ਨੌਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਦਾ ਜਨਮ ਪਹਿਲੀ ਅਪ੍ਰੈਲ 1621 ਨੂੰ ਅੰਮ੍ਰਿਤਸਰ ਵਿਖੇ ਮਾਤਾ ਨਾਨਕੀ ਜੀ ਤੇ ਪਿਤਾ ਗੁਰੂ ਹਰਿਗੋਬਿੰਦ ਸਾਹਿਬ ਦੇ ਗ੍ਰਹਿ ਵਿਖੇ ਹੋਇਆ। ਗੁਰੂ ਹਰਿਕ੍ਰਿਸ਼ਨ ਜੀ ਨੇ ਜੋਤੀ-ਜੋਤਿ ਸਮਾਉਣ ਵੇਲੇ 'ਬਾਬਾ ਬਕਾਲੇ' ਸ਼ਬਦ ਕਹੇ, ਜਿਸ ਤੋਂ ਇਸ਼ਾਰਾ ਗੁਰੂ ਤੇਗ ਬਹਾਦਰ ਜੀ ਵੱਲ ਸੀ, ਜੋ ਉਸ ਸਮੇਂ ਬਾਬਾ ਬਕਾਲਾ ਵਿਖੇ ਰਹਿ ਰਹੇ ਸਨ ਪਰ ਬਾਬਾ ਬਕਾਲਾ ਵਿਖੇ ਧੀਰ ਮੱਲ ਵਰਗੇ ਹੋਰ ਕਈ ਗੱਦੀਆਂ ਲਗਾ ਕੇ ਗੁਰੂ ਬਣ ਬੈਠੇ ਸਨ। ਮਾਰਚ 1665 ਦੀ ਵਿਸਾਖੀ ਮੌਕੇ ਸੰਗਤਾਂ ਨੌਵੇਂ ਗੁਰੂ ਜੀ ਦੇ ਦਰਸ਼ਨਾਂ ਵਾਸਤੇ ਆਈਆਂ। ਸੰਗਤਾਂ ਨੇ ਭਾਈ ਮੱਖਣ ਸ਼ਾਹ ਲੁਬਾਣਾ ਦੀ ਅਗਵਾਈ ਹੇਠ ਅਸਲੀ ਗੁਰੂ ਦੀ ਪਛਾਣ ਕਰ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਗੁਰੂ ਹੋਣ ਦਾ ਐਲਾਨ ਕੀਤਾ। ਉਸ ਸਮੇਂ ਧੀਰ ਮੱਲ ਨੇ ਗੁਰੂ ਜੀ 'ਤੇ ਗੋਲੀ ਵੀ ਚਲਵਾਈ ਤੇ ਸਮਾਨ ਵੀ ਲੁੱਟਿਆ ਪਰ ਗੁਰੂ ਜੀ ਨੇ ਗੁੱਸਾ ਨਾ ਕੀਤਾ। ਜਦ ਮੱਖਣ ਸ਼ਾਹ ਲੁਬਾਣੇ ਨੇ ਧੀਰ ਮੱਲ ਤੋਂ ਲੁੱਟਿਆ ਸਮਾਨ ਵਾਪਸ ਲਿਆਂਦਾ ਤਾਂ ਗੁਰੂ ਜੀ ਨੇ ਉਸ ਨੂੰ ਮਾਫ਼ ਕਰ ਕੇ ਸਮਾਨ ਵਾਪਸ ਮੋੜ ਦਿੱਤਾ।

