਇਕ ਨਿੱਕੀ ਜਿਹੀ ਕੀੜੀ ਲੰਬਾ ਸਫ਼ਰ ਤੈਅ ਕਰ ਕੇ ਆਪਣੇ ਲਈ ਭੋਜਨ ਦਾ ਜੁਗਾੜ ਕਰਦੀ ਹੈ। ਉਸ ਦੀ ਆਤਮ-ਨਿਰਭਰਤਾ ਚਮਤਕਾਰ ਕਰਦੀ ਹੈ। ਉਹ ਕਿਸੇ 'ਤੇ ਨਿਰਭਰ ਨਹੀਂ। ਉਸ ਨੂੰ ਖ਼ੁਦ 'ਤੇ ਪੂਰਨ ਭਰੋਸਾ ਹੈ। ਨਿੱਕੀ ਜਿਹੀ ਕਾਇਆ ਦਾ ਸੰਦੇਸ਼ ਵਿਰਾਟ ਹੈ।

ਖ਼ੁਦ ਦੀ ਕੋਸ਼ਿਸ਼ ਅਤੇ ਖ਼ੁਦ 'ਤੇ ਵਿਸ਼ਵਾਸ ਸਦਕਾ ਅਸੀਂ ਆਤਮ-ਨਿਰਭਰ ਬਣ ਸਕਦੇ ਹਾਂ। ਆਤਮ-ਨਿਰਭਰਤਾ ਦਾ ਭਾਵ ਭਾਰਤ ਦੀ ਉਦਾਰ ਸੰਸਕ੍ਰਿਤੀ ਦਾ ਸੁਭਾਵਿਕ ਰੂਪ ਹੈ। ਸਾਡੇ ਧਰਮ ਗ੍ਰੰਥਾਂ, ਪੁਰਾਤਨ ਕਹਾਣੀਆਂ ਦੇ ਅਨੇਕਾਂ ਪ੍ਰਸੰਗ ਆਤਮ-ਨਿਰਭਰਤਾ ਵਾਸਤੇ ਪ੍ਰੇਰਿਤ ਕਰਦੇ ਹਨ।

ਖ਼ੁਦ 'ਤੇ ਨਿਰਭਰ ਵਿਅਕਤੀ ਦੀ ਕਿਸਮਤ ਵਿਚ ਕਦੇ ਵੀ ਦਲਿੱਦਰ ਨਹੀਂ ਆਉਂਦਾ। ਉਹ ਸਦਾ ਦੇਣ ਦੀ ਸਥਿਤੀ ਵਿਚ ਰਹਿੰਦਾ ਹੈ, ਮੰਗਣ ਦਾ ਸੁਭਾਅ ਸਮਾਪਤ ਹੋ ਜਾਂਦਾ ਹੈ। ਸਾਡੀ ਕਰਮਸ਼ੀਲਤਾ ਆਤਮ-ਨਿਰਭਰਤਾ ਦੇ ਭਾਵ ਨੂੰ ਮਜ਼ਬੂਤ ਕਰਦੀ ਹੈ। ਅਸੀਂ ਖ਼ੁਦ ਆਪਣੀ ਕਿਸਮਤ ਬਣਾ ਸਕਦੇ ਹਾਂ। ਖ਼ੁਦ ਆਪਣੀ ਤਲੀ ਦੀਆਂ ਰੇਖਾਵਾਂ ਨੂੰ ਪਰਿਭਾਸ਼ਤ ਕਰ ਸਕਦੇ ਹਾਂ। ਇਹ ਸਭ ਪੁਰੂਸ਼ਾਰਥ ਨਾਲ ਹੀ ਸੰਭਵ ਹੈ। ਇਕ ਚਿੜੀ ਬੱਚਿਆਂ ਨੂੰ ਜਨਮ ਦਿੰਦੀ ਹੈ। ਜਨਮ ਤੋਂ ਬਾਅਦ ਉਨ੍ਹਾਂ ਨੂੰ ਚੋਗਾ ਖੁਆਉਂਦੀ ਹੈ। ਬੱਚੇ ਪੂਰਨ ਤੌਰ 'ਤੇ ਮਾਂ 'ਤੇ ਨਿਰਭਰ ਹੁੰਦੇ ਹਨ।

