ਜੇਐੱਨਐੱਨ, ਉਜੈਨ : ਸ਼ਿਵ ਨੂੰ ਪਿਆਰਾ ਸਾਉਣ ਮਹੀਨਾ 300 ਸਾਲ ਬਾਅਦ ਦੁਰਲੱਭ ਸੰਯੋਗ 'ਚ ਆ ਰਿਹਾ ਹੈ। ਇਸ ਮਹੀਨੇ ਦਾ ਆਰੰਭ ਸੋਮਵਾਰ ਦੇ ਦਿਨ ਉੱਤਰ ਹਾੜ ਨਛੱਤਰ 'ਚ ਹੋਵੇਗਾ। ਇਕ ਮਹੀਨੇ ਅੰਦਰ ਪੰਜ ਸੋਮਵਾਰ, ਦੋ ਸ਼ਨੀ ਪ੍ਰਦੋਸ਼ ਤੇ ਹਰਿਆਲੀ ਸੋਮਵਤੀ ਮੱਸਿਆ ਦਾ ਆਉਣਾ ਆਪਣੇ-ਆਪ 'ਚ ਅਦਭੁੱਤ ਹੈ। ਜੋਤਸ਼ੀਆਂ ਅਨੁਸਾਰ ਸਾਉਣ ਮਹੀਨੇ ਗ੍ਰਹਿ, ਨਛੱਤਰ ਤੇ ਤਿਥੀਆਂ ਦਾ ਅਜਿਹਾ ਖ਼ਾਸ ਸੰਯੋਗ ਬੀਤੀਆਂ ਤਿੰਨ ਸਦੀਆਂ 'ਚ ਨਹੀਂ ਬਣਿਆ।

ਮਹਾਕਾਲੇਸ਼ਵਰ ਜੋਤਿਰਲਿੰਗ ਦੀ ਪੂਜਾ ਪਰੰਪਰਾ 'ਚ ਸ਼ਨੀ ਪ੍ਰਦੋਸ਼ ਵਿਸ਼ੇਸ਼ ਹੈ। ਇਸ ਦਿਨ ਭਗਵਾਨ ਮਹਾਕਾਲ ਵਰਤ ਰੱਖਦੇ ਹਨ। ਜੋਤਿਸ਼ ਆਚਾਰੀਆ ਪੰਡਤ ਅਮਰ ਡੱਬਾਵਾਲਾ ਅਨੁਸਾਰ ਪੰਚਾਂਗੀਯ ਗਣਨਾ, ਉਜਯਨੀ ਦੇ ਜ਼ੀਰੋ ਰੇਖਾਂਸ਼ ਦਾ ਗਣਿਤ ਤੇ ਨਛੱਤਰ ਮੇਖਲਾ ਦੀ ਇਕਾਈ ਗਣਨਾ ਅਨੁਸਾਰ ਦੇਖੀਏ ਤਾਂ ਇਸ ਵਾਰ ਸਾਉਣ ਮਹੀਨੇ ਦਾ ਆਰੰਭ ਤੇ ਸਮਾਪਤੀ ਸੋਮਵਾਰ ਵਾਲੇ ਦਿਨ ਉੱਤਰ ਹਾੜ ਨਛੱਤਰ 'ਚ ਹੋਵੇਗੀ। ਇਹ ਨਛੱਤਰ ਕਾਰਜਾਂ ਦੀ ਸਿੱਧੀ ਲਈ ਸਰਬੋਤਮ ਮੰਨਿਆ ਜਾਂਦਾ ਹੈ। 13 ਜੁਲਾਈ ਨੂੰ ਦੂਸਰੇ ਸੋਮਵਾਰ 'ਤੇ ਰੇਵਤੀ ਨਛੱਤਰ, ਸੁਕਰਮਾ ਯੋਗ, ਕੋਲਵ ਕਰਨ ਦਾ ਸਾਂਝਾ ਕ੍ਰਮ ਰਹੇਗਾ। ਇਹ ਸਥਿਤੀ ਭਗਤਾਂ ਨੂੰ ਮਨਚਾਹੇ ਫਲ ਦੀ ਪ੍ਰਾਪਤੀ ਲਈ ਧਾਰਮਿਕ ਕਾਰਜਾਂ ਦਾ ਪੰਜ ਗੁਣਾ ਸ਼ੁੱਭ ਫਲ ਦੇਵੇਗੀ। 20 ਜੁਲਾਈ ਨੂੰ ਹਰਿਆਲੀ ਸੋਮਵਤੀ ਮੱਸਿਆ 'ਤੇ ਪੁਨਰਵਸੂ ਨਛੱਤਰ ਤੋਂ ਬਾਅਦ ਰਾਤ ਨੂੰ 9.22 ਵਜੇ ਤੋਂ ਪੁਸ਼ਯ ਨਛੱਤਰ ਰਹੇਗਾ।