ਧੀਰ ਮੱਲ ਤੇ ਹੋਰ ਮਸੰਦਾਂ ਦੀ ਈਰਖਾ ਕਾਰਨ ਗੁਰੂ ਜੀ ਨੇ ਕੀਰਤਪੁਰ ਦੇ ਉੱਤਰ-ਪੱਛਮ 'ਚ ਪੰਜ ਮੀਲ ਦੀ ਵਿੱਥ 'ਤੇ ਕਹਿਲੂਰ ਦੇ ਰਾਜੇ ਪਾਸੋਂ 500 ਰੁਪਏ 'ਚ ਜ਼ਮੀਨ ਖ਼ਰੀਦ ਕੇ 'ਚੱਕ ਨਾਨਕੀ' (ਅਨੰਦਪੁਰ ਸਾਹਿਬ) ਨਗਰ ਵਸਾਇਆ। ਇਸ ਉਪਰੰਤ ਗੁਰੂ ਜੀ ਸਿੱਖੀ ਦੇ ਪ੍ਰਚਾਰ ਵਾਸਤੇ ਯਾਤਰਾਵਾਂ 'ਤੇ ਨਿਕਲੇ। ਉਹ ਮਾਲਵਾ, ਬਾਂਗਰ ਹੁੰਦੇ ਹੋਏ ਆਗਰਾ, ਇਲਾਹਾਬਾਦ, ਬਨਾਰਸ, ਗਯਾ ਤੇ ਪਟਨਾ ਗਏ। ਪਰਿਵਾਰ ਨੂੰ ਪਟਨਾ ਵਿਖੇ ਛੱਡ ਕੇ ਗੁਰੂ ਜੀ ਢਾਕੇ ਵੱਲ ਚੱਲ ਪਏ।

ਢਾਕਾ ਵਿਖੇ ਗੁਰੂ ਜੀ ਨੂੰ ਦਸੰਬਰ 1666 ਨੂੰ ਆਪਣੇ ਸਪੁੱਤਰ ਗੋਬਿੰਦ ਰਾਇ ਦੇ ਜਨਮ ਦੀ ਖ਼ਬਰ ਮਿਲੀ। ਇਸ ਤੋਂ ਬਾਅਦ ਗੁਰੂ ਜੀ ਢਾਕੇ ਤੋਂ ਆਸਾਮ ਵੱਲ ਗਏ, ਜਿੱਥੇ ਆਸਾਮ ਦੇ ਰਾਜੇ ਤੇ ਰਾਜਾ ਰਾਮ ਸਿੰਘ ਦੀ ਸੁਲਹ ਕਰਵਾਈ। ਦੋ ਸਾਲ ਆਸਾਮ 'ਚ ਗੁਜ਼ਾਰ ਕੇ ਗੁਰੂ ਜੀ ਪੰਜਾਬ ਪਰਤੇ ਤੇ ਪਰਿਵਾਰ ਨੂੰ ਵੀ ਅਨੰਦਪੁਰ ਸਾਹਿਬ ਬੁਲਾ ਲਿਆ।

ਗੁਰੂ ਜੀ ਔਰੰਗਜ਼ੇਬ ਦੀ ਨੀਤੀ ਤੋਂ ਜਾਣੂ ਸਨ, ਇਸ ਲਈ ਆਪ 1673 ਵਿਚ ਲੋਕਾਂ ਨੂੰ ਮਿਲਣ ਲਈ ਦੌਰੇ 'ਤੇ ਨਿਕਲੇ ਤੇ ਹਰ ਥਾਂ ਲੋਕਾਂ ਨੂੰ ਭੈਅ ਤਿਆਗ ਕੇ ਸਰਕਾਰੀ ਅੱਤਿਆਚਾਰ ਦਾ ਟਾਕਰਾ ਕਰਨ ਦਾ ਪ੍ਰਚਾਰ ਕੀਤਾ। ਇਫ਼ਤਿਖਾਰ ਖ਼ਾਂ ਉਸ ਸਮੇਂ ਕਸ਼ਮੀਰ ਦਾ ਗਵਰਨਰ ਸੀ। ਉਹ ਕਸ਼ਮੀਰੀ ਬ੍ਰਾਹਮਣਾਂ 'ਤੇ ਜ਼ੁਲਮ ਕਰ ਕੇ ਜ਼ੋਰੀਂ ਮੁਸਲਮਾਨ ਬਣਾ ਰਿਹਾ ਸੀ। ਤੰਗ ਆ ਕੇ 16 ਕਸ਼ਮੀਰੀ ਬ੍ਰਾਹਮਣਾਂ ਦਾ ਵਫ਼ਦ ਮਟਨ ਨਿਵਾਸੀ ਕਿਰਪਾ ਰਾਮ ਦੱਤ ਦੀ ਅਗਵਾਈ 'ਚ ਅਨੰਦਪੁਰ ਸਾਹਿਬ ਪੁੱਜਾ ਤੇ 25 ਮਈ 1675 ਨੂੰ ਗੁਰੂ ਤੇਗ ਬਹਾਦਰ ਜੀ ਦੇ ਦਰਸ਼ਨ ਕੀਤੇ। ਇਸ ਬਾਰੇ 'ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬਲਉਤੋਂ ਕਾ' 'ਚ ਲਿਖਿਆ ਹੈ : “ਭਾਈ ਕ੍ਰਿਪਾ ਰਾਮ ਬੇਟਾ ਅੜੂ ਰਾਮ ਕਾ ਪੋਤਾ ਨਰੈਣ ਦਾਸ ਕਾ ਪੜਪੋਤਾ ਬ੍ਰਹਮ ਦਾਸ ਕਾ ਬੰਸ ਠਾਕਰ ਦਾਸ ਕੀ ਦੱਤ ਗੋਤਰਾ ਮੁਝਾਲ ਬ੍ਰਾਹਮਣ ਬਾਸੀ ਮਟਨ ਦੇਸ਼ ਕਸ਼ਮੀਰ ਸੰਮਤ ਸਤਰਾ ਸੈ ਬਤੀਸ ਜੇਠ ਮਾਸੇ ਸੁਦੀ ਇਕਾਦਸੀ ਕੇ ਦਿਹੁ ਖੋੜਸ ਬ੍ਰਾਹਮਨੋਂ ਗੈਲ ਗ੍ਰਾਮ ਚੱਕ ਨਾਨਕੀ ਪ੍ਰਗਨਾ ਕਹਿਲੂਰ ਗੁਰੂ ਤੇਗ ਬਹਾਦਰ ਜੀ ਮਹਲਨਾਮਾ ਕੇ ਦਰਬਾਰ ਆਏ ਕਰ ਫ਼ਰਿਆਦੀ ਹੂਆ। ਗੁਰੂ ਜੀ ਨੇ ਇਸੇ ਧੀਰਜ ਦਈ, ਬਚਨ ਹੋਆ ਤੁਸਾਂ ਕੀ ਰਕਸ਼ਾ ਨਾਨਕ ਜੀ ਕਰੇਗਾ।

ਪੰਡਤ ਕਿਰਪਾ ਰਾਮ ਗੁਰੂ ਘਰ ਦੀ ਸੁਹਿਰਦਤਾ ਤੋਂ ਜਾਣੂ ਸੀ। ਕਸ਼ਮੀਰੀ ਪੰਡਤ ਸੋਚਦੇ ਸਨ ਕਿ ਗੁਰੂ ਸਾਹਿਬ ਬਿਨਾਂ ਕਿਸੇ ਰੁਕਾਵਟ ਦੇ ਤੇ ਬਿਨਾਂ ਇਤਰਾਜ਼ ਬੰਗਾਲ ਤੇ ਆਸਾਮ 'ਚ ਪ੍ਰਚਾਰ ਕਰ ਕੇ ਕਈ ਲੋਕਾਂ ਨੂੰ ਸਿੱਖ ਬਣਾ ਕੇ ਆਏ ਸਨ। ਦੂਸਰਾ, ਜੈਪੁਰ ਦੇ ਰਾਜਾ ਰਾਮ ਸਿੰਘ ਨਾਲ ਔਰੰਗਜ਼ੇਬ ਦੇ ਸਬੰਧ ਵਧੀਆ ਸਨ ਤੇ ਰਾਜਾ ਰਾਮ ਸਿੰਘ ਗੁਰੂ ਜੀ ਦਾ ਬੜਾ ਆਦਰ ਕਰਦਾ ਸੀ। ਤੀਸਰਾ, ਗੁਰੂ ਸਾਹਿਬ ਦੀ ਉੱਚੇ ਰੱਬੀ ਪੁਰਸ਼ ਹੋਣ ਦੀ ਸ਼ੁਹਰਤ ਦੂਰ-ਦੂਰ ਤਕ ਫੈਲੀ ਸੀ। ਇਸ ਲਈ ਕਸ਼ਮੀਰੀ ਬ੍ਰਾਹਮਣ ਗੁਰੂ ਜੀ ਕੋਲ ਫਰਿਆਦ ਲੈ ਕੇ ਆਏ ਸਨ।