ਹੌਲੀ-ਹੌਲੀ ਬੱਚਿਆਂ ਦੇ ਖੰਭ ਨਿਕਲਣ ਲੱਗਦੇ ਹਨ। ਮਾਂ ਉਨ੍ਹਾਂ ਨੂੰ ਉੱਡਣਾ ਸਿਖਾਉਂਦੀ ਹੈ। ਬੱਚੇ ਉੱਡਣਾ ਸਿੱਖ ਜਾਂਦੇ ਹਨ। ਹੁਣ ਉਹ ਮਾਂ ਨੂੰ ਚੋਗਾ ਲਿਆਉਣ ਲਈ ਨਹੀਂ ਕਹਿੰਦੇ ਸਗੋਂ ਖ਼ੁਦ ਆਪਣੇ ਭੋਜਨ ਦੀ ਵਿਵਸਥਾ ਕਰਦੇ ਹਨ। ਇਹ ਸਭ ਵੱਡੀ ਪ੍ਰੇਰਨਾ ਦਿੰਦਾ ਹੈ। ਇਕ ਪੰਛੀ ਜਦ ਆਤਮ-ਨਿਰਭਰ ਹੋ ਕੇ ਜੀਵਨ ਗੁਜ਼ਾਰ ਸਕਦਾ ਹੈ ਤਾਂ ਆਖ਼ਰ ਮਨੁੱਖ ਕਿਉਂ ਨਹੀਂ? ਮਨੁੱਖ ਕਈ ਵਾਰ ਭਰਮ ਦਾ ਸ਼ਿਕਾਰ ਹੋ ਕੇ ਖ਼ੁਦ ਦੇ ਸੋਮੇ ਵਿਕਸਤ ਨਹੀਂ ਕਰਦਾ।

ਉਸ ਨੂੰ ਦੂਜਿਆਂ 'ਤੇ ਨਿਰਭਰ ਰਹਿਣਾ ਚੰਗਾ ਲੱਗਦਾ ਹੈ ਪਰ ਇਹ ਭਾਵ ਉਸ ਨੂੰ ਨਕਾਰਾ ਬਣਾ ਦਿੰਦਾ ਹੈ। ਅੱਜ ਹਾਲਾਤ ਆਤਮ-ਨਿਰਭਰ ਹੋਣ ਨੂੰ ਪੁਕਾਰ ਰਹੇ ਹਨ। ਇਹ ਗੱਲਾਂ ਇਕ ਵਿਅਕਤੀ ਅਤੇ ਰਾਸ਼ਟਰ ਦੋਵਾਂ 'ਤੇ ਨਿਰਭਰ ਕਰਦੀਆਂ ਹਨ। ਇਕ ਰਾਸ਼ਟਰ ਜੇਕਰ ਆਪਣੇ ਸੋਮਿਆਂ 'ਤੇ ਆਤਮ-ਨਿਰਭਰ ਨਹੀਂ ਤਾਂ ਉਹ ਵੱਧ-ਫੁੱਲ ਨਹੀਂ ਸਕਦਾ। ਉਸ ਦੀ ਉੱਨਤੀ 'ਤੇ ਗ੍ਰਹਿਣ ਲੱਗ ਸਕਦਾ ਹੈ। ਰਾਸ਼ਟਰ ਨੂੰ ਆਤਮ-ਨਿਰਭਰ ਬਣਨ ਲਈ ਉਸ ਦੇ ਨਾਗਰਿਕਾਂ ਦਾ ਸਵੈ-ਨਿਰਭਰ ਹੋਣਾ ਅਤਿਅੰਤ ਜ਼ਰੂਰੀ ਹੈ। ਆਤਮ-ਨਿਰਭਰ ਇਨਸਾਨ ਹੀ ਜੀਵਨ ਦਾ ਅਸਲੀ ਮਜ਼ਾ ਲੈ ਸਕਦਾ ਹੈ।-ਲਲਿਤ ਸ਼ੌਰੀਆ।

Posted By: Sunil Thapa