ਰੱਖੜੀ 'ਤੇ ਦਿਨ ਭਰ ਹੈ ਸਾਉਣ ਨਛੱਤਰ

ਸੋਮਵਾਰ ਵਾਲੇ ਦਿਨ ਪੁਸ਼ਯ ਨਛੱਰਤ ਦਾ ਆਉਣਾ ਸੋਮ ਪੁਸ਼ਯ ਅਖਵਾਉਂਦਾ ਹੈ। ਮੱਸਿਆ ਦੀ ਰਾਤ ਸੋਮਪੁਸ਼ਯ ਦੇ ਨਾਲ ਸਰਵਾਰਥਸਿੱਧੀ ਯੋਗ ਮੱਧ ਰਾਤ ਸਾਧਨਾ ਲਈ ਵਿਸ਼ੇਸ਼ ਹੈ। 27 ਜੁਲਾਈ ਨੂੰ ਚੌਥੇ ਸੋਮਵਾਰ 'ਤੇ ਸਪਤਮੀ ਉਪਰੰਤ ਅਸ਼ਟਮੀ ਤਿਥੀ ਰਹੇਗੀ। ਨਾਲ ਹੀ ਚਿੱਤਰਾ ਨਛੱਤਰ ਤੇ ਸਾਧਨਾ ਯੋਗ ਹੋਣ ਨਾਲ ਇਹ ਸੋਮਵਾਰ ਸੰਕਲਪ ਸਿੱਧੀ ਤੇ ਮੁਸ਼ਕਲਾਂ ਤੋਂ ਛੁਟਕਾਰੇ ਲਈ ਖਾਸ ਦੱਸਿਆ ਗਿਆ ਹੈ। ਰੱਖੜੀ 'ਤੇ ਦਿਨਭਰ ਸਾਉਣ ਨਛੱਤਰ ਸਾਉਣ ਪੁੰਨਿਆ ਰੱਖੜੀ 'ਤੇ ਸਵੇਰੇ ਉੱਤਰ ਹਾੜ ਤੋਂ ਬਾਅਦ ਸਾਉਣ ਨਛੱਤਰ ਰਹੇਗਾ। ਤਿੰਨ ਅਗਸਤ ਨੂੰ ਰੱਖੜੀ 'ਤੇ ਸਾਉਣ ਨਛੱਤਰ ਦਾ ਹੋਣਾ ਮਹਾ ਸ਼ੁੱਭ ਫਲਦਾਈ ਮੰਨਿਆ ਜਾਂਦਾ ਹੈ। ਇਸ ਨਛੱਤਰ 'ਚ ਭਰਾ ਦੇ ਗੁੱਟ 'ਤੇ ਰੱਖੜੀ ਬੰਨ੍ਹਣ ਨਾਲ ਭਰਾ-ਭੈਣ ਦੋਵਾਂ ਲਈ ਇਹ ਲੰਬੀ ਉਮਰ ਤੇ ਸੁੱਖ-ਖੁਸ਼ਹਾਲੀ ਦਾ ਕਾਰਕ ਮੰਨਿਆ ਗਿਆ ਹੈ।

ਸਵੇਰੇ ਫਲਾਹਾਰ...ਸ਼ਾਮ ਨੂੰ ਪ੍ਰਸ਼ਾਦ

ਮਹਾਕਾਲ ਮੰਦਰ ਦੇ ਪੰਡਤ ਮਹੇਸ਼ ਪੁਜਾਰੀ ਨੇ ਦੱਸਿਆ ਕਿ ਆਮ ਦਿਨਾਂ 'ਚ ਸਵੇਰੇ 10.30 ਵਜੇ ਭੋਗ ਆਰਤੀ 'ਚ ਭਗਵਾਨ ਨੂੰ ਦਾਲ, ਚਾਵਲ, ਰੋਟੀ, ਸਬਜ਼ੀ, ਮਠਿਆਈ ਆਦਿ ਦਾ ਭੋਗ ਲਾਇਆ ਜਾਂਦਾ ਹੈ ਪਰ ਸ਼ਨੀ ਪ੍ਰਦੋਸ਼ 'ਤੇ ਅਵੰਤੀਕਾਨਾਥ ਵਰਤ ਰੱਖਦੇ ਹਨ। ਇਸ ਦਿਨ ਸਵੇਰੇ ਭੋਗ ਆਰਤੀ 'ਚ ਭਗਵਾਨ ਨੂੰ ਫਲਾਹਾਰ 'ਚ ਦੁੱਧ ਚੜ੍ਹਾਇਆ ਜਾਂਦਾ ਹੈ। ਸ਼ਾਮ 7.30 ਵਜੇ ਸੰਧਿਆ ਆਰਤੀ 'ਚ ਭਗਵਾਨ ਨੂੰ ਵੱਖ-ਵੱਖ ਪਦਾਰਥਾਂ ਦਾ ਭੋਗ ਲਾਇਆ ਜਾਂਦਾ ਹੈ। ਸਵੇਰੇ ਮੰਦਰ ਦੇ ਗਰਭਗ੍ਰਹਿ 'ਚ 11 ਬ੍ਰਾਹਮਣ ਵੇਦ ਮੰਤਰਾਂ ਨਾਲ ਭਗਵਾਨ ਦੀ ਪੂਜਾ ਕਰਦੇ ਹਨ। ਇਸ ਵਾਰ ਸਾਉਣ ਮਹੀਨੇ 18 ਜੁਲਾਈ ਤੇ ਇਕ ਅਗਸਤ ਨੂੰ ਦੋ ਦਿਨ ਸ਼ਨੀ ਪ੍ਰਦੋਸ਼ ਦਾ ਸੰਯੋਗ ਬਣ ਰਿਹਾ ਹੈ। ਸਾਉਣ 'ਚ ਇਕੱਠੇ ਦੋ ਸ਼ਨੀ ਪ੍ਰਦੋਸ਼ ਸ਼ਿਵ ਸਾਧਨਾ, ਉਪਾਸਨਾ ਦੀ ਦ੍ਰਿਸ਼ਟੀ ਤੋਂ ਮਹੱਤਵਪੂਰਨ ਮੰਨੇ ਗਏ ਹਨ।

Posted By: Seema Anand