ਗੁਰੂ ਜੀ ਤੇ ਕਸ਼ਮੀਰੀ ਬ੍ਰਾਹਮਣਾਂ ਦੀ ਮੁਲਾਕਾਤ ਦੀ ਖ਼ਬਰ ਔਰੰਗਜ਼ੇਬ ਤਕ ਪੁੱਜੀ। ਉਸ ਨੇ ਗੁਰੂ ਜੀ ਦੀ ਪੰਡਤਾਂ ਪ੍ਰਤੀ ਹਮਦਰਦੀ ਵਾਲੀ ਭਾਵਨਾ ਨੂੰ ਆਪਣੀ ਧਾਰਮਿਕ ਨੀਤੀ 'ਚ ਰੁਕਾਵਟ ਸਮਝਿਆ ਤੇ ਹਸਨ ਅਬਦਾਲ ਤੋਂ ਗੁਰੂ ਜੀ ਨੂੰ ਕੈਦ ਕਰਨ ਦਾ ਹੁਕਮ ਦਿੱਤਾ। ਔਰੰਗਜ਼ੇਬ ਨੇ ਲਾਹੌਰ ਦੇ ਗਵਰਨਰ ਨੂੰ ਹੁਕਮ ਭੇਜਿਆ। ਉਸ ਨੇ ਇਹ ਹੁਕਮ ਸਰਹਿੰਦ ਦੇ ਫ਼ੌਜਦਾਰ ਦਿਲਾਵਰ ਖ਼ਾਂ ਨੂੰ ਦਿੱਤਾ, ਜਿਸ ਨੇ ਰੋਪੜ ਦੇ ਕੋਤਵਾਲ ਮਿਰਜ਼ਾ ਨੂਰ ਮੁਹੰਮਦ ਖ਼ਾਂ ਤਕ ਪਹੁੰਚਾਇਆ ਪਰ ਇਹ ਗੱਲ ਲੋਕਾਂ ਤੋਂ ਖੁਫ਼ੀਆ ਰੱਖੀ ਗਈ ਤਾਂ ਕਿ ਕੋਈ ਰੁਕਾਵਟ ਨਾ ਪਵੇ।

