ਸਤਿਗੁਰ ਦਇਆ ਨਾਲ ਭਰਪੂਰ ਹੁੰਦੇ ਹਨ। ਉਹ ਸਾਨੂੰ ਤਕਲੀਫ਼ ਵਿਚ ਨਹੀਂ ਦੇਖ ਸਕਦੇ। ਉਹ ਸਾਡੇ ਅੰਦਰ ਪ੍ਰਗਟ ਹੁੰਦੇ ਹਨ ਅਤੇ ਸਾਨੂੰ ਪ੍ਰੇਮ ਨਾਲ ਗਲੇ ਲਗਾ ਕੇ ਰੋਸ਼ਨੀ ਦੇ ਵਿਚਕਾਰ ਲੈ ਜਾਂਦੇ ਹਨ। ਸਤਿਗੁਰੂ ਸਾਨੂੰ ਕਰਮਾਂ ਦੇ ਚਿੱਕੜ ਤੋਂ ਦੂਰ ਰਹਿਣ ਦੀ ਸਿੱਖਿਆ ਦੇਣ ਲਈ ਇਸ ਸੰਸਾਰ ਵਿਚ ਆਉਂਦੇ ਹਨ। ਉਹ ਚਾਹੁੰਦੇ ਹਨ ਕਿ ਅਸੀਂ ਕਰਮਾਂ ਦੇ ਚੱਕਰ ਤੋਂ ਬਾਹਰ ਨਿਕਲੀਏ ਜਿਸ ਵਿਚ ਉਲਝ ਕੇ ਅਸੀਂ ਵਾਰ-ਵਾਰ ਇਸ ਸੰਸਾਰ ਵਿਚ ਆਉਂਦੇ ਹਾਂ। ਉਹ ਚਾਹੁੰਦੇ ਹਨ ਕਿ ਅਸੀਂ ਆਪਣੇ ਸੱਚੇ ਪਿਤਾ ਦੇ ਘਰ ਵਾਪਸ ਜਾਈਏ ਜਿੱਥੇ ਕਿਸੇ ਤਰ੍ਹਾਂ ਦੀ ਤਕਲੀਫ਼ ਜਾਂ ਮੌਤ ਨਹੀਂ ਹੈ। ਸਾਡੇ ਜੀਵਨ ਕਾਲ ਦੌਰਾਨ ਵੀ ਸਤਿਗੁਰੂ ਸਾਨੂੰ ਕਈ ਤਰ੍ਹਾਂ ਦੇ ਖ਼ਤਰਿਆਂ ਤੋਂ ਬਚਾਉਂਦੇ ਹਨ। ਅਸੀਂ ਉਨ੍ਹਾਂ ਦੁਆਰਾ ਦਿੱਤੀ ਗਈ ਹਰ ਮਦਦ ਤੋਂ ਜਾਣੂ ਵੀ ਨਹੀਂ ਹੁੰਦੇ।

ਸਾਡੀ ਹਰ ਤਰ੍ਹਾਂ ਦੀ ਮਦਦ ਕਰਨ ਲਈ ਸਤਿਗੁਰੂ ਸਦਾ ਸਾਡੇ ਅੰਗ-ਸੰਗ ਰਹਿੰਦੇ ਹਨ, ਜਦ ਤਕ ਕਿ ਅਸੀਂ ਪਰਮਾਤਮਾ ਵਿਚ ਜਾ ਕੇ ਲੀਨ ਨਹੀਂ ਹੋ ਜਾਂਦੇ। ਇਕ ਵਾਰ ਜਦ ਸਾਨੂੰ ਪੂਰਨ ਸਤਿਗੁਰੂ ਦੁਆਰਾ ਨਾਮਦਾਨ ਮਿਲ ਜਾਂਦਾ ਹੈ, ਤਾਂ ਉਹ ਸਾਡੇ ਦਿੱਵਿਆ ਚਕਸ਼ੂ ਜਾਂ ਤੀਜੇ ਨੇਤਰ 'ਤੇ ਬਿਰਾਜਮਾਨ ਹੋ ਜਾਂਦੇ ਹਨ ਅਤੇ ਫਿਰ ਜੀਵਨ ਦੇ ਹਰੇਕ ਪਹਿਲੂ ਵਿਚ ਸਾਨੂੰ ਸਹਾਇਤਾ ਪ੍ਰਦਾਨ ਕਰਦੇ ਹਨ। ਸਤਿਗੁਰੂ ਸਾਡੇ ਸੱਚੇ ਨਿਰ-ਸਵਾਰਥ ਸਹਾਈ ਹੁੰਦੇ ਹਨ ਅਤੇ ਸਾਡੀ ਮਦਦ ਕਰਨ ਦੇ ਬਦਲੇ ਆਪਣੇ ਲਈ ਕੋਈ ਵੀ ਇਨਾਮ ਜਾਂ ਕਿਸੇ ਵੀ ਤਰ੍ਹਾਂ ਦਾ ਨਾਮ ਜਾਂ ਜਸ ਨਹੀਂ ਚਾਹੁੰਦੇ। ਉਹ ਸਾਡੀ ਮਦਦ ਕਰਦੇ ਹਨ ਕਿਉਂਕਿ ਉਹ ਸਾਡੇ ਨਾਲ ਪ੍ਰੇਮ ਕਰਦੇ ਹਨ ਅਤੇ ਉਨ੍ਹਾਂ ਦਾ ਆਪਣਾ ਹਿਰਦਾ ਪ੍ਰਭੂ-ਪ੍ਰੇਮ ਨਾਲ ਭਰਪੂਰ ਹੁੰਦਾ ਹੈ। ਜੇ ਅਸੀਂ ਇਸ ਮਨੁੱਖੀ ਚੋਲੇ ਦੇ ਮਕਸਦ ਨੂੰ ਪੂਰਾ ਕਰਨਾ ਚਾਹੁੰਦੇ ਹਾਂ ਅਤੇ ਆਪਣੀ ਆਤਮਾ ਦਾ ਮਿਲਾਪ ਪਰਮਾਤਮਾ ਵਿਚ ਕਰਵਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇਕ ਪੂਰਨ ਸਤਿਗੁਰੂ ਦੇ ਚਰਨ ਕਮਲਾਂ ਵਿਚ ਆਉਣਾ ਹੀ ਹੋਵੇਗਾ। ਸਾਨੂੰ ਪ੍ਰਭੂ ਨੂੰ ਇਹੀ ਪ੍ਰਾਰਥਨਾ ਕਰਨੀ ਚਾਹੀਦੀ ਹੈ ਕਿ ਉਹ ਸਾਨੂੰ ਛੇਤੀ ਤੋਂ ਛੇਤੀ ਵਕਤ ਦੇ ਪੂਰਨ ਸਤਿਗੁਰੂ ਦੀ ਸ਼ਰਨ ਵਿਚ ਪਹੁੰਚਾ ਦੇਣ ਤਾਂ ਜੋ ਉਨ੍ਹਾਂ ਦੇ ਸਮਰੱਥ ਮਾਰਗਦਰਸ਼ਨ ਵਿਚ ਅਸੀਂ ਜਲਦ ਤੋਂ ਜਲਦ ਆਪਣੀ ਰੂਹਾਨੀ ਯਾਤਰਾ ਪੂਰੀ ਕਰ ਲਈਏ ਅਤੇ ਆਪਣੇ ਨਿੱਜ ਧਾਮ ਵਿਚ ਵਾਪਸ ਪੁੱਜ ਕੇ ਸਦਾ-ਸਦਾ ਲਈ ਪ੍ਰਭੂ ਵਿਚ ਲੀਨ ਹੋ ਜਾਈਏ।

Posted By: Sunil Thapa