ਜੇਐੱਨਐੱਨ, ਪ੍ਰਯਾਗਰਾਜ : ਅਯੁੱਧਿਆ ਤੇ ਭਗਵਾਨ ਸ਼੍ਰੀ ਰਾਮ ਬਾਰੇ ਨੇਪਾਲੀ ਪ੍ਰਧਾਨ ਮੰਤਰੀ ਓਲੀ ਦੇ ਬਿਆਨ 'ਤੇ ਸੰਤ ਸਮਾਜ ਨਾਰਾਜ਼ ਹੋ ਗਿਆ ਹੈ ਤੇ ਉਨ੍ਹਾਂ ਦੇ ਬਿਆਨ ਦੀ ਨਿੰਦਾ ਕੀਤੀ ਗਈ ਹੈ। ਅਖਿਲ ਭਾਰਤੀ ਅਖਾੜਾ ਪ੍ਰਰੀਸ਼ਦ ਦੇ ਮੁਖੀ ਮਹੰਤ ਨਰਿੰਦਰ ਗਿਰੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਧਿਕਾਰਿਤ ਤੌਰ 'ਤੇ ਵਿਰੋਧ ਦਰਜ ਕਰਵਾਉਣ ਦੀ ਬੇਨਤੀ ਕੀਤੀ ਹੈ। ਸ਼੍ਰੀ ਰਾਮ ਜਨਮ ਭੂਮੀ ਤੀਰਥ ਅਸਥਾਨ ਟਰੱਸਟ ਦੇ ਮੈਂਬਰ ਸਵਾਮੀ ਵਾਸੁਦੇਵਾਨੰਦ ਸਰਸਵਤੀ ਨੇ ਵੀ ਓਲੀ ਦੇ ਬਿਆਨ ਦੀ ਨਿੰਦਾ ਕੀਤੀ ਹੈ। ਸੋਮਵਾਰ ਨੂੰ ਓਲੀ ਨੇ ਆਪਣੇ ਬਿਆਨ 'ਚ ਕਿਹਾ ਸੀ ਕਿ ਅਸਲੀ ਅਯੁੱਧਿਆ ਨੇਪਾਲ 'ਚ ਹੈ ਤੇ ਸ਼੍ਰੀ ਰਾਮ ਨੇਪਾਲੀ ਸਨ।

ਸਵਾਮੀ ਵਾਸੁਵੇਦਾਨੰਦ ਸਰਸਵਤੀ ਨੇ ਕਿਹਾ ਕਿ ਸ਼੍ਰੀ ਰਾਮ ਦੀ ਹੋਂਦ ਨੂੰ ਨਕਾਰਨ ਵਾਲੇ ਲੋਕਾਂ ਦੀ ਬੁੱਧੀ 'ਤੇ ਤਰਸ ਆਉਂਦਾ ਹੈ। ਅਯੁੱਧਿਆ ਦਾ ਜ਼ਿਕਰ ਕਈ ਧਾਰਮਿਕ ਗ੍ੰਥਾਂ 'ਚ ਪ੍ਰਮੁੱਖਤਾ ਨਾਲ ਹੈ। ਉਹ ਹਰ ਪੱਧਰ 'ਤੇ ਪ੍ਰਮਾਣਿਤ ਹੈ, ਉਸ ਦੇ ਬਾਵਜੂਦ ਸ਼੍ਰੀ ਰਾਮ ਨੂੰ ਨੇਪਾਲੀ ਦੱਸਣਾ ਨਿੰਦਣਯੋਗ ਹੈ। ਅਖਾੜਾ ਪ੍ਰਰੀਸ਼ਦ ਦੇ ਪ੍ਰਧਾਨ ਮਹੰਤ ਨਰਿੰਦਰ ਗਿਰੀ ਨੇ ਕਿਹਾ ਕਿ ਚੀਨ ਦੇ ਹੱਥਾਂ 'ਚ ਖੇਡ ਰਹੇ ਓਲੀ ਦੀ ਬੁੱਧੀ ਭਿ੍ਸ਼ਟ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਓਲੀ ਜਿੰਨੇ ਦਿਨ ਸੱਤਾ 'ਚ ਰਹਿਣਗੇ ਨੇਪਾਲ ਤੇ ਨੇਪਾਲੀਆਂ ਦਾ ਉਨ੍ਹਾਂ ਹੀ ਨੁਕਸਾਨ ਕਰਨਗੇ। ਨੇਪਾਲੀ ਪ੍ਰਧਾਨ ਮੰਤਰੀ ਆਪਣੀ ਬਿਆਨ ਲਈ ਮਾਫ਼ੀ ਮੰਗਣ।

ਜੂਨਾ ਅਖਾੜਾ ਦੇ ਮੁੱਖ ਸਰਪ੍ਰਸਤ ਤੇ ਅਖਾੜਾ ਪ੍ਰਰੀਸ਼ਦ ਦੇ ਮਹਾਮੰਤਰੀ ਮਹੰਤ ਹਰਿਗਿਰੀ ਨੇ ਕਿਹਾ ਕਿ ਅਸੀਂ ਕਦੇ ਵੀ ਨੇਪਾਲ ਨੂੰ ਵੱਖਰਾ ਦੇਸ਼ ਨਹੀਂ ਮੰਨਿਆ ਪਰ ਓਲੀ ਕੜਵਾਹਟ ਪੈਦਾ ਕਰ ਰਹੇ ਹਨ ਤੇ ਉੱਥੋਂ ਦੀ ਜਨਤਾ ਨੂੰ ਉਨ੍ਹਾਂ ਨੂੰ ਜਲਦ ਸੱਤਾ ਤੋਂ ਹਟਾ ਦੇਣਾ ਚਾਹੀਦਾ ਹੈ। ਸਵਾਮੀ ਓਂਕਾਰਾਨੰਦ ਸਰਸਵਤੀ ਨੇ ਕਿਹਾ ਕਿ ਕੇਂਦਰ ਸਰਕਾਰ ਚੀਨ ਦੀ ਭਾਸ਼ਾ ਬੋਲ ਰਹੇ ਓਲੀ ਦੇ ਬਿਆਨ ਦੀ ਅਣਦੇਖੀ ਕਰਨ ਦੀ ਬਜਾਏ ਉਸ ਨੂੰ ਕਰਾਰਾ ਜਵਾਬ ਦੇਵੇ। ਨੇਪਾਲੀ ਮੂਲ ਦੇ ਖੀਮਾਨੰਦ ਨੇ ਕੇਪੀ ਸ਼ਰਮਾ ਓਲੀ ਦੇ ਬਿਆਨ ਨੂੰ ਗਲਤ ਦੱਸਿਆ। ਉਨ੍ਹਾਂ ਕਿਹਾ ਕਿ ਨੇਪਾਲੀਆਂ ਨੂੰ ਭਾਰਤ ਵਰਗਾ ਆਪਣਾਪਨ ਦੁਨੀਆ 'ਚ ਕਿਤੇ ਹੋਰ ਨਹੀਂ ਮਿਲ ਸਕਦਾ। ਚੀਨ, ਨੇਪਾਲ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ ਤੇ ਓਲੀ ਉਸਦਾ ਮੋਹਰਾ ਬਣੇ ਹਨ।