ਗੁਰੂ ਜੀ ਅਨੰਦਪੁਰ ਤੋਂ ਪ੍ਰਚਾਰ ਕਰਦੇ ਹੋਏ ਜਦ ਰੋਪੜ ਲਾਗੇ ਪਿੰਡ ਮਲਕਪੁਰ ਰੰਘੜਾਂ ਪੁੱਜੇ ਤਾਂ ਕੋਤਵਾਲ ਨੂੰ ਸੂਹੀਆਂ ਰਾਹੀਂ ਪਤਾ ਲੱਗਣ 'ਤੇ ਉਸ ਨੇ ਗੁਰੂ ਜੀ ਨੂੰ ਗ੍ਰਿਫ਼ਤਾਰ ਕਰ ਲਿਆ। ਇਹ ਵਾਕਿਆ ਭੱਟ ਵਹੀ ਮੁਲਤਾਨੀ ਸਿੰਧੀ, ਖਾਤਾ ਬਲਉਤੋਂ ਕਾ 'ਚ ਵੀ ਦਰਜ ਹੈ। ਉਸ 'ਚ ਤਰੀਕ 12 ਸਾਵਣ, ਸੰਮਤ 1732 ਬਿਕਰਮੀ ਜਾਂ 12 ਜੁਲਾਈ 1675 ਹੈ, ਜੋ ਗੁਰੂ ਜੀ ਦੀ ਸ਼ਹੀਦੀ ਤੋਂ ਚਾਰ ਮਹੀਨੇ ਪਹਿਲਾਂ ਬਣਦੀ ਹੈ। ਪ੍ਰਚਲਤ ਵਿਚਾਰ ਹੈ ਕਿ ਗੁਰੂ ਸਾਹਿਬ ਨੂੰ ਆਗਰੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਪਰ ਉਕਤ ਲਿਖਤ ਤੋਂ ਇਲਾਵਾ ਕੋਇਰ ਸਿੰਘ ਪੁਸਤਕ 'ਗੁਰਬਿਲਾਸ ਪਾਤਸ਼ਾਹੀ ਦਸਵੀਂ' ਵਿਚ, ਸਰੂਪ ਦਾਸ ਭੱਲਾ 'ਮਹਿਮਾ ਪ੍ਰਕਾਸ਼' ਵਿਚ, ਬੀਰ ਸਿੰਘ ਬੱਲ 'ਸਿੰਘ ਸਾਗਰ' ਵਿਚ ਤੇ ਰਤਨ ਸਿੰਘ ਭੰਗੂ 'ਪ੍ਰਾਚੀਨ ਪੰਥ ਪ੍ਰਕਾਸ਼' 'ਚ ਲਿਖਦੇ ਹਨ ਕਿ ਗੁਰੂ ਸਾਹਿਬ ਆਗਰਾ ਨਹੀਂ ਬਲਕਿ ਸਿੱਧੇ ਦਿੱਲੀ ਲਿਜਾਏ ਗਏ। ਗੁਰੂ ਜੀ ਨੂੰ ਕੈਦ ਕਰ ਕੇ ਸਰਹਿੰਦ ਵਿਖੇ ਰੱਖਿਆ ਗਿਆ। ਉੱਥੇ ਹੀ ਔਰੰਗਜ਼ੇਬ ਦੀ ਚਿੱਠੀ ਆਈ, ਜਿਸ 'ਚ ਕਰਾਮਾਤ ਕਰਨ, ਧਰਮ ਬਦਲਣ ਤੇ ਮੌਤ 'ਚੋਂ ਕਿਸੇ ਇਕ ਨੂੰ ਚੁਣਨ ਲਈ ਕਿਹਾ ਗਿਆ। ਬਾਦਸ਼ਾਹ ਦੇ ਹੁਕਮ 'ਤੇ 5 ਜਾਂ 6 ਨਵੰਬਰ 1675 ਨੂੰ ਗੁਰੂ ਸਾਹਿਬ ਨੂੰ ਦਿੱਲੀ ਲਿਜਾਇਆ ਗਿਆ। ਦਿੱਲੀ ਦੇ ਸੂਬੇਦਾਰ ਤੇ ਸ਼ਾਹੀ ਕਾਜ਼ੀ ਨੇ ਗੁਰੂ ਜੀ ਨੂੰ ਮੁਸਲਮਾਨ ਬਣ ਜਾਣ ਲਈ ਪੂਰੀ ਵਾਹ ਲਾਈ ਪਰ ਗੁਰੂ ਜੀ ਅਡੋਲ ਰਹੇ। ਤਸੀਹੇ ਦਿੱਤੇ ਗਏ ਤੇ 11 ਨਵੰਬਰ 1675 ਨੂੰ ਗੁਰੂ ਸਾਹਿਬ ਦੇ ਸਾਥੀਆਂ ਭਾਈ ਮਤੀ ਦਾਸ ਜੀ ਨੂੰ ਆਰੇ ਨਾਲ ਚੀਰ ਕੇ, ਭਾਈ ਦਿਆਲਾ ਜੀ ਨੂੰ ਦੇਗ 'ਚ ਉਬਾਲ ਕੇ ਤੇ ਭਾਈ ਸਤੀ ਦਾਸ ਜੀ ਨੂੰ ਰੂੰ 'ਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕੀਤਾ ਗਿਆ। ਇਨ੍ਹਾਂ ਗੁਰਸਿੱਖਾਂ ਨੇ 'ਵਾਹਿਗੁਰੂ' ਨਾਮ ਉਚਾਰਦਿਆਂ ਸ਼ਹਾਦਤ ਪ੍ਰਾਪਤ ਕੀਤੀ। ਗੁਰੂ ਤੇਗ ਬਹਾਦਰ ਜੀ ਅੱਗੇ ਉਹੀ ਸ਼ਰਤਾਂ ਰੱਖੀਆਂ ਗਈਆਂ ਪਰ ਗੁਰੂ ਜੀ ਨੇ ਜਬਰ ਦੇ ਸਾਹਮਣੇ ਨਾ ਝੁਕਦਿਆਂ ਪ੍ਰਾਣਾਂ ਦੀ ਆਹੂਤੀ ਦਿੱਤੀ। ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦਾਂ ਵਿਚ :

ਠੀਕਰਿ ਫੋਰਿ ਦਿਲੀਸ ਸਿਰਿ ਪ੍ਰਭ ਪੁਰਿ ਕੀਯਾ ਪਯਾਨ

ਤੇਗਬਹਾਦਰ ਸੀ ਕ੍ਰਿਆ ਕਰੀ ਨ ਕਿਨਹੂੰ ਆਨ

ਤੇਗਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ

ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ

ਜੱਲਾਦ ਜਲਾਲਉਦੀਨ ਨੇ ਚਾਂਦਨੀ ਚੌਕ 'ਚ ਗੁਰੂ ਜੀ ਦਾ ਸੀਸ ਧੜ ਤੋਂ ਅਲੱਗ ਕਰ ਕੇ ਸ਼ਹੀਦ ਕਰ ਦਿੱਤਾ। ਗੁਰੂ ਜੀ ਦਾ ਸੀਸ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਲੈ ਆਏ ਤੇ ਗੁਰਦੁਆਰਾ ਸੀਸ ਗੰਜ ਵਾਲੇ ਅਸਥਾਨ 'ਤੇ ਸਸਕਾਰ ਕੀਤਾ ਗਿਆ। ਗੁਰੂ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰਾ ਆਪਣੇ ਘਰ ਲੈ ਗਿਆ ਤੇ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਜੀ ਦਾ ਸਸਕਾਰ ਕੀਤਾ। ਇਸ ਅਸਥਾਨ 'ਤੇ ਗੁਰਦੁਆਰਾ ਰਕਾਬਗੰਜ ਸਾਹਿਬ ਸੁਸ਼ੋਭਿਤ ਹੈ।

ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਸਾਕੇ ਪਿੱਛੇ ਰਾਜਸੀ ਕਾਰਨ ਨਹੀਂ ਸੀ ਸਗੋਂ ਬਾਦਸ਼ਾਹ ਔਰੰਗਜ਼ੇਬ ਦੀ ਕੱਟੜਤਾ ਸੀ, ਜਿਸ ਦੁਆਰਾ ਉਹ ਇਸ 'ਦਰਾਉਲ ਹਰਬ' (ਕਾਫ਼ਰਾਂ ਦੀ ਧਰਤੀ) ਨੂੰ 'ਦਰਾਉਲ ਇਸਲਾਮ' (ਮੋਮਨਾਂ ਦੀ ਧਰਤੀ) 'ਚ ਬਦਲਣਾਂ ਚਾਹੁੰਦਾ ਸੀ। ਉਹ ਮੰਦਰਾਂ ਨੂੰ ਢਾਹ ਕੇ ਮਸਜਿਦਾਂ ਬਣਾ ਰਿਹਾ ਸੀ। ਗੁਰੂ ਤੇਗ ਬਹਾਦਰ ਜੀ ਤਾਂ ਧਾਰਮਿਕ ਸੁਤੰਤਰਤਾ ਦਾ ਸੁਨੇਹਾ ਦਿੰਦੇ ਸਨ। ਉਹ ਸਦਾ ਇਨਸਾਫ਼, ਸੱਚਾਈ, ਦਲੇਰੀ ਤੇ ਦਿਆਨਤਦਾਰੀ ਵਾਲਾ ਜੀਵਨ ਜਿਊਂਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਦੇ ਸਨ।

ਗੁਰੂ ਗੋਬਿੰਦ ਸਿੰਘ ਜੀ ਨੇ ਇਸ ਸ਼ਹੀਦੀ ਬਾਰੇ 'ਬਚਿੱਤ੍ਰ ਨਾਟਕ' ਵਿਚ ਵਰਨਣ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਨੇ ਤਿਲਕ ਜੰਞੂ ਦੀ ਰੱਖਿਆ ਲਈ ਆਲੌਕਿਕ ਸਾਕਾ ਕਰ ਵਿਖਾਇਆ ਤੇ ਧਰਮ ਦੀ ਖ਼ਾਤਰ ਆਪਣੀ ਸ਼ਹੀਦੀ ਦਿੱਤੀ। ਉਨ੍ਹਾਂ ਸੀਸ ਦੇ ਦਿੱਤਾ ਪਰ ਅਸੂਲ ਨਹੀਂ ਤਿਆਗੇ।

ਤਿਲਕ ਜੰਞੂ ਰਾਖਾ ਪ੍ਰਭ ਤਾ ਕਾ

ਕੀਨੋ ਬਡੋ ਕਲੂ ਮਹਿ ਸਾਕਾ

ਧਰਮ ਹੇਤਿ ਸਾਕਾ ਜਿਨਿ ਕੀਆ

ਸੀਸੁ ਦੀਆ ਪਰ ਸਿਰਰੁ ਨ ਦੀਆ

- ਕੰਵਲਦੀਪ ਸਿੰਘ

Posted By: Harjinder Sodhi