ਆਤਮ-ਬਲ ਆਤਮਾ ਦੀ ਉਹ ਮਜ਼ਬੂਤੀ ਹੁੰਦੀ ਹੈ ਜਿਸ ਸਦਕਾ ਇਨਸਾਨ ਜੀਵਨ 'ਚ ਉੱਚ ਪੱਧਰੀ ਸਫਲਤਾ ਹਾਸਲ ਕਰ ਸਕਦਾ ਹੈ। ਇਹ ਸਫਲਤਾ ਦੀ ਕੁੰਜੀ ਹੈ। ਦੁਨੀਆ ਭਰ ਵਿਚ ਸਰੀਰ ਨੂੰ ਸਿਹਤਮੰਦ ਅਤੇ ਮਜ਼ਬੂਤ ਰੱਖਣ ਦੇ ਅਨੇਕਾਂ ਸਾਧਨ ਮੌਜੂਦ ਹਨ ਪਰ ਜਿਸ ਆਤਮਾ ਕਾਰਨ ਸਰੀਰ ਸਜੀਵ ਰਹਿੰਦਾ ਹੈ, ਉਸ ਦੀ ਮਜ਼ਬੂਤੀ ਅਤੇ ਸ਼ਾਂਤੀ ਲਈ ਇਨਸਾਨ ਕੋਈ ਜ਼ਿਆਦਾ ਤਰੱਦਦ ਕਰਦਾ ਨਜ਼ਰ ਨਹੀਂ ਆ ਰਿਹਾ। ਜਦ ਆਤਮਾ ਕਮਜ਼ੋਰ ਹੋ ਜਾਂਦੀ ਹੈ ਤਾਂ ਸਰੀਰ ਵੀ ਕੋਈ ਜ਼ਿਆਦਾ ਚੰਗੀ ਕਾਰਗੁਜ਼ਾਰੀ ਨਹੀਂ ਦਿਖਾ ਸਕੇਗਾ। ਆਤਮਿਕ ਕਮਜ਼ੋਰੀ ਕਾਰਨ ਹੀ ਅੱਜ ਇਨਸਾਨ ਸੁੱਖ-ਸਹੂਲਤਾਂ ਹੋਣ ਦੇ ਬਾਵਜੂਦ ਅਸ਼ਾਂਤ ਅਤੇ ਭਵਿੱਖ ਪ੍ਰਤੀ ਲੋੜ ਤੋਂ ਵੱਧ ਚਿੰਤਤ ਦਿਖਾਈ ਦਿੰਦਾ ਹੈ। ਆਤਮਾ ਦੀ ਕਮਜ਼ੋਰੀ ਕਾਰਨ ਹੀ ਮਨੋਰੋਗ ਹੋ ਜਾਂਦੇ ਹਨ ਅਤੇ ਇਨਸਾਨ ਦੀ ਜ਼ਿੰਦਗੀ ਬੇਰਸ ਹੋ ਜਾਂਦੀ ਹੈ। ਸੋ ਲੋੜ ਹੈ ਸਰੀਰ ਦੇ ਨਾਲ-ਨਾਲ ਆਤਮਾ ਨੂੰ ਵੀ ਮਜ਼ਬੂਤ ਬਣਾਉਣ ਦੀ। ਆਤਮ-ਬਲ ਕਿਤੇ ਬਾਹਰੋਂ ਨਹੀਂ ਮਿਲ ਸਕਦਾ ਅਤੇ ਨਾ ਹੀ ਇਸ ਨੂੰ ਵਧਾਉਣ ਲਈ ਸੰਸਾਰ ਵਿਚ ਕੋਈ ਦਵਾਈ ਜਾਂ ਰਸਾਇਣ ਬਣਿਆ ਹੈ। ਆਤਮ-ਬਲ ਦੀ ਪ੍ਰਾਪਤੀ ਅਵਿਨਾਸ਼ੀ ਪ੍ਰਭੂ ਨੂੰ ਯਾਦ ਕਰਨ ਨਾਲ ਹੀ ਹੁੰਦੀ ਹੈ। ਪਰਮਾਤਮਾ ਦੀ ਨਿਰੰਤਰ ਭਗਤੀ ਅਤੇ ਅਰਦਾਸ ਕਰਨ ਨਾਲ ਸਾਡਾ ਮਨ ਸਹੀ ਪਾਸੇ ਤੁਰਨ ਲੱਗਦਾ ਹੈ ਅਤੇ ਆਤਮਾ ਦੀ ਸ਼ੁੱਧੀ ਹੁੰਦੀ ਜਾਂਦੀ ਹੈ। ਆਤਮ ਚਿੰਤਨ ਅਤੇ ਆਤਮ ਦਰਸ਼ਨ ਨਾਲ ਆਤਮਾ ਮਜ਼ਬੂਤ ਹੁੰਦੀ ਹੈ ਅਤੇ ਇਨਸਾਨ ਆਤਮ-ਬਲ ਦੀ ਪ੍ਰਾਪਤੀ ਕਰ ਸਕਦਾ ਹੈ। ਜਿਸ ਵਿਅਕਤੀ ਵਿਚ ਆਤਮ-ਬਲ ਉੱਚ ਪੱਧਰੀ ਹੁੰਦਾ ਹੈ ਉਹ ਜੀਵਨ 'ਚ ਕਦੇ ਵੀ ਮਨ ਤੋਂ ਹਾਰਦਾ ਨਹੀਂ ਅਤੇ ਮਨ ਨੂੰ ਜਿੱਤਣ ਵਾਲਾ ਹੀ ਜੀਵਨ ਦੇ ਉਦੇਸ਼ਾਂ ਦੀ ਪ੍ਰਾਪਤੀ ਕਰ ਸਕਦਾ ਹੈ। ਪ੍ਰਭੂ ਭਗਤੀ ਸਦਕਾ ਆਤਮਾ ਰੂਹਾਨੀ ਪ੍ਰਕਾਸ਼ ਨਾਲ ਭਰਦੀ ਜਾਂਦੀ ਹੈ ਅਤੇ ਇਨਸਾਨ ਦੇ ਦਿਮਾਗ ਨੂੰ ਤੀਖਣ ਬੁੱਧੀ ਅਤੇ ਵਿਵੇਕ ਪ੍ਰਦਾਨ ਕਰਦੀ ਹੈ। ਆਤਮ-ਬਲ ਕਾਰਨ ਵਿਅਕਤੀ ਜੀਵਨ ਦੀਆਂ ਉੱਚ ਕਦਰਾਂ-ਕੀਮਤਾਂ ਦੀ ਪ੍ਰਾਪਤੀ ਕਰਦਾ ਹੋਇਆ ਹਰ ਖੇਤਰ 'ਚ ਨਾਮਣਾ ਖੱਟ ਸਕਦਾ ਹੈ। ਸੋ ਆਓ! ਸਰੀਰ ਦੇ ਨਾਲ-ਨਾਲ ਇਸ ਨੂੰ ਚਲਾਉਣ ਵਾਲੀ ਆਤਮਾ ਦੀ ਵੀ ਸਾਰ ਲਈਏ ਅਤੇ ਆਤਮਾ ਨੂੰ ਮਜ਼ਬੂਤ ਅਤੇ ਸ਼ੁੱਧ ਬਣਾ ਕੇ ਪਰਮਾਤਮਾ ਦੇ ਦਿੱਤੇ ਅਨਮੋਲ ਜੀਵਨ ਨੂੰ ਸਾਰਥਕ ਬਣਾਈਏ। ਜਦ ਸਾਡਾ ਜੀਵਨ ਸਾਰਥਕ ਬਣ ਜਾਵੇਗਾ ਤਾਂ ਸਾਡਾ ਲੋਕ-ਪਰਲੋਕ ਵੀ ਸੁਧਾਰ ਜਾਵੇਗਾ।

-ਯਸ਼ਪਾਲ ਮਾਹਵਰ।

(90413-47351)

Posted By: Jagjit